ਭਗਵੰਤ ਮਾਨ ਸਰਕਾਰ ਨੂੰ ਭੁਲੇਖਿਆਂ ਦੀ ਦੁਨੀਆਂ ਤੋਂ ਬਾਹਰ ਆਉਣ ਦੀ ਲੋੜ

ਭਗਵੰਤ ਮਾਨ ਸਰਕਾਰ ਨੂੰ ਭੁਲੇਖਿਆਂ ਦੀ ਦੁਨੀਆਂ ਤੋਂ ਬਾਹਰ ਆਉਣ ਦੀ ਲੋੜ

ਪੰਜਾਬ ਵਿਚ ਜ਼ਿਆਦਾਤਰ ਦੋ ਰਵਾਇਤੀ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੇ ਹੀ ਰਾਜ ਕੀਤਾ ਹੈ। ਇਹਨਾਂ ਦੋਵਾਂ ਪਾਰਟੀਆਂ ਨੇ ਦਾਅਵੇ ਤਾਂ ਪੰਜਾਬ ਨੂੰ ਬਹੁਤ ਹੀ ਉੱਤਮ ਅਤੇ ਵਿਕਸਤ ਬਣਾਉਣ ਦੇ ਕੀਤੇ ਪਰ ਹੋਇਆ ਸਭ ਕੁਝ ਹੀ ਉਲਟ। ਦੋਵਾਂ ਪਾਰਟੀਆਂ ਨੇ ਹੀ ਪੰਜਾਬ ਨੂੰ ਜੰਮ ਕੇ ਲੁੱਟਿਆ ਅਤੇ ਕੱੁਟਿਆ। ਇਕ ਵਾਰ ਪਰਕਾਸ਼ ਸਿੰਘ ਬਾਦਲ ਨੇ ਨਾਅਰਾ ਦਿੱਤਾ ਸੀ ‘ਰਾਜ ਨਹੀਂ ਸੇਵਾ’। ਲੋਕਾਂ ਨੇ ਇਸ ਉੱਪਰ ਯਕੀਨ ਕਰ ਲਿਆ ਅਤੇ ਬਾਦਲ ਸਾਹਿਬ ਨੂੰ ਰਾਜ ਗੱਦੀ ਉੱਤੇ ਬਿਠਾ ਦਿੱਤਾ। ਪਰ ਉਸ ਤੋਂ ਬਾਅਦ ਉਹਨਾਂ ਲੋਕਾਂ ਦੀ ਅਜਿਹੀ ਸੇਵਾ ਕੀਤੀ ਕਿ ਲੋਕ ਹੱਥ ਲਾ ਲਾ ਕੇ ਵੇਖਣ ਲੱਗੇ। ਉਹਨਾਂ ਦੇ ਨਵੇਂ ਨਵੇਂ ਜੁਆਨ ਹੋਏ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਅਜਿਹੇ ਹੱਥ ਦਿਖਾਏ ਕਿ ਪੰਜਾਬ ਵਿਚ ਭੜਥੂ ਹੀ ਪਾ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਆਪਣੇ ਨਿੱਜੀ ਵਪਾਰ ਮਜ਼ਬੂਤ ਕਰਨ ਲਈ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ। ਉਹਨਾਂ ਪੀ.ਟੀ.ਸੀ. ਚੈੱਨਲ, ਇੰਡੋ ਕਨੇਡੀਅਨ ਬੱਸਾਂ ਅਤੇ ਹੋਰ ਅਨੇਕਾਂ ਹੋਟਲ ਆਦਿ ਕਾਰੋਬਾਰ ਸਥਾਪਿਤ ਕਰ ਲਏ। ਪੰਜਾਬ ਸਰਕਾਰ ਦੀ ਸੱਤਾ ਦੀ ਸ਼ਕਤੀ ਦੇ ਦਮ ’ਤੇ ਉਸਨੇ ਪਤਾ ਨਹੀਂ ਕਿੰਨੇ ਕੁ ਹੋਰ ਵਪਾਰਾਂ ਵਿਚ ਧੱਕੇ ਨਾਲ ਆਪਣਾ ਹਿੱਸਾ ਪੁਆਇਆ। ਇੱਥੇ ਹੀ ਬੱਸ ਨਹੀਂ ਉਸ ਵਲੋਂ ਲੋਕਾਂ ਨੂੰ ਸਰਕਾਰ ਦੇ ਖਿਲਾਫ਼ ਬੋਲਣ ਵੀ ਨਹੀਂ ਦਿੱਤਾ ਜਾਂਦਾ ਸੀ। ਜੇਕਰ ਕੋਈ ਅਵਾਜ਼ ਉਠਾਉਂਦਾ ਸੀ ਤਾਂ ਨਾਲ ਹੀ ਜੇਲ ਵਿਚ ਤੁੰਨ ਦਿੱਤਾ ਜਾਂਦਾ ਸੀ। ਸੁਖਬੀਰ ਸਿੰਘ ਬਾਦਲ ਨੂੰ ਪੂਰਾ ਯਕੀਨ ਸੀ ਕਿ ਉਹਨਾਂ ਦੀ ਸਰਕਾਰ ਨੂੰ 25 ਸਾਲ ਕੋਈ ਹਿਲਾ ਨਹੀਂ ਸਕਦਾ। ਉਸ ਵਲੋਂ ਏਨੀਆਂ ਕੁ ਮਨ ਆਈਆਂ ਕੀਤੀਆਂ ਗਈਆਂ ਕਿ ਲੋਕ ਹੈਰਾਨ ਰਹਿ ਗਏ ਕਿ ਕੋਈ ਆਗੂ ਏਨਾ ਵੀ ਖੁਦਗਰਜ਼, ਗੈਰਜ਼ਿੰਮੇਵਾਰ ਅਤੇ ਬੇਪਰਵਾਹ ਹੋ ਸਕਦਾ ਹੈ? ਪਾਠਕਾਂ ਨੂੰ ਯਾਦ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਫੈਂਟਰੀ ਮਾਰਨ ਦੀ ਆਦਤ ਬਹੁਤ ਜ਼ਿਆਦਾ ਪੈ ਗਈ ਸੀ। ਇਸਦੀ ਇਕ ਉਦਾਹਰਣ ‘ਪਾਣੀ ਵਾਲੀ ਬੱਸ’ ਤੋਂ ਮਿਲਦੀ ਹੈ। ਉਸ ਵਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਨੂੰ ਟੂਰਿਸਟ ਪਲੇਸ ਵਜੋਂ ਪ੍ਰਸਿੱਧ ਕਰਨ ਲਈ ਉਹ ਵਿਦੇਸ਼ ਤੋਂ ਪਾਣੀ ਵਿਚ ਚੱਲਣ ਵਾਲੀਆਂ ਬੱਸਾਂ ਮੰਗਵਾ ਰਹੇ ਹਨ। ਆਪਣੇ ਰਾਜਕਾਲ ਦੇ ਆਖਰੀ ਮਹੀਨਿਆਂ ਵਿਚ ਜਦੋਂ ਉਹਨਾਂ ਵਲੋਂ ਉਹ ਬੱਸ ਲਿਆਂਦੀ ਗਈ ਤਾਂ ਹਾਲਾਤ ਬਹੁਤ ਹੀ ਹਾਸੋਹੀਣੇ ਹੋ ਗਏ। ਪਾਣੀ ਵਾਲੀ ਬੱਸ ਇੰਝ ਲੱਗ ਰਹੀ ਸੀ ਕਿ ਜਿਵੇਂ ਕੋਈ ਪੀਪਾ ਪਾਣੀ ਵਿਚ ਉਤਾਰ ਦਿੱਤਾ ਗਿਆ ਹੋਵੇ। ਸੁਖਬੀਰ ਸਿੰਘ ਬਾਦਲ ਦਾ ਉਹ ਪ੍ਰੌਜੈਕਟ ਬੁਰੀ ਤਰਾਂ ਫੇਲ ਹੋ ਗਿਆ। ਫਿਰ ਉਸ ਵਲੋਂ ਸੜਕਾਂ ਬਣਾਉਣ ਦਾ ਐਲਾਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹ ਅਜਿਹੀਆਂ ਸੜਕਾਂ ਬਣਾਉਣਗੇ ਕਿ ਭਾਵੇਂ ਬੰਬ ਵੀ ਸੁੱਟ ਦਿਓ ਉਹ ਟੱੁਟਣਗੀਆਂ ਨਹੀਂ। ਭਾਵੇਂ ਇਕ ਦੋ ਵਧੀਆ ਮਾਰਗ ਬਣਾ ਵੀ ਦਿੱਤੇ ਗਏ ਹੋਣ ਪਰ ਪਿੰਡਾਂ ਦੇ ਲੋਕਾਂ ਨੂੰ ਟੋਇਆਂ ਤੋਂ ਛੁਟਕਾਰਾ ਨਹੀਂ ਮਿਲਿਆ। ਸੁਖਬੀਰ ਸਿੰਘ ਬਾਦਲ ਨੇ ਭਾਵੇਂ ਐਲਾਨ ਬਹੁਤ ਕੀਤੇ ਪਰ ਉਹ ਪੰਜਾਬ ਦੀ ਦਸ਼ਾ ਨਹੀਂ ਬਦਲ ਸਕੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਆਪਣੇ ਦੋਵਾਂ ਰਾਜ ਕਾਲਾਂ ਦੌਰਾਨ ਲੋਕਾਂ ਦੀ ਇਕ ਵੀ ਨਹੀਂ ਸੁਣੀ ਗਈ। 2002 ’ਚ ਜਦੋਂ ਉਹਨਾਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਆਪਣੀ ਸਾਰੀ ਤਾਕਤ ਬਾਦਲ ਪਰਿਵਾਰ ਨੂੰ ਜੇਲ ਅੰਦਰ ਕਰਨ ਉੱਤੇ ਹੀ ਲਗਾ ਦਿੱਤੀ। ਲੋਕਾਂ ਦਾ ਧਿਆਨ ਬੱਸ ਇਸੇ ਗੱਲ ਉੱਤੇ ਕੇਂਦਰਿਤ ਰੱਖਿਆ ਗਿਆ ਕਿ ਵਿਜੀਲੈਂਸ ਰਾਹੀਂ ਬਾਦਲ ਪਰਿਵਾਰ ਨੂੰ ਕਿਵੇਂ ਭਾਜੜਾਂ ਪਾਈਆਂ ਗਈਆਂ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਹੀ ਭੱੁਲ ਗਿਆ ਕਿ ਸਮਾਂ ਬਹੁਤ ਹੀ ਤੇਜ਼ੀ ਨਾਲ ਬੀਤ ਰਿਹਾ ਹੈ ਅਤੇ ਪੰਜ ਸਾਲ ਕੁਝ ਜ਼ਿਆਦਾ ਨਹੀਂ ਹੰੁਦੇ। ਪਰ ਆਪਣੀ ਸਿਆਸੀ ਸ਼ਕਤੀ ’ਚ ਅੰਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਦੀ ਵੀ ਇਕ ਨਾ ਸੁਣੀ ਅਤੇ ਆਪਣੀ ਸਾਰੀ ਸ਼ਕਤੀ ਬਾਦਲ ਪਰਿਵਾਰ ਨੂੰ ਜੇਲ ਵਿਚ ਭੇਜਣ ਦੀ ਕੋਸ਼ਿਸ਼ ਉੱਤੇ ਲਾਈ ਰੱਖੀ। ਭਾਵੇਂ ਕੁਝ ਕੁ ਦਿਨਾਂ ਲਈ ਉਹ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਜੇਲ ਵਿਚ ਦੇਣ ਵਿਚ ਕਾਮਯਾਬ ਵੀ ਹੋ ਗਿਆ ਸੀ ਪਰ ਉਸ ਨਾਲ ਅਕਾਲੀ ਦਲ ਦਾ ਕੋਈ ਨੁਕਸਾਨ ਨਹੀਂ ਹੋਇਆ ਸਗੋਂ ਫ਼ਾਇਦਾ ਹੀ ਹੋਇਆ ਸੀ। ਉਸ ਸਮੇਂ ਦੌਰਾਨ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਇਕ ਆਗੂ ਵਜੋਂ ਉੱਭਰ ਕੇ ਸਾਹਮਣੇ ਆਈ ਅਤੇ ਉਸਨੇ ਅਕਾਲੀ ਦਲ ਬਾਦਲ ਨੂੰ ਮਜ਼ਬੂਤੀ ਵੱਲ ਤੋਰਿਆ। ਨਤੀਜਾ ਇਹ ਹੋਇਆ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਝੱਬੇ ਹੀ ਬੀਤ ਗਏ ਅਤੇ 2007 ਦੀਆਂ ਚੋਣਾਂ ਆ ਢੱੁਕੀਆਂ। ਕੈਪਟਨ ਅਮਰਿੰਦਰ ਸਿੰਘ ਨੂੰ ਏਨਾ ਮਾਣ ਪਤਾ ਨਹੀਂ ਕਾਹਦਾ ਸੀ ਕਿ ਉਹ ਹਾਰ ਨਹੀਂ ਸਕਦਾ, ਪਰ ਜਦੋਂ ਨਤੀਜੇ ਆਏ ਤਾਂ ਪਤਾ ਲੱਗਾ ਕਿ ਕੈਪਟਨ ਸਾਬ ਮੂਧੇ ਮੂੰਹ ਡਿੱਗ ਪਏ ਹਨ। ਫ਼ਿਰ ਲਗਾਤਾਰ ਅਕਾਲੀ ਦਲ ਬਾਦਲ ਨੇ 10 ਸਾਲ ਰਾਜ ਕੀਤਾ। ਉਸ ਤੋਂ ਬਾਅਦ ਜਦੋਂ 2017 ’ਚ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਲੈ ਕੇ ਲੋਕਾਂ ਵਿਚ ਗਏ ਤਾਂ ਨਸ਼ਾ ਤਸਕਰੀ ਵਿਰੱੁਧ ਕਾਰਵਾਈ ਕਰਨ ਲਈ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਖਾਧੀ। ਲੋਕਾਂ ਨੇ ਜਿਤਾ ਦਿੱਤਾ ਪਰ ਗੁਰੂ ਨਾਲ ਵੀ ਧੋਖਾ ਕਰਨ ਤੋਂ ਕੈਪਟਨ ਸਾਹਿਬ ਬਾਜ਼ ਨਹੀਂ ਆਏ ਅਤੇ ਆਖਰ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਜ਼ਲਾਲਤ ਭਰੇ ਹਾਲਾਤਾਂ ਵਿਚ ਮੁਖ ਮੰਤਰੀ ਦੀ ਕੁਰਸੀ ਤੋਂ ਅਲੱਗ ਹੋ ਗਏ ਅਤੇ ਭਾਜਪਾ ਵਿਚ ਜਾ ਕੇ ਗੁੰਮਸ਼ੁਦਗੀ ਦੇ ਹਾਲਾਤਾਂ ਵਿਚ ਗੁਆਚ ਗਏ। ਇਹਨਾਂ ਦੋਵਾਂ ਪਾਰਟੀਆਂ ਦੇ ਕਾਰਿਆਂ ਨੇ ਪੰਜਾਬ ਦੇ ਲੋਕਾਂ ਨੂੰ ਬਹੁਤਾ ਹੀ ਪ੍ਰੇਸ਼ਾਨ ਅਤੇ ਨਿਰਾਸ਼ ਕੀਤਾ ਹੋਇਆ ਸੀ। ਸੋ ਲੋਕ ਕਿਸੇ ਤੀਜੇ ਬਦਲ ਦੀ ਉਡੀਕ ਵਿਚ ਸਨ ਜੋ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿਚ ਮਿਲ ਗਿਆ। 2022 ਦੀਆਂ ਚੋਣਾਂ ਵਿਚ ਪੰਜਾਬ ਦੇ ਵੋਟਰਾਂ ਨੇ ਇਹਨਾਂ ਦੋਵਾਂ ਪਾਰਟੀਆਂ ਨੂੰ ਸਬਕ ਸਿਖਾਉਂਦਿਆਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ 92 ਸੀਟਾ ਜਿਤਾ ਕੇ ਇਤਿਹਾਸ ਸਿਰਜ ਦਿੱਤਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੇ ਕੁਝ ਵੀ ਪੰਜਾਬ ਦੇ ਹੱਕ ਵਿਚ ਅਜਿਹਾ ਨਹੀਂ ਸੀ ਕੀਤਾ ਜੋ ਉਸ ਨੂੰ ਲੋਕ ਜਿਤਾਉਂਦੇ, ਲੋਕਾਂ ਨੇ ਸਿਰਫ ਤੇ ਸਿਰਫ ਰਵਾਇਤੀ ਪਾਰਟੀਆਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਸਬਕ ਸਿਖਾਉਣ ਲਈ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ। ਹੁਣ ਭਗਵੰਤ ਮਾਨ ਨੂੰ ਵੀ ਇਹ ਭੁਲੇਖਾ ਪੈ ਚੱੁਕਾ ਹੈ ਕਿ ਉਸਨੂੰ ਹੁਣ ਕੋਈ ਹਰਾ ਨਹੀਂ ਸਕੇਗਾ। ਪਰ ਲੋਕਾਂ ਨੇ ਆਪਣਾ ਰੁਖ ਉਸਨੂੰ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਦਿਖਾ ਦਿੱਤਾ ਹੈ ਜਿੱਥੇ ਉਹ 13 ਵਿਚੋਂ 10 ਸੀਟਾਂ ਹਾਰ ਗਿਆ ਹੈ। ਭਗਵੰਤ ਮਾਨ ਵੀ ਪੰਜਾਬ ਦੇ ਵਿਕਾਸ ਦੀ ਗੱਲ ਕਰਨ ਦੀ ਜਗਾ ਆਪਣੇ ਵਿਰੋਧੀਆਂ ਨੂੰ ਹੀ ਜੇਲਾਂ ਵਿਚ ਡੱਕਣ ਲਈ ਯਤਨਸ਼ੀਲ ਹੈ। ਉਸ ਵਲੋਂ ਵੋਟਾਂ ਤੋਂ ਪਹਿਲ਼ਾਂ ਵੀ.ਆਈ.ਪੀ. ਕਲਚਰ ਦਾ ਵਿਰੋਧ ਕੀਤਾ ਗਿਆ ਸੀ ਪਰ ਖੁਦ ਵੀ.ਆਈ.