ਸੰਤ ਰਾਮਾ ਨੰਦ ਦੀ 15ਵੀਂ ਬਰਸੀ ਮਨਾਈ

ਸੰਤ ਰਾਮਾ ਨੰਦ ਦੀ 15ਵੀਂ ਬਰਸੀ ਮਨਾਈ

ਜਲੰਧਰ: ਡੇਰਾ ਸੱਚਖੰਡ ਬੱਲਾਂ ਵਿੱਚ ਅੱਜ ਸੰਤ ਰਾਮਾ ਨੰਦ ਦੀ 15ਵੀਂ ਬਰਸੀ ਸ਼ਰਧਾਪੂਰਵਕ ਮਨਾਈ ਗਈ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਸੰਤ ਰਾਮਾ ਨੰਦ ’ਤੇ ਆਸਟਰੀਆ ਵਿੱਚ ਸਾਲ 2009 ਵਿੱਚ ਹਮਲਾ ਕਰ ਦਿੱਤਾ ਗਿਆ ਸੀ ਜਿਸ ਵਿਚ ਉਨ੍ਹਾਂ ਦੀ ਜਾਨ ਚਲੇ ਗਈ ਸੀ। ਸੰਤ ਰਾਮਾ ਨੰਦ `ਤੇ ਹੋਏ ਹਮਲੇ ਦੌਰਾਨ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਵੀ ਜ਼ਖਮੀ ਹੋ ਗਏ ਸਨ। ਅੱਜ ਡੇਰਾ ਬੱਲਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ `ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਸਨ। ਇਸ ਸਮਾਗਮ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਹੋਏ। ਉਨ੍ਹਾਂ ਸੰਤ ਰਾਮਾ ਨੰਦ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਉਨ੍ਹਾਂ ਨੇ ਦਲਿਤ ਸਮਾਜ ਵਿੱਚ ਚੇਤਨਾ ਪੈਦਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਨੇ ਸਮਾਜ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਚੰਗੀ ਸਿਹਤ ਦੇਣ `ਤੇ ਜ਼ੋਰ ਦਿੱਤਾ। ਬੂਟਾਂ ਮੰਡੀ ਵਿੱਚ ਗੁਰੂ ਰਵੀਦਾਸ ਧਾਮ ਵਿੱਚ ਵੀ ਸੰਤ ਰਾਮਾ ਨੰਦ ਦੀ ਬਰਸੀ ਮਨਾਈ ਗਈ।