ਹੜ੍ਹ ਪੀੜਤਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ ਸਰਕਾਰ: ਭਗਵੰਤ ਮਾਨ

ਹੜ੍ਹ ਪੀੜਤਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ ਸਰਕਾਰ: ਭਗਵੰਤ ਮਾਨ

ਐੱਸ ਏ ਐੱਸ ਨਗਰ (ਮੁਹਾਲੀ) - ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੇ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਫ਼ਸਲਾਂ, ਘਰਾਂ, ਪਸ਼ੂਆਂ ਅਤੇ ਹੋਰ ਨੁਕਸਾਨ ਦਾ ਪਤਾ ਲਗਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ ਅਤੇ ਅਧਿਕਾਰੀਆਂ ਨੂੰ 15 ਅਗਸਤ ਤੱਕ ਸਰਵੇਖਣ ਦਾ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੇਤ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਵੀ ਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਰਾਹਤ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਇਸ ਨੀਤੀ ਤਹਿਤ ਰਾਹਤ ਰਾਸ਼ੀ ਦਾ 10 ਫੀਸਦੀ ਸੂਬੇ ਦੇ ਬਜਟ ’ਚੋਂ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਖੇਤ ਮਜ਼ਦੂਰ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਨੀਤੀ ਪਹਿਲੀ ਮਈ, 2023 ਤੋਂ ਲਾਗੂ ਹੋ ਗਈ ਹੈ ਅਤੇ ਸਾਰੇ ਖੇਤ ਮਜ਼ਦੂਰ ਪਰਿਵਾਰ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ (ਰਿਹਾਇਸ਼ੀ ਪਲਾਟ ਨੂੰ ਛੱਡ ਕੇ) ਜਾਂ ਜਿਨ੍ਹਾਂ ਕੋਲ ਇੱਕ ਏਕੜ ਤੋਂ ਘੱਟ ਜ਼ਮੀਨ (ਲੀਜ਼/ਠੇਕੇ/ਕਾਸ਼ਤ ਵਾਲੀ) ਹੈ, ਉਹ ਇਸ ਨੀਤੀ ਦਾ ਲਾਭ ਲੈ ਸਕਣਗੇ।
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਿਆਨ ਬਾਰੇ ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਭਾਜਪਾ ਆਗੂ ਨੂੰ ਇਹ ਯਾਦ ਦਿਵਾਇਆ ਕਿ ਅਦਾਕਾਰੀ ਉਨ੍ਹਾਂ ਦਾ ਪੇਸ਼ਾ ਹੈ, ਜਿਸ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਇਆ ਹੈ। ‘ਜਦੋਂ ਮੈਂ ਆਪਣੇ ਕਰੀਅਰ ਦੇ ਸਿਖਰ ਉੱਤੇ ਸੂਬੇ ਦੀ ਸੇਵਾ ਲਈ ਪੀਪੀਪੀ ਵਿੱਚ ਸ਼ਾਮਲ ਹੋਇਆ ਸੀ ਤਾਂ ਮਨਪ੍ਰੀਤ ਨੇ ਉਨ੍ਹਾਂ ਦੀ ਇੱਕ ‘ਮਹਾਨ ਸ਼ਖ਼ਸੀਅਤ’ ਵਜੋਂ ਪ੍ਰਸ਼ੰਸਾ ਕੀਤੀ ਸੀ। ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਅੱਜ ਜਦੋਂ ਮਨਪ੍ਰੀਤ ਨੂੰ ਉਸ ਦੇ ਮੌਕਾਪ੍ਰਸਤ ਪੈਂਤੜਿਆਂ ਕਾਰਨ ਲੋਕਾਂ ਨੇ ਨਕਾਰ ਦਿੱਤਾ ਹੈ ਤਾਂ ਹੁਣ ਉਹ, ਉਨ੍ਹਾਂ ਵਿੱਚ ਨੁਕਸ ਕੱਢ ਰਹੇ ਹਨ। ਮੁੱਖ ਮੰਤਰੀ ਨੇ ਦੁਹਰਾਇਆ ਕਿ ਉਹ ਸਾਬਕਾ ਮੰਤਰੀ ਵੱਲੋਂ ਵਾਹਨ ਖ਼ੁਦ ਚਲਾਉਣ ਅਤੇ ਟੌਲ ਟੈਕਸ ਅਦਾ ਕਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਦਕਿ ਅਸਲ ਵਿੱਚ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਡੱਕਾ ਨਹੀਂ ਤੋੜਿਆ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਖ਼ਜ਼ਾਨੇ ਨੂੰ ਅੰਨ੍ਹੇਵਾਹ ਲੁੱਟਣ ਵਾਲੇ ਰਵਾਇਤੀ ਪਾਰਟੀਆਂ ਦੇ ਆਗੂਆਂ ਤੋਂ ਇੱਕ-ਇੱਕ ਪੈਸਾ ਵਸੂਲਿਆ ਜਾਵੇਗਾ।
