
-ਅਰਜਨ ਰਿਆੜ (ਮੁੱਖ ਸੰਪਾਦਕ)
ਜੁਰਮ ਨਾਲ ਸਬੰਧਿਤ ਘਟਨਾਵਾਂ ਤਾਂ ਆਦਿ ਕਾਲ ਤੋਂ ਹੀ ਹੁੰਦੀਆਂ ਆਈਆਂ ਹਨ, ਪਿਛਲੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਵੇਲੇ ਵੀ ਹੋਈਆਂ ਪਰ ਜਦੋਂ ਆਮ ਆਦਮੀ ਪਾਰਟੀ ਦੇ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਾਗਡੋਰ ਸੰਭਾਲੀ ਹੈ ਉਦੋਂ ਤੋਂ ਇਕ ਦਿਨ ਵੀ ਅਜਿਹਾ ਨਹੀਂ ਜਾਂਦਾ ਜਦੋਂ ਕਿ ਗੋਲੀ ਨਾ ਚੱਲੀ ਹੋਵੇ। ਮੁੱਖ ਮੰਤਰੀ ਭਗਵੰਤ ਮਾਨ ਹੋਏ ਬੀਤੇ ਤੋਂ ਕੁਝ ਵੀ ਸਿੱਖ ਨਹੀਂ ਰਹੇ। ਪਾਠਕਾਂ ਨੂੰ ਯਾਦ ਹੋਵੇਗਾ ਕਿ ਜਦੋਂ ਅਜੇ ਮਾਰਚ 2022 ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਖਟਕੜ ਕਲਾਂ ’ਚ ਤਾਜਪੋਸ਼ੀ ਹੋਣੀ ਹੀ ਸੀ ਤਾਂ ਉਸ ਤੋਂ ਦੋ ਕੁ ਦਿਨ ਪਹਿਲਾਂ 14 ਮਾਰਚ ਨੂੰ ਜ਼ਿਲ੍ਹਾ ਜਲੰਧਰ ਦੇ ਇਕ ਪਿੰਡ ਮੱਲ੍ਹੀਆਂ ਖੁਰਦ ’ਚ ਚੱਲ ਰਹੇ ਇਕ ਟੂਰਨਾਮੈਂਟ ’ਚ ਅਣਪਛਾਤੇ ਹਮਲਾਵਰਾਂ ਵਲੋਂ ਕਬੱਡੀ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਪੰਜਾਬ ’ਚ ਕਬੱਡੀ ਦੇ ਇਤਿਹਾਸ ’ਚ ਅਜਿਹੀ ਪਹਿਲੀ ਘਟਨਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਕਿ ਉਹ ਦੋਸ਼ੀਆਂ ਨੂੰ ਬਖਸ਼ਣਗੇ ਨਹੀਂ ਪਰ ਤੁਸੀਂ ਸਭ ਦੇਖਦੇ ਹੋ ਕਿ ਕਿਤੇ ਵੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਕੋਈ ਚਰਚਾ ਨਹੀਂ ਹੈ। ਸੱਤਾ ਸੰਭਾਲਦਿਆਂ ਹੀ ਭਗਵੰਤ ਮਾਨ ਦੇ ਅਮਲੇ ਫੈਲੇ ਨੇ ਫੈਸਲੇ ਲੈਣੇ ਸ਼ੁਰੂ ਕੀਤੇ ਅਤੇ ਇਕ ਫੈਸਲਾ ਲਿਆ ਕਿ ਵੀ.ਆਈ.ਪੀਜ਼. ਦੀ ਗੈਰ ਜ਼ਰੂਰੀ ਸੁਰੱਖਿਆ ਵਾਪਸ ਲਈ ਜਾਵੇਗੀ। ਸਭ ਤੋਂ ਵੱਡੀ ਗਲਤੀ ਇਹ ਕੀਤੀ ਕਿ ਸੁਰੱਖਿਆ ਵਾਪਸ ਲੈ ਕੇ ਮਸ਼ਹੂਰੀ ਕਰ ਦਿੱਤੀ ਗਈ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਵਿਸ਼ਵ ਵਿਚ ਪ੍ਰਸਿੱਧੀ ਹਾਸਲ ਕਰ ਚੁੱਕਾ ਨੌਜਵਾਨ ਸਰਦਾਰ ਗਾਇਕ ਸਿੱਧੂ ਮੂਸੇਵਾਲਾ ਅਣਪਛਾਤੇ ਹਮਲਾਵਰਾਂ ਵਲੋਂ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਤਾਂ ਚੱਲ ਸੋ ਚੱਲ, ਪੰਜਾਬ ਵਿਚ ਗੋਲੀਆਂ ਦਾ ਦੌਰ ਹੀ ਖ਼ਤਮ ਨਹੀਂ ਹੋ ਰਿਹਾ। ਪੰਜਾਬ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਹੋਵੇਗਾ ਜਿੱਥੇ ਭਗਵੰਤ ਮਾਨ ਦੀ ਸਰਕਾਰ ਦੌਰਾਨ ਗੋਲੀਆਂ ਮਾਰ ਕੇ ਕਤਲ ਨਾ ਕੀਤੇ ਗਏ ਹੋਣ। ਹੋਰਨਾਂ ਤੋਂ ਇਲਾਵਾ ਦੋ ਕੁ ਤਾਜ਼ੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ। ਬੀਤੇ ਦਿਨੀਂ ਮੋਗਾ ’ਚ ਕਬੱਡੀ ਖਿਡਾਰੀ ’ਤੇ ਦਿਨ ਦਿਹਾੜੇ ਉਸ ਦੇ ਘਰ ਵੜ ਕੇ ਹੀ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ। ਇਸ ਦੌਰਾਨ ਕਬੱਡੀ ਖਿਡਾਰੀ ਦੇ ਗੋਲੀ ਵੱਜੀ ਜਿਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਅਜੇ ਵੀ ਉਸ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਧੂਰਕੋਟ ਰਣਸੀਂਹ ’ਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਦੇ ਘਰ ਦੋ ਬਦਮਾਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਉਨਾਂ ਨੇ ਘਰ ਆ ਆਵਾਜ਼ ਲਗਾਈ ਜਿਸ ਤੋਂ ਬਾਅਦ ਬਿੰਦਰੂ ਬਾਹਰ ਗੇਟ ’ਤੇ ਆਇਆ ਤੇ ਬਦਮਾਸ਼ਾਂ ਨੇ ਆਉਂਦੇ ਸਾਰ ਹੀ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਹਰਵਿੰਦਰ ਸਿੰਘ ਦੀ ਲੱਤ ’ਚ ਵੱਜੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਬੱਡੀ ਖਿਡਾਰੀ ਬਿੰਦਰੂ ਪਿੰਡ ਧੂੜਕੋਟ ਰਣ ਸਿੰਘ ਦਾ ਰਹਿਣ ਵਾਲਾ ਹੈ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਵੀ ਜੁੜਿਆ ਹੋਇਆ ਹੈ।
ਦੂਜੀ ਘਟਨਾ ਅਨੁਸਾਰ ਸ਼ਹਿਰ ਬਰਨਾਲਾ ਦੇ ਸਥਾਨਕ 25 ਏਕੜ ਵਿਖੇ ਕਬੱਡੀ ਖਿਡਾਰੀਆਂ ਵਲੋਂ ਪੰਜਾਬ ਪੁਲਸ ਦੇ ਹੌਲਦਾਰ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਖਬਰਾਂ ਅਨੁਸਾਰ ਕਬੱਡੀ ਖਿਡਾਰੀ ਪੰਮਾ ਠੀਕਰੀਵਾਲ ਆਪਣੇ ਤਿੰਨ ਸਾਥੀਆਂ ਨਾਲ 25 ਏਕੜ ਵਿਖੇ ਇਕ ਚਿਕਨ ਕਾਰਨਰ ’ਤੇ ਸ਼ਰਾਬ ਪੀ ਰਿਹਾ ਸੀ, ਇਸ ਦੌਰਾਨ ਉੱਥੇ ਝਗੜਾ ਹੋ ਗਿਆ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਹੌਲਦਾਰ ਦਰਸ਼ਨ ਸਿੰਘ ਤਫ਼ਤੀਸ਼ ਕਰਨ ਲਈ ਉੱਥੇ ਪੁੱਜੇ ਤਾਂ ਉਨ੍ਹਾਂ ਦੀ ਕਬੱਡੀ ਖਿਡਾਰੀ ਪੰਮਾ ਅਤੇ ਉਸਦੇ ਸਾਥੀਆਂ ਨਾਲ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਹੌਲਦਾਰ ਉਨ੍ਹਾਂ ਨੂੰ ਥਾਣੇ ਚੱਲਣ ਲਈ ਕਹਿ ਰਹੇ ਸਨ ਤਾਂ ਕਬੱਡੀ ਖਿਡਾਰੀ ਪੰਮਾ ਅਤੇ ਉਸਦੇ ਤਿੰਨ ਸਾਥੀਆਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜ਼ਮੀਨ ’ਤੇ ਸੁੱਟ ਲਿਆ। ਇਸ ਕੁੱਟਮਾਰ ਵਿਚ ਹੌਲਦਾਰ ਦਰਸ਼ਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਸ ਫੋਰਸ ਮੌਕੇ ’ਤੇ ਪੁੱਜ ਗਈ ਅਤੇ ਲਾਸ਼ ਨੂੰ ਕਬਜੇ ’ਚ ਲੈ ਕੇ ਕਾਰਵਾਈ ਸ਼ੁਰੂ ਕੀਤੀ।
ਹੁਣ ਇੱਥੇ ਸਵਾਲ ਉੱਠਦਾ ਹੈ ਕਿ ਸ੍ਰ. ਭਗਵੰਤ ਮਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਜੇਲ੍ਹ ਅੰਦਰ ਕਰਨ ਲਈ ਤਾਂ ਕੋਈ ਵੀ ਮੌਕਾ ਨਹੀਂ ਖੁੰਝਾ ਰਹੇ। ਸੁਖਪਾਲ ਸਿੰਘ ਖਹਿਰਾ, ਮਨਪ੍ਰੀਤ ਸਿੰਘ ਬਾਦਲ, ਕੁਲਬੀਰ ਸਿੰਘ ਜ਼ੀਰਾ ਅਤੇ ਹੋਰ ਬਹੁਤ ਸਾਰੇ ਆਗੂਆਂ ਨੂੰ ਜਾਂ ਤਾਂ ਜੇਲ ਯਾਤਰਾ ਕਰਵਾ ਦਿੱਤੀ ਗਈ ਹੈ ਅਤੇ ਜਾਂ ਫਿਰ ਉਹਨਾਂ ਨੂੰ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਵਾ ਵਿਚ ਤਾਂ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਹਨ ਕਿ ਸੂਬੇ ਵਿਚ ਰਿਸ਼ਵਤਖੋਰੀ ਬੰਦ ਕੀਤੀ ਜਾ ਰਹੀ ਹੈ, ਭਿ੍ਰਸ਼ਟ ਅਧਿਕਾਰੀਆਂ ਦੀਆਂ ਗਿ੍ਰਫ਼ਤਾਰੀਆਂ ਵੀ ਬਹੁਤ ਦਿਖਾਈਆਂ ਜਾ ਰਹੀਆਂ ਹਨ ਪਰ ਵਿਦੇਸ਼ਾਂ ਵਿਚ ਵਸਦੇ ਪਾਠਕ ਆਪਣੇ ਰਿਸ਼ਤੇਦਾਰਾਂ ਤੋਂ ਖੁਦ ਤਸਦੀਕ ਕਰ ਸਕਦੇ ਹਨ ਕਿ ਕੀ ਪੰਜਾਬ ਵਿਚ ਸਰਕਾਰੀ ਦਫ਼ਤਰਾਂ ’ਚ ਰਿਸ਼ਵਤਖੋਰੀ ਨੂੰ ਕੋਈ ਫ਼ਰਕ ਪਿਆ? ਸਾਡ ਹਿਸਾਬ ਨਾਲ ਬਿਲਕੁਲ ਨਹੀਂ ਪਿਆ।
ਚਲੋ ਖੈਰ! ਬਾਕੀ ਸਭ ਗੱਲਾਂ ਤਾਂ ਬਰਦਾਸ਼ਤ ਹੋ ਜਾਂਦੀਆਂ ਹਨ ਪਰ ਜੇਕਰ ਜਾਨ ਹੀ ਨਾ ਰਹੀ ਤਾਂ ਕੁਝ ਵੀ ਨਹੀਂ ਰਹੇਗਾ। ਪੰਜਾਬ ਵਿਚ ਗੁੰਡਾ ਅਨਸਰਾਂ ਦੇ ਜਿਸ ਕਦਰ ਹੌਂਸਲੇ ਬੁਲੰਦ ਹਨ ਉਹ ਸਭ ਦੇ ਸਾਹਮਣੇ ਹਨ। ਸਿਆਣੇ ਕਹਿੰਦੇ ਹਨ ਕਿ ਜੇਕਰ ਤੁਸੀਂ ਗੁੰਡੇ ਦੀ ਮਦਦ ਕਰਦੇ ਹੋ ਤਾਂ ਇਕ ਨਾ ਇਕ ਦਿਨ ਉਹੀ ਗੁੰਡਾ ਤੁਹਾਡਾ ਨੁਕਸਾਨ ਜ਼ਰੂਰ ਕਰੇਗਾ। ਗੁੰਡਾ ਅਨਸਰਾਂ ਖਿਲਾਫ਼ ਕੋਈ ਸਖਤ ਕਾਰਵਾਈ ਨਾ ਕਰ ਕੇ ਪੰਜਾਬ ਸਰਕਾਰ ਅਸਲ ਵਿਚ ਉਹਨਾਂ ਦੀ ਮਦਦ ਹੀ ਕਰ ਰਹੀ ਹੈ ਤੇ ਇਹੀ ਗੁੰਡਾ ਅਨੁਸਾਰ ਹੁਣ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹੀ ਹੱਥ ਪਾਉਣ ਲੱਗ ਪਏ।
