ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਹਾਈ ਕਮਾਂਡ 'ਤੇ ਛੱਡਿਆ ਫੈਸਲਾ 

ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਹਾਈ ਕਮਾਂਡ 'ਤੇ ਛੱਡਿਆ ਫੈਸਲਾ 

ਨਵੀਂ ਦਿੱਲੀ, 16 ਜੁਲਾਈ (ਪੰਜਾਬੀ ਰਾਈਟਰ)- ਪੰਜਾਬ ਕਾਂਗਰਸ ਵਿੱਚ ਚੱਲ ਰਹੀ ਆਪਸੀ ਖਿੱਚੋਤਾਣ ਦਰਮਿਆਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਦਿੱਲੀ ਵਿਚ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨਾਲ ਵੀ ਮੁਲਾਕਾਤ ਕੀਤੀ। ਹਾਲਾਂਕਿ, ਚੰਨੀ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹੋ ਸਕੀ। ਦੱਸ ਦੇਈਏ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਦੇ ਫੈਸਲੇ ਖ਼ਿਲਾਫ਼ ਚੰਨੀ ਅਤੇ ਰੰਧਾਵਾ ਨੇ ਬਗਾਵਤ ਦਾ ਝੰਡਾ ਬੁਲੰਦ ਕੀਤਾ ਹੋਇਆ ਹੈ।
ਕੇ. ਸੀ. ਵੇਣੂਗੋਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਕਈ ਆਗੂਆਂ ਨੂੰ ਸੱਦਿਆ ਗਿਆ ਸੀ ਅਤੇ ਸਾਰਿਆਂ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਹਾਈਕਮਾਂਡ ਦਾ ਪੂਰਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਸਾਡੇ ਆਗੂ ਹਨ ਅਤੇ ਪਾਰਟੀ ਦੇ ਸਾਰੇ ਵਰਕਰ ਤੇ ਨੇਤਾ ਉਨ੍ਹਾਂ ਨਾਲ ਹਨ। ਚੰਨੀ ਨੇ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੇ ਵੱਡੇ ਵਿਵਾਦ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੀਡੀਆ ਵਿੱਚ ਇਸ ਮਾਮਲੇ ਨੂੰ ਬਿਨਾਂ ਵਜ੍ਹਾ ਉਛਾਲਿਆ ਜਾ ਰਿਹਾ ਹੈ। ਉਨ੍ਹਾਂ ਦਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਜਾਂ ਮੁਸ਼ਕਿਲ ਵਿੱਚ ਪਾਉਣਾ ਨਹੀਂ ਹੈ, ਸਗੋਂ ਉਹ ਸਿਰਫ ਪੰਜਾਬ ਵਿੱਚ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹਾਈਕਮਾਂਡ ਨੇ ਉਨ੍ਹਾਂ ਦੀ ਗੱਲ ਸੁਣੀ ਹੈ ਅਤੇ ਅਖੀਰ ਵਿੱਚ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਉਸ ਨੂੰ ਮੰਨ ਕੇ ਅੱਗੇ ਵਧਣਗੇ।
ਪੰਜਾਬ ਕਾਂਗਰਸ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਪਾਰਟੀ ਵਿੱਚ ‘ਸਭ ਅੱਛਾ ਹੈ’। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਅਤੇ ਹੋਰ ਆਗੂ ਹਾਈਕਮਾਂਡ ਦੇ ਹਰ ਫੈਸਲੇ ਨੂੰ ਮੰਨਣਗੇ।
ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਉਹ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਪਾਰਟੀ ਦੀਆਂ ਨੀਤੀਆਂ ’ਤੇ ਚੱਲਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਈ ਆਗੂਆਂ ਨੇ ਪਾਰਟੀ ਲੀਡਰਸ਼ਿਪ ਅੱਗੇ ਆਪਣੇ ਵਿਚਾਰ ਰੱਖੇ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਕਈ ਆਗੂਆਂ ਨੂੰ ਇੱਥੇ ਸੱਦਿਆ ਗਿਆ ਸੀ ਅਤੇ ਸਾਰਿਆਂ ਨੇ ਆਪਣਾ ਪੱਖ ਰੱਖਿਆ ਹੈ ਪਰ ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਉਹ ਪਾਰਟੀ ਨਾਲ ਖੜ੍ਹੇ ਹਨ ਅਤੇ ਹਾਈਕਮਾਂਡ ਦਾ ਪੂਰਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਆਗੂ ਹਨ ਅਤੇ ਪਾਰਟੀ ਦੇ ਸਾਰੇ ਵਰਕਰ ਤੇ ਨੇਤਾ ਮਜ਼ਬੂਤੀ ਨਾਲ ਪਾਰਟੀ ਨਾਲ ਖੜ੍ਹੇ ਹਨ ਅਤੇ ਅੱਗੇ ਵੀ ਖੜ੍ਹੇ ਰਹਿਣਗੇ। ਚੰਨੀ ਨੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਮੁਸ਼ਕਿਲ ਵਿੱਚ ਪਾਉਣਾ ਨਹੀਂ ਹੈ। ਉਹ ਸਿਰਫ ਪੰਜਾਬ ਵਿੱਚ ਕਾਂਗਰਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਇਸੇ ਲਈ ਉਨ੍ਹਾਂ ਨੇ ਆਪਣੀ ਗੱਲ ਹਾਈਕਮਾਂਡ ਅੱਗੇ ਰੱਖੀ ਹੈ ਜਿਸ ਨੂੰ ਧਿਆਨ ਨਾਲ ਸੁਣਿਆ ਗਿਆ ਹੈ। ਹੁਣ ਆਖਰੀ ਫੈਸਲਾ ਹਾਈਕਮਾਂਡ ਦਾ ਹੋਵੇਗਾ ਅਤੇ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਖਿੜੇ ਮੱਥੇ ਪ੍ਰਵਾਨ ਕਰਨਗੇ। ਇਸ ਮੁਲਾਕਾਤ ਤੋਂ ਪਹਿਲਾਂ ਬੁੱਧਵਾਰ ਨੂੰ ਚੰਨੀ ਨੇ ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਸੀ।
ਰਾਜਾ ਵੜਿੰਗ ਦੇ ਹੱਕ ’ਚ ਬਹੁਮਤ ਦਾ ਦਾਅਵਾ; ਪੰਜਾਬ ਇੰਚਾਰਜ ਨੇ ਦਿੱਤੇ ਅਹੁਦਾ ਨਾ ਬਦਲਣ ਦੇ ਸੰਕੇਤ
ਕਾਂਗਰਸ ਲੀਡਰਸ਼ਿਪ ਨੇ ਪਹਿਲੀ ਜੁਲਾਈ ਨੂੰ ਐਲਾਨ ਕੀਤਾ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ, ਜਿਸ ਦਾ ਚੰਨੀ ਕਥਿਤ ਤੌਰ 'ਤੇ ਵਿਰੋਧ ਕਰ ਰਹੇ ਹਨ ਅਤੇ ਲੀਡਰਸ਼ਿਪ ਬਦਲਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਆਪਣੀ ਰਿਪੋਰਟ ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੂੰ ਸੌਂਪ ਦਿੱਤੀ ਸੀ। ਸੂਤਰਾਂ ਮੁਤਾਬਕ ਰਿਪੋਰਟ ਵਿੱਚ ਰਾਜਾ ਵੜਿੰਗ ਨੂੰ ਹੀ ਪ੍ਰਧਾਨ ਰੱਖਣ ਦੀ ਸਿਫਾਰਸ਼ ਕੀਤੀ ਗਈ ਕਿਉਂਕਿ ਪੰਜਾਬ ਦੇ 29 ਵਿੱਚੋਂ 25 ਜ਼ਿਲ੍ਹਾ ਪ੍ਰਧਾਨ ਅਤੇ 7 ਵਿੱਚੋਂ 4 ਸੰਸਦ ਮੈਂਬਰ ਉਨ੍ਹਾਂ ਦੇ ਪੱਖ ਵਿੱਚ ਹਨ।
ਨਵੀਂ ਦਿੱਲੀ ਵਿੱਚ ਵੇਣੂਗੋਪਾਲ ਨਾਲ ਮੁਲਾਕਾਤ ਤੋਂ ਬਾਅਦ ਬਘੇਲ ਨੇ ਸੰਕੇਤ ਦਿੱਤਾ ਕਿ ਪੰਜਾਬ ਵਿੱਚ ਲੀਡਰਸ਼ਿਪ ਨਹੀਂ ਬਦਲੀ ਜਾਵੇਗੀ ਅਤੇ ਉਨ੍ਹਾਂ ਕਿਹਾ, "ਇਹ ਕੋਈ ਬੱਚਿਆਂ ਦੀ ਖੇਡ ਨਹੀਂ ਹੈ।" ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਲਈ ਕਾਂਗਰਸ ਤਿਆਰੀਆਂ ਕਰ ਰਹੀ ਹੈ। ਚੋਣਾਂ ਲਈ ਨਵੀਂ ਟੀਮ ਦੇ ਐਲਾਨ ਤੋਂ ਬਾਅਦ ਬਘੇਲ ਨੇ ਚੰਡੀਗੜ੍ਹ ਵਿੱਚ ਛੇ ਦਿਨ ਬਿਤਾਏ ਅਤੇ ਕਈ ਆਗੂਆਂ ਨਾਲ ਮੁਲਾਕਾਤ ਕੀਤੀ, ਜਿਸ ਦੇ ਆਖਰੀ ਦਿਨ ਉਨ੍ਹਾਂ ਨੇ ਚੰਨੀ ਦੀ ਅਗਵਾਈ ਵਾਲੇ ਨਾਰਾਜ਼ ਆਗੂਆਂ ਨਾਲ ਵੀ ਗੱਲਬਾਤ ਕੀਤੀ ਸੀ। ਹਾਲਾਂਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਇੱਕ ਵੱਡਾ ਹਿੱਸਾ ਬਦਲਾਅ ਚਾਹੁੰਦਾ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਹਾਈਕਮਾਂਡ ਵੱਖ-ਵੱਖ ਬਦਲਾਂ 'ਤੇ ਵਿਚਾਰ ਕਰ ਰਹੀ ਹੈ।