ਸਿੱਖ ਆਗੂ ਗੁਰਦੁਆਰਾ ਅੰਬ ਸਾਹਿਬ ਨੇੜਿਓਂ ਗ੍ਰਿਫ਼ਤਾਰ
ਮੁਹਾਲੀ-ਚੰਡੀਗੜ੍ਹ ਦੀ ਹੱਦ ’ਤੇ ਵਾਈਪੀਐੱਸ ਚੌਕ ਨੇੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੱਕਾ ਮੋਰਚਾ ਲਗਾ ਕੇ ਬੈਠੇ ਸਿੱਖ ਆਗੂਆਂ ਨੂੰ ਮੁਹਾਲੀ ਪੁਲੀਸ ਨੇ ਅੱਜ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਬਾਪੂ ਗੁਰਚਰਨ ਸਿੰਘ ਦੀ ਅਗਵਾਈ ਹੇਠ ਸਿੱਖਾਂ ਦਾ ਇੱਕ ਜਥਾ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰੰਤੂ ਪੁਲੀਸ ਨੇ ਪਹਿਲਾਂ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ।
‘ਵਾਹਨਾਂ ਵਾਂਗ ਡਰੋਨਾਂ ਦੀ ਵੀ ਰਜਿਸਟ੍ਰੇਸ਼ਨ ਹੋਵੇ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਹੱਦੋਂ ਪਾਰ ਡਰੋਨਾਂ ਦੀ ਵਰਤੋਂ ਹੁਣ ਹਥਿਆਰਾਂ/ਹੈਰੋਇਨ/ਵਿਸਫੋਟਕਾਂ ਦੀ ਤਸਕਰੀ ਲਈ ਕਰਨਾ ਬਹੁਤ ਗੰਭੀਰ ਚਿੰਤਾ ਵਾਲੀ ਗੱਲ ਹੈ। ਇਸ ਸਬੰਧੀ ਉਹ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਡਰੋਨਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਬਣਾਉਣ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਰਜਿਸਟ੍ਰੇਸ਼ਨ ਵਾਂਗ ਇਸ ਨੂੰ ਵੀ ਲਾਜ਼ਮੀ ਬਣਾਇਆ ਜਾਵੇ ਤਾਂ ਜੋ ਸਰਹੱਦੋਂ ਪਾਰ ਨਸ਼ਾ ਤਸਕਰੀ ਨੂੰ ਠੱਲ੍ਹ ਪਾਈ ਜਾ ਸਕੇ।
ਸਿੱਖਿਆ ਬੋਰਡ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਦਿੱਤਾ ਭਰੋਸਾ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ ਅਤੇ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ 700 ਤੋਂ ਵੱਧ ਕਰਮਚਾਰੀਆਂ ਨੂੰ ਪੱਕੇ ਕਰਨ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਕੱਚੇ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ, ਠੀਕ ਉਸੇ ਤਰ੍ਹਾਂ ਇਨ੍ਹਾਂ ਕਰਮਚਾਰੀਆਂ ਨੂੰ ਵੀ ਰੈਗੂਲਰ ਕੀਤਾ ਜਾਵੇਗਾ। ਉਹ ਥੋੜ੍ਹਾ ਧੀਰਜ ਰੱਖਣ ਅਤੇ ਵਿਰੋਧੀ ਧਿਰਾਂ ਦੇ ਬਹਿਕਾਵੇ ਵਿੱਚ ਨਾ ਆ ਕੇ ਪਹਿਲਾਂ ਵਾਂਗ ਆਪਣੀ ਡਿਊਟੀ ਸੇਵਾ ਭਾਵਨਾ ਨਾਲ ਕਰਨ। ਉਂਜ ਮੁੱਖ ਮੰਤਰੀ ਦੀ ਫੇਰੀ ਦੌਰਾਨ ਬੋਰਡ ਦੀਆਂ ਕੁੱਝ ਡੇਲੀਵੇਜ ਔਰਤਾਂ ਨੂੰ ਸਮਾਗਮ ਵਾਲੀ ਥਾਂ ਤੋਂ ਇਸ ਕਰਕੇ ਪਾਸੇ ਹਟਾਇਆ ਗਿਆ, ਕਿ ਕਿਤੇ ਉਹ ਵਿਰੋਧ ਪ੍ਰਦਰਸ਼ਨ ਨਾ ਕਰ ਦੇਣ, ਜਦੋਂਕਿ ਇਹ ਔਰਤਾਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਾ ਚਾਹੁੰਦੀਆਂ ਸਨ।