ਚੰਡੀਗੜ੍ਹ: ਭਾਜਪਾ ਨੇ ਜਿੱਤੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ

ਚੰਡੀਗੜ੍ਹ: ਭਾਜਪਾ ਨੇ ਜਿੱਤੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ

ਚੰਡੀਗੜ੍ਹ-ਸੋਮਵਾਰ ਨੂੰ ਨਗਰ ਨਿਗਮ ਸਦਨ ਵਿੱਚ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ। ਨਵ-ਨਿਯੁਕਤ ਮੇਅਰ ਕੁਲਦੀਪ ਕੁਮਾਰ ਨੇ ਬਤੌਰ ਪ੍ਰੀਜ਼ਾਈਡਿੰਗ ਅਫ਼ਸਰ ਚੋਣ ਕਰਵਾਈ। ਨਗਰ ਨਿਗਮ ਵਿੱਚ ਕੁੱਲ 36 ਵੋਟਾਂ ਵਿੱਚੋਂ ਸੀਨੀਅਰ ਡਿਪਟੀ ਮੇਅਰ ਲਈ ਹੋਈ ਵੋਟਿੰਗ ਵਿੱਚ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੂੰ 19 ਵੋਟਾਂ ਮਿਲੀਆਂ ਜਦੋਂ ਕਿ ‘ਆਪ’- ਕਾਂਗਰਸ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਨੂੰ 16 ਵੋਟਾਂ ਮਿਲੀਆਂ, ਇੱਕ ਵੋਟ ਰੱਦ ਕਰ ਦਿੱਤੀ ਗਈ ਸੀ। ਡਿਪਟੀ ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਭਾਜਪਾ ਦੇ ਰਾਜਿੰਦਰ ਸ਼ਰਮਾ ਨੇ ‘ਇੰਡੀਆ’ ਗੱਠਜੋੜ ਦੀ ਨਿਰਮਲਾ ਦੇਵੀ ਨੂੰ ਦੋ ਵੋਟਾਂ ਨਾਲ ਹਰਾਇਆ। ਭਾਜਪਾ ਦੇ ਰਾਜਿੰਦਰ ਸ਼ਰਮਾ ਨੂੰ 19 ਅਤੇ ‘ਇੰਡੀਆ’ ਗੱਠਜੋੜ ਦੀ ਨਿਰਮਲਾ ਦੇਵੀ ਨੂੰ 17 ਵੋਟਾਂ ਮਿਲੀਆਂ। ‘ਆਪ’ ਦੇ ਕੌਂਸਲਰ ਪੂਨਮ, ਨੇਹਾ ਤੇ ਗੁਰਚਰਨ ਜੀਤ ਸਿੰਘ ਕਾਲਾ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ ਤੇ ਉਹ ਸੋਮਵਾਰ ਨੂੰ ਸਿੱਧੇ ਨਗਰ ਨਿਗਮ ਭਵਨ ਪੁੱਜੇ ਅਤੇ ਵੋਟਿੰਗ ਵਿੱਚ ਹਿੱਸਾ ਲਿਆ। ਸੰਸਦ ਮੈਂਬਰ ਕਿਰਨ ਖੇਰ ਨੇ ਆਪਣੀ ਪਹਿਲੀ ਵੋਟ ਪਾਈ। ਕਿਰਨ ਖੇਰ ਦੇ ਵੋਟ ਪਾਉਣ ਤੋਂ ਪਹਿਲਾ ਕੌਂਸਲਰ ਸੌਰਭ ਜੋਸ਼ੀ ਉਨ੍ਹਾਂ ਦੇ ਨੇੜੇ ਆ ਗਏ, ਜਿਸ ਕਾਰਨ ਨਿਗਮ ਸਦਨ ਵਿੱਚ ਹੰਗਾਮਾ ਹੋ ਗਿਆ। ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਕੋਈ ਕੌਂਸਲਰ ਵੋਟ ਪਾਉਣ ਤੋਂ ਪਹਿਲਾਂ ਆਪਣੀ ਸੀਟ ਤੋਂ ਉੱਠ ਕੇ ਵੋਟ ਪਾਉਣ ਵਾਲੇ ਵਿਅਕਤੀ ਕੋਲ ਕਿਵੇਂ ਜਾ ਸਕਦਾ ਹੈ। ਹਾਲਾਂਕਿ ਬਾਅਦ ਵਿੱਚ ਮੇਅਰ ਦੇ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਨਗਰ ਨਿਗਮ ਦੇ ਜੁਆਇੰਟ ਸਕੱਤਰ ਗੁਰਿੰਦਰ ਸਿੰਘ ਸੋਢੀ ਦੇ ਮੇਅਰ ਕੁਲਦੀਪ ਕੁਮਾਰ ਨਾਲ ਬੈਠਣ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਹੋਇਆ। ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਕੌਂਲਸਰ ਸੌਰਭ ਜੋਸ਼ੀ ਨੇ ਇਤਰਾਜ਼ ਉਠਾਇਆ ਸੀ। 19 ਫਰਵਰੀ ਨੂੰ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਕੌਂਸਲਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ 14 ਤੋਂ ਵਧ ਕੇ 17 ਹੋ ਗਈ ਹੈ। ‘ਆਪ’ ਦੇ 10 ਅਤੇ ਕਾਂਗਰਸ ਦੇ 7 ਕੌਂਸਲਰ ਹਨ।