ਉੱਤਰਕਾਸ਼ੀ: ਮਜ਼ਦੂਰਾਂ ਦੇ ਸੁਰੱਖਿਅਤ ਬਾਹਰ ਨਿਕਲਣ ਦੀ ਆਸ ਬੱਝੀ

ਉੱਤਰਕਾਸ਼ੀ: ਮਜ਼ਦੂਰਾਂ ਦੇ ਸੁਰੱਖਿਅਤ ਬਾਹਰ ਨਿਕਲਣ ਦੀ ਆਸ ਬੱਝੀ

ਉੱਤਰਕਾਸ਼ੀ-ਉੱਤਰਾਖੰਡ ’ਚ ਚਾਰ ਧਾਮ ਕੌਮੀ ਮਾਰਗ ’ਤੇ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਦਾ ਇੱਕ ਹਿੱਸਾ ਢਹਿਣ ਕਾਰਨ ਪਿਛਲੇ ਚਾਰ ਦਿਨਾਂ ਤੋਂ ਉਸ ਅੰਦਰ ਫਸੇ 40 ਮਜ਼ਦੂਰਾਂ ਦੇ ਬਾਹਰ ਆਉਣ ਦੀ ਆਸ ਜਾਗੀ ਹੈ ਅਤੇ ਭਾਰਤੀ ਹਵਾਈ ਸੈਨਾ ਵੱਲੋਂ ਦਿੱਲੀ ਤੋਂ ਲਿਆਂਦੀ ਗਈ ਭਾਰੀ ਅਮਰੀਕੀ ਔਗਰ ਮਸ਼ੀਨ ਨਾਲ ਅੱਜ ਡਰਿਲਿੰਗ ਦਾ ਕੰਮ ਸ਼ੁਰੂ ਕੀਤੇ ਜਾਣ ਮਗਰੋਂ ਸ਼ਾਮ ਤੱਕ 12 ਮੀਟਰ ਤੱਕ ਬੋਰ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਰਿਲਿੰਗ ਮਸ਼ੀਨ ਨਾਲ ਕੀਤੇ ਗਏ ਬੋਰ ਵਿੱਚ ਸਟੀਲ ਦੀ ਪਾਈਪ ਦਾ ਛੇ ਮੀਟਰ ਹਿੱਸਾ ਪਾ ਦਿੱਤਾ ਗਿਆ ਹੈ ਅਤੇ ਦੂਜਾ ਇਸ ਇਸ ਨਾਲ ਜੋੜਿਆ ਜਾ ਰਿਹਾ ਹੈ। ਕੇਂਦਰੀ ਸੜਕੀ ਆਵਾਜਾਈ ਤੇ ਕੌਮੀ ਮਾਰਗ ਰਾਜ ਮੰਤਰੀ ਵੀਕੇ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਹੈ। ਅੱਜ ਦਾ ਕੰਮ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਸੁਰੰਗ ਦੇ ਬਾਹਰ ਪੂਜਾ ਵੀ ਕੀਤੀ ਗਈ। ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਡਰਿਲਿੰਗ ਦੌਰਾਨ ਢਿੱਗਾਂ ਖਿਸਕਣ ਕਾਰਨ ਬਚਾਅ ਕਾਰਜ ਵਿਚਾਲੇ ਰੋਕਣੇ ਪਏ ਸਨ। ਬਾਅਦ ਵਿੱਚ ਔਗਰ ਮਸ਼ੀਨ ਵੀ ਖਰਾਬ ਹੋ ਗਈ ਸੀ। ਇਸ ਮਗਰੋਂ ਭਾਰਤੀ ਹਵਾਈ ਸੈਨਾ ਦੇ ਸੀ-130 ਹਰਕੁਲੀਸ ਜਹਾਜ਼ਾਂ ਰਾਹੀਂ ਵੱਡੀ ਔਗਰ ਮਸ਼ੀਨ ਹਿੱਸਿਆਂ ਵਿੱਚ ਦਿੱਲੀ ਤੋਂ ਲਿਆਂਦੀ ਗਈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਕਿ ਸੁਰੰਗ ਦਾ ਨਿਰਮਾਣ ਅਧੀਨ 30 ਤੋਂ 40 ਮੀਟਰ ਤੱਕ ਦਾ ਹਿੱਸਾ ਲੰਘੇ ਐਤਵਾਰ ਨੂੰ ਢਹਿ ਗਿਆ ਸੀ। ਢਹਿਣ ਵਾਲਾ ਹਿੱਸਾ ਸੁਰੰਗ ਦੇ ਮੁੱਖ ਮਾਰਗ ਤੋਂ 270 ਮੀਟਰ ਦੂਰ ਹੈ। ਇਸ ਮੌਕੇ ਵੀਕੇ ਸਿੰਘ ਨੇ ਕਿਹਾ ਕਿ ਸੁਰੰਗ ਅੰਦਰ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀਆਂ ਪੂਰੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਹ ਬਚਾਅ ਕਾਰਜ 2-3 ਦਿਨ ਅੰਦਰ ਮੁਕੰਮਲ ਹੋ ਜਾਣ। ਸੁਰੰਗ ਦਾ ਨਿਰਮਾਣ ਕਰ ਰਹੀ ਨਵਯੁਗ ਇੰਜਨੀਅਰਿੰਗ ਕੰਪਨੀ ਦੇ ਲੋਕ ਸੰਪਰਕ ਅਧਿਕਾਰੀ ਜੀਐੱਲ ਨਾਥ ਨੇ ਕਿਹਾ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਹਰ ਅੱਧੇ ਘੰਟੇ ਅੰਦਰ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਪਾਈਪਾਂ ਰਾਹੀਂ ਆਕਸੀਜ਼ਨ, ਬਜਿਲੀ, ਦਵਾਈਆਂ ਤੇ ਪਾਣੀ ਵੀ ਪਹੁੰਚਾਇਆ ਜਾ ਰਿਹਾ ਹੈ।800 ਤੇ 900 ਮੀਟਰ ਦੇ ਵੱਡੇ ਵਿਆਸ ਦੀਆਂ ਸਟੀਲ ਦੀਆਂ ਪਾਈਪਾਂ ਮਲਬੇ ’ਚ ਡਰਿਲਿੰਗ ਕਰਕੇ ਬਣਾਏ ਜਾ ਰਹੇ ਰਾਹ ’ਚ ਪਾਈਆਂ ਜਾਣਗੀਆਂ ਜਿਸ ਨਾਲ ਇੱਕ ਸੁਰੰਗ ਬਣ ਜਾਵੇਗੀ ਤੇ ਉਸ ਰਾਹੀਂ ਮਜ਼ਦੂਰ ਬਾਹਰ ਆ ਸਕਣਗੇ। ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਨੇੜੇ ਛੇ ਬਿਸਤਰਿਆਂ ਦਾ ਆਰਜ਼ੀ ਮੈਡੀਕਲ ਕੇਂਦਰ ਤਿਆਰ ਕੀਤਾ ਗਿਆ ਅਤੇ ਮੌਕੇ ’ਤੇ 10 ਐਂਬੂਲੈਂਸਾਂ ਨਾਲ ਮੈਡੀਕਲ ਟੀਮਾਂ ਵੀ ਤਾਇਨਾਤ ਹਨ ਤਾਂ ਜੋ ਮਜ਼ਦੂਰਾਂ ਦੇ ਬਾਹਰ ਨਿਕਲਣ ’ਤੇ ਉਨ੍ਹਾਂ ਨੂੰ ਤੁਰੰਤ ਮੈਡੀਕਲ ਮਦਦ ਦਿੱਤੀ ਜਾ ਸਕੇ। -ਪੀਟੀਆਈਬਚਾਅ ਕਾਰਜਾਂ ਲਈ ਡਰਿਲਿੰਗ ਮਸ਼ੀਨ ਦੀ ਵਰਤੋਂ ਕਰਦੇ ਹੋਏ ਇੰਜਨੀਅਰ।