37 ਦਿਨਾਂ ਦੇ ਅੰਦੋਲਨ ਤੋਂ ਬਾਅਦ CJP ਸੰਸਥਾਪਕ ਅਭਿਜੀਤ ਦੀਪਕੇ ਨੇ ਮਾਰੀ ਬੜ੍ਹਕ, ਕਿਹਾ ‘ਇਹ ਤਾਂ ਸਿਰਫ਼ ਇੱਕ ਸ਼ੁਰੂਆਤ ਹੈ’!

37 ਦਿਨਾਂ ਦੇ ਅੰਦੋਲਨ ਤੋਂ ਬਾਅਦ CJP ਸੰਸਥਾਪਕ ਅਭਿਜੀਤ ਦੀਪਕੇ ਨੇ ਮਾਰੀ ਬੜ੍ਹਕ, ਕਿਹਾ ‘ਇਹ ਤਾਂ ਸਿਰਫ਼ ਇੱਕ ਸ਼ੁਰੂਆਤ ਹੈ’!

ਨਵੀਂ ਦਿੱਲੀ, 26 ਜੁਲਾਈ (ਪੰਜਾਬੀ ਰਾਈਟਰ)- ਕੌਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਤਵਾਰ ਨੂੰ 37 ਦਿਨਾਂ ਤੱਕ ਚੱਲੇ ਅੰਦੋਲਨ ਨੂੰ ਮਿਲੇ ਭਰਵੇਂ ਸਮਰਥਨ ਲਈ ਦੇਸ਼ ਭਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਦੇ ਵਿਸ਼ਵਾਸ ਬਦੌਲਤ ਹੀ ‘ਨੌਜਵਾਨਾਂ ਦੀ ਇਹ ਵੱਡੀ ਜਿੱਤ’ ਸੰਭਵ ਹੋ ਸਕੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਦੀਪਕੇ ਨੇ ਮੰਨਿਆ ਕਿ ਇਹ ਲੰਬਾ ਸੰਘਰਸ਼ ਪੂਰੀ ਟੀਮ ਲਈ ਬਹੁਤ ਮੁਸ਼ਕਲ ਸੀ, ਪਰ ਮੁਹਿੰਮ ਨਾਲ ਡਟੇ ਰਹਿਣ ਵਾਲੇ ਸਾਰੇ ਲੋਕਾਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ। ਦੀਪਕੇ ਨੇ ਕਿਹਾ, “ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ... ਆਖ਼ਰਕਾਰ, ਮੈਂ ਬਿਨਾਂ ਕਿਸੇ ਘਬਰਾਹਟ ਅਤੇ ਚਿੰਤਾ ਦੇ ਸੁਖਾਲੀ ਨੀਂਦ ਲੈ ਸਕਿਆ ਹਾਂ। ਪਿਛਲੇ 37 ਦਿਨਾਂ ’ਚ ਜੋ ਅਸੀਂ ਹੰਢਾਇਆ, ਉਹ ਬਹੁਤ ਔਖਾ ਸੀ।” ਉਨ੍ਹਾਂ ਧਰਨਾ ਖ਼ਤਮ ਹੋਣ ਤੋਂ ਬਾਅਦ ਜੰਤਰ-ਮੰਤਰ ’ਚ ਮੌਜੂਦ ਲੋਕਾਂ ਨੂੰ ਨਾ ਮਿਲ ਸਕਣ ਲਈ ਮੁਆਫ਼ੀ ਮੰਗਦਿਆਂ ਦੱਸਿਆ ਕਿ ਉਨ੍ਹਾਂ ਨੂੰ ਟਾਈਫਾਈਡ ਹੋ ਗਿਆ ਸੀ ਅਤੇ ਬੁਖ਼ਾਰ 101 ਡਿਗਰੀ ਤੱਕ ਪਹੁੰਚਣ ਕਾਰਨ ਉਨ੍ਹਾਂ ਨੂੰ ਘਰ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ 37 ਦਿਨਾਂ ਤੱਕ ਜੰਤਰ-ਮੰਤਰ ’ਤੇ ਡੇਰੇ ਲਾਏ, ਉਨ੍ਹਾਂ ਦਾ ਦੇਸ਼ ਲਈ ਯੋਗਦਾਨ ਬਹੁਤ ਵੱਡਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਲੋਚਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਸਵਾਲਾਂ ਨੇ ਅੰਦੋਲਨ ਨੂੰ ਹੋਰ ਬਿਹਤਰ ਬਣਾਉਣ ’ਚ ਮਦਦ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ CJP ਦੀ ਇਹ ਲੜਾਈ ਇੱਥੇ ਖ਼ਤਮ ਨਹੀਂ ਹੋਈ, ਸਗੋਂ ਇਹ ਇੱਕ ਲੰਬੇ ਸਫ਼ਰ ਦੀ ਸ਼ੁਰੂਆਤ ਹੈ।
ਜ਼ਿਕਰਯੋਗ ਹੈ ਕਿ ਨੀਟ-ਯੂਜੀ (NEET-UG 2026) ਪ੍ਰੀਖਿਆ ਦੇ ਲੀਕ ਹੋਣ ਖ਼ਿਲਾਫ਼ ਦੇਸ਼ ਵਿਆਪੀ ਰੋਸ ਤੋਂ ਬਾਅਦ ਸ਼ਨੀਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਇਸ 37 ਦਿਨਾਂ ਅੰਦੋਲਨ ਦਾ ਅੰਤ ਹੋਇਆ। ਕੇਂਦਰੀ ਮੰਤਰੀਆਂ ਜੇ.ਪੀ. ਨੱਡਾ ਅਤੇ ਜਿਤੇਂਦਰ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਸਰਕਾਰ ਨੇ ਖ਼ੁਦਕੁਸ਼ੀ ਕਰ ਗਏ ਨੀਟ ਪ੍ਰੀਖਿਆਰਥੀਆਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ, ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਦਰਜ FIRs ਵਾਪਸ ਲੈਣ ਅਤੇ ਪ੍ਰੀਖਿਆ ਪ੍ਰਣਾਲੀ ’ਚ ਸੁਧਾਰਾਂ ਲਈ 5-ਨੁਕਾਤੀ ਮੰਗ ਪੱਤਰ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ।
ਇਹ ਅੰਦੋਲਨ ਉਸ ਵੇਲੇ ਹੋਰ ਮਜ਼ਬੂਤ ਹੋ ਗਿਆ ਸੀ ਜਦੋਂ ਸੋਨਮ ਵਾਂਗਚੁਕ ਇਸ ’ਚ ਸ਼ਾਮਲ ਹੋਏ ਅਤੇ 26 ਦਿਨਾਂ ਦੀ ਭੁੱਖ ਹੜਤਾਲ ਕੀਤੀ। ਮੰਗਾਂ ਮੰਨੇ ਜਾਣ ਤੋਂ ਬਾਅਦ ਵਾਂਗਚੁਕ ਨੇ ਇਸ ਨੂੰ ‘ਲੋਕਤੰਤਰ ਦੀ ਜਿੱਤ’ ਕਰਾਰ ਦਿੱਤਾ। ਦੂਜੇ ਪਾਸੇ, CJP ਦੇ ਬੁਲਾਰੇ ਸੌਰਵ ਦਾਸ ਨੇ ਕਿਹਾ, “ਇਹ ਤਾਂ ਸਿਰਫ਼ ਇੱਕ ਟਰੇਲਰ ਹੈ, ਫ਼ਿਲਮ ਅਜੇ ਬਾਕੀ ਹੈ। ਦੇਸ਼ ਦਾ ਨੌਜਵਾਨ ਜਾਗ ਚੁੱਕਾ ਹੈ ਅਤੇ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢ ਕੇ ਰਹੇਗਾ।” ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।