ਅੰਮ੍ਰਿਤਸਰ-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਛੇਹਰਟਾ ਵਿਖੇ ਸੂਬੇ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਦੋਵੇਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਤੋਂ ਸਿੱਖਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਦਾ ਆਗਾਜ਼ ਹੋ ਗਿਆ ਹੈ। ਇਸ ਮੌਕੇ ਭਗਵੰਤ ਮਾਨ ਨੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਦੂਰ-ਦੁਰਾਡੇ ਤੋਂ ਲਿਆਉਣ ਲਈ ਟਰਾਂਸਪੋਰਟ ਸਹੂਲਤ ਦੀ ਵੀ ਸ਼ੁਰੂਆਤ ਕੀਤੀ। ਇਸ ਸਬੰਧੀ ਤਿਆਰ ਕੀਤੀਆਂ ਗਈਆਂ ਸਕੂਲ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਹਰ ਪੰਦਰਾਂ ਦਿਨਾਂ ਬਾਅਦ ਸੂਬੇ ਵਿਚ ਇਕ ਨਵੇਂ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਹੋਵੇਗੀ ਅਤੇ ਸੂਬੇ ਭਰ ਵਿੱਚ ਸਾਰੇ ਸਰਕਾਰੀ ਸਕੂਲ ਇਸੇ ਤਰਜ਼ ’ਤੇ ਬਣਨਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ‘ਇਕ ਦੇਸ਼-ਇਕ ਸਿੱਖਿਆ’ ਦਾ ਨਾਅਰਾ ਦਿੱਤਾ ਹੈ, ਜਿਸ ਤਹਿਤ ਸਿੱਖਿਆ ਦੇ ਖੇਤਰ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ‘ਇਸ ਨਾਅਰੇ ਨੂੰ ਹੁਣ ਸਾਕਾਰ ਕੀਤਾ ਜਾ ਰਿਹਾ ਹੈ। ਇਸ ਨਾਲ ਸਰਕਾਰੀ ਸਕੂਲਾਂ ਵਿੱਚ ਜਲਦੀ ਹੋਰ ਦਾਖ਼ਲੇ ਵਧਣਗੇ।’ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਇਸ ਉਪਰਾਲੇ ਨਾਲ ਵਿਦਿਆਰਥੀਆਂ ਖਾਸ ਤੌਰ ਉਤੇ ਗਰੀਬ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਅਤੇ ਗਰੀਬ ਵਿਦਿਆਰਥੀਆਂ ਦੀ ਭਲਾਈ ਵਾਸਤੇ ਅਜਿਹੇ ਹੋਰ ਸਕੂਲ ਖੋਲ੍ਹੇ ਜਾਣਗੇ। ਇਸ ਮੌਕੇ ਦੋਵੇਂ ਮੁੱਖ ਮੰਤਰੀਆਂ ਨੇ ਜਮਾਤਾਂ ਦਾ ਦੌਰਾ ਕਰ ਕੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਛੇਹਰਟਾ ਵਿਖੇ ਸਕੂਲ ਦੀ ਇਮਾਰਤ ਨੂੰ ਨਵੀਂ ਦਿਖ ਦਿੱਤੀ ਗਈ ਹੈ। ਖੇਡ ਦੇ ਮੈਦਾਨਾਂ ਦੇ ਨਾਲ ਨਾਲ ਨਵੀਆਂ ਲੈਬਾਂ ਤਿਆਰ ਕੀਤੀਆਂ ਗਈਆਂ ਹਨ। ਜ਼ਿਲ੍ਹੇ ਵਿਚ ਛੇਹਰਟਾ ਸਕੂਲ ਸਮੇਤ 4 ਸਕੂਲ ਆਫ ਐਮੀਨੈਂਸ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਮਾਲ ਰੋਡ ਤੇ ਟਾਊਨ ਹਾਲ ਸਕੂਲ ਸ਼ਹਿਰ ਵਿਚ ਅਤੇ ਇਕ ਸਕੂਲ ਜੰਡਿਆਲਾ ਵਿਖੇ ਹੈ। ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਦੀਕਸ਼ਾ ਨੇ ਮੁੱਖ ਮੰਤਰੀਆਂ ਨੂੰ ਦੱਸਿਆ ਕਿ ਉਹ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ ਅਤੇ ਉਥੇ ਇਸ ਸਕੂਲ ਵਰਗੀਆਂ ਸਹੂਲਤਾਂ ਮੌਜੂਦ ਨਹੀਂ ਸਨ। ਉਸ ਨੇ ਇਸ ਸਕੂਲ ਦੀ ਸਥਾਪਨਾ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਕੁਝ ਅਧਿਆਪਕ ਅਜਿਹੇ ਵੀ ਮਿਲੇ, ਜਿਨ੍ਹਾਂ ਕਿਹਾ ਕਿ ਜੇਕਰ ਅਜਿਹਾ ਸਕੂਲ ਪਹਿਲਾਂ ਖੁਲ੍ਹਿਆ ਹੁੰਦਾ ਤਾਂ ਉਹ ਆਪਣੇ ਬੱਚੇ ਇਸੇ ਸਕੂਲ ’ਚ ਪੜ੍ਹਾਉਂਦੇ। ਦੋ ਹੋਰ ਵਿਦਿਆਰਥਣਾਂ ਆਰੀਅਨ ਤੇ ਸਾਨੀਆ ਨੇ ਕਿਹਾ ਕਿ ਇਹ ਅਤਿ ਆਧੁਨਿਕ ਕਲਾਸ ਰੂਮ ਅਤੇ ਲੈਬਾਰਟਰੀਆਂ ਵਾਲਾ ਸਕੂਲ ਉਨ੍ਹਾਂ ਦੇ ਸੁਫ਼ਨਿਆਂ ਦਾ ਸਕੂਲ ਹੈ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਸਕੂਲ ਦੇ ਐੱਨਸੀਸੀ ਕੈਡੇਟਾਂ ਤੋਂ ਸਲਾਮੀ ਲਈ ਅਤੇ ਬਾਅਦ ਵਿਚ ਸਕੂਲ ਵਿੱਚ ਨਵੇਂ ਬਣੇ ਬਾਸਕਟਬਾਲ ਕੋਰਟ ਵਿੱਚ ਵੀ ਗਏ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ, ਮੁੱਖ ਸਕੱਤਰ ਅਨੁਰਾਗ ਵਰਮਾ, ਸਕੱਤਰ ਸਿੱਖਿਆ ਵਿਭਾਗ ਕੇ ਕੇ ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
.jpg)
.jpg)
.jpg)

.jpg)



















.jpg)






























.jpg)


























.jpg)

.jpg)



