ਅਸਲ ਵਿਚ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਭਾਵੇਂ ਉਹ ਹੋਰ ਖੇਤਰਾਂ ਵਿਚ ਜਿੰਨਾ ਮਰਜ਼ੀ ਕੰਮ ਕਰ ਲੈਣ ਜੋ ਕਿ ਹੋਣਾ ਵੀ ਚਾਹੀਦਾ ਹੈ ਪਰ ਜੇਕਰ ਸੂਬੇ ਦੇ ਸੁਰੱਖਿਆ ਹਾਲਾਤ ਨਾ ਸੁਧਾਰੇ ਗਏ ਤਾਂ ਉਸ ਸਭ ਕਾਸੇ ਉੱਤੇ ਮਿੱਟੀ ਪੈ ਜਾਵੇਗੀ। ਇਸ ਲਈ ਪੰਜਾਬ ਪੁਲਿਸ ਨੂੰ ਇਹਨਾਂ ਗੁੰਡਾ ਅਨੁਸਾਰ ਨੂੰ ਕਾਬੂ ਕਰਨ ਅਤੇ ਇਹਨਾਂ ਦੇ ਹੌਂਸਲੇ ਪਸਤ ਕਰਨ ਲਈ ਵਿਸ਼ੇਸ਼ ਕਾਰਵਾਈ ਅਰੰਭਣ ਦੇ ਹੁਕਮ ਦੇਣੇ ਚਾਹੀਦੇ ਹਨ ਅਤੇ ਮੁੱਲਾਂਕਣ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਕਾਰਵਾਈ ਹੋਈ ਹੈ। ਲਾਇੰਸਸੀ ਹਥਿਆਰਾਂ ਵਾਲੇ ਲੋਕਾਂ ਨੂੰ ਤਾਂ ਪੁਲਿਸ ਵਲੋਂ ਵਾਰ ਵਾਰ ਤੰਗ ਕੀਤਾ ਜਾਂਦਾ ਹੈ ਪਰ ਗੁੰਡਾ ਅਨਸਰ ਹਥਿਆਰ ਲੈ ਕੇ ਪੂਰੇ ਪੰਜਾਬ ਹਰਲ-ਹਰਲ ਕਰਦੇ ਫ਼ਿਰਦੇ ਹਨ।
ਭਗਵੰਤ ਮਾਨ ਸਰਕਾਰ ਕੋਲ ਅਜੇ ਲਗਭਗ ਸਾਢੇ ਤਿੰਨ ਸਾਲ ਬਾਕੀ ਹਨ ਅਤੇ ਪਤਾ ਵੀ ਨਹੀਂ ਲੱਗੇਗਾ ਕਿ ਕਦੋਂ ਇਹ ਵੀ ਗੁਜ਼ਰ ਗਏ। ਸੋ ਅੱਜ ਤੋਂ ਹੀ ਪੰਜਾਬ ਦੇ ਸੁਰੱਖਿਆ ਹਾਲਾਤਾਂ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈ ਕੇ ਕਾਰਵਾਈ ਅਰੰਭਣੀ ਚਾਹੀਦੀ ਹੈ। ਜੇਕਰ ਇਸੇ ਤਰ੍ਹਾਂ ਹੀ ਰਿਹਾ ਤਾਂ ਸੂਬੇ ਦੇ ਹਾਲਾਤ ਖਰਾਬ ਹੋ ਜਾਣਗੇ ਅਤੇ ਕੇਂਦਰ ’ਚ ਬੈਠੀ ਮੋਦੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਬਹੁਤ ਵੱਡਾ ਮੁੱਦਾ ਮਿਲ ਜਾਵੇਗਾ। ਅੱਜ ਦੇ ਜੋ ਹਾਲਾਤ ਹਨ ਉਹ ਤਾਂ ਇਸ ਤਰ੍ਹਾਂ ਲੱਗਦੇ ਹਨ ਕਿ ਜਿਵੇਂ ਪੰਜਾਬ ਦੇ ਲੋਕ ਰੱਬ ਦੇ ਆਸਰੇ ਅਤੇ ਗੈਂਗਸਟਰਾਂ ਦੇ ਰਹਿਮੋ ਕਰਮ ਉੱਤੇ ਦਿਨ ਕੱਟ ਰਹੇ ਹਨ। ਸੋ ਭਗਵੰਤ ਮਾਨ ਨੂੰ ਹਾਲਾਤਾਂ ਦੀ ਨਬਜ਼ ਪਛਾਣਦਿਆਂ ਗੈਂਗਸਟਰਾਂ ਦੇ ਖ਼ਿਲਫ਼ ਹਰ ਹਾਲਤ ਵਿਚ ਕਾਰਵਾਈ ਕਰਨੀ ਹੀ ਚਾਹੀਦੀ ਹੈ। ਆਮੀਨ!