ਵੀ. ਕਲਚਰ ਤੋਂ ਇਕ ਵੀ ਪੈਰ ਪਰਾਂ ਨਹੀਂ ਹੋ ਸਕਿਆ। ਸਕਿਉਰਿਟੀ ਦੇ ਖਿਲਾਫ਼ ਵੀ ਉਹਨੇ ਝੰਡਾ ਚੱੁਕਿਆ ਸੀ ਪਰ ਖੁਦ ਸਕਿਉਰਿਟੀ ਦੀ ਹੱਦ ਮੁਕਾਈ ਹੋਈ ਹੈ। ਸੋ ਜੇਕਰ ਕਹਿ ਲਈਏ ਕਿ ਭਗਵੰਤ ਮਾਨ ਇਸ ਵਕਤ ਅਸਲ ਮੱੁਦਿਆਂ ਤੋਂ ਭਟਕਿਆ ਹੋਇਆ ਹੈ ਤਾਂ ਇਸ ਵਿਚ ਕੋਈ ਵੀ ਅਤਕਥਨੀ ਨਹੀਂ ਹੋਵੇਗੀ। ਪੰਜਾਬ ਵਿਚ ਆਮ ਆਦਮੀ ਸਰਕਾਰ ਬਣੀ ਨੂੰ ਲਗਭਗ ਦੋ ਸਾਲ ਹੋ ਹੋਣ ਹੀ ਵਾਲੇ ਹਨ ਪਰ ਪੰਜਾਬ ਅਜੇ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ। ਬਦਲਾਅ ਆਇਆ ਦਿਖਾਈ ਨਹੀਂ ਦਿੱਤਾ। ਬਿਜਲੀ ਦੇ ਕੱਟ ਲੱਗ ਰਹੇ ਹਨ, ਸੜਕਾਂ ਵਿਚ ਟੋਏ ਟੋਏ ਹਨ, ਸਰਕਾਰੀ ਹਸਪਤਾਲਾਂ ਵਿਚ ਸਟਾਫ਼ ਨਹੀਂ ਹੈ, ਪੁਲਿਸ ਥਾਣਿਆਂ ਵਿਚ ਨਫ਼ਰੀ ਨਹੀਂ ਹੈ, ਸਕੂਲਾਂ ਵਿਚ ਅਧਿਆਪਕ ਨਹੀਂ ਹਨ, ਬੇਰੁਜ਼ਗਾਰੀ ਹੋਰ ਵੀ ਵਧੀ ਹੈ। ਹੋਰ ਵੀ ਬਹੁਤ ਸਾਰੀਆਂ ਘਾਟਾਂ ਹਨ ਪਰ ਭਗਵੰਤ ਮਾਨ ਹੁਰੀਂ ਪਤਾ ਨਹੀ ਕਿਹੜੀ ਦੁਨੀਆਂ ਵਿਚ ਖੋਏ ਹੋਏ ਹਨ ਅਤੇ ਕਿਹੜਾ ਭੁਲੇਖਾ ਉਹਨਾਂ ਨੂੰ ਹੈ। ਸੋ ਅਜੇ ਵੀ ਤਿੰਨ ਕੁ ਸਾਲ ਦਾ ਸਮਾਂ ਭਗਵੰਤ ਮਾਨ ਦੀ ਪੰਜਾਬ ਸਰਕਾਰ ਕੋਲ ਹੈ ਪਰ ਉਹ ਇਹ ਨਾ ਸਮਝਣ ਕਿ ਇਹ ਸਮਾਂ ਬਹੁਤ ਜ਼ਿਆਦਾ ਹੈ, ਪਤਾ ਉਦੋਂ ਹੀ ਲੱਗਣਾਂ ਹੈ ਜਦੋਂ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਜਾਵੇਗਾ ਤੇ ਪੰਜਾਬ ਦੇ ਲੋਕਾਂ ਨੇ ਬਖਸ਼ਣਾਂ ਨਹੀਂ। ਜੇਕਰ ਭਗਵੰਤ ਮਾਨ ਨੇ ਅਗਲੀ ਵਾਰ ਵੀ ਮੁੱਖ ਮੰਤਰੀ ਬਣਨਾ ਹੈ ਤਾਂ ਉਸਨੂੰ ਪੈ ਚੁੱਕੇ ਭੁਲੇਖਿਆਂ ਦੀ ਦੁਨੀਆਂ ਤੋਂ ਜਲਦੀ ਹੀ ਬਾਹਰ ਆਉਣਾ ਪਵੇਗਾ। ਆਮੀਂਨ