
ਚੰਡੀਗੜ੍ਹ-16ਵੀਂ ਪੰਜਾਬ ਵਿਧਾਨ ਸਭਾ ਦਾ ਪੰਜਵਾਂ ਸਰਦ ਰੁੱਤ ਇਜਲਾਸ ਮੰਗਲਵਾਰ ਨੂੰ ਸ਼ੁਰੂ ਹੋ ਰਿਹਾ ਹੈ ਜਿਸ ਵਿਚ ‘ਆਪ’ ਸਰਕਾਰ ਪੰਜ ਬਿੱਲ ਲਿਆਏਗੀ। ਰਾਜਪਾਲ ਵੱਲੋਂ ਤਿੰਨ ਮਨੀ ਬਿੱਲਾਂ ਨੂੰ ਅਗਾਊਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਇਨ੍ਹਾਂ ਬਿੱਲਾਂ ਨੂੰ ਸਦਨ ਵਿਚ ਪੇਸ਼ ਕਰਨਗੇ। ਸੁਪਰੀਮ ਕੋਰਟ ਦੇ 10 ਨਵੰਬਰ ਦੇ ਫ਼ੈਸਲੇ ਮਗਰੋਂ ਇਹ ਪੰਜਵਾਂ ਇਜਲਾਸ ਹੋ ਰਿਹਾ ਹੈ ਅਤੇ ਇਸ ਇਜਲਾਸ ਵਿਚ ਐਤਕੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਸੁਧਰ ਰਹੇ ਸਬੰਧਾਂ ਦੀ ਝਲਕ ਵੀ ਦੇਖਣ ਨੂੰ ਮਿਲ ਸਕਦੀ ਹੈ। ਉਂਜ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ। ਬਜਟ ਇਜਲਾਸ ਦੇ ਵਿਸਥਾਰ ਵਜੋਂ ਜੂਨ ਅਤੇ ਅਕਤੂਬਰ ’ਚ ਹੋਈਆਂ ਵਿਸ਼ੇਸ਼ ਬੈਠਕਾਂ ’ਚ ਰਾਜਪਾਲ ਸੱਤਾਧਾਰੀ ਧਿਰ ਦੇ ਨਿਸ਼ਾਨੇ ’ਤੇ ਰਹੇ ਸਨ ਪਰ ਐਤਕੀਂ ਮੁੱਖ ਮੰਤਰੀ ਨਵੇਂ ਬਣੇ ਹਾਲਾਤ ਦੇ ਮੱਦੇਨਜ਼ਰ ਰਾਜਪਾਲ ਪ੍ਰਤੀ ਆਪਣਾ ਸਨੇਹ ਦਿਖਾ ਸਕਦੇ ਹਨ। ਮੁੱਖ ਮੰਤਰੀ ਸੈਸ਼ਨ ਦੌਰਾਨ ਗੰਨੇ ਦੇ ਭਾਅ ’ਚ ਵਾਧੇ ਦਾ ਐਲਾਨ ਵੀ ਕਰ ਸਕਦੇ ਹਨ। ਦੋ ਦਿਨਾ ਸਰਦ ਰੁੱਤ ਸੈਸ਼ਨ ਭਲਕੇ ਦੁਪਹਿਰ ਦੋ ਵਜੇ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਨਾਲ ਸ਼ੁਰੂ ਹੋਵੇਗਾ। ਇਸ ਮਗਰੋਂ ਢਾਈ ਵਜੇ ਵਿਧਾਨਕ ਕੰਮ-ਕਾਰ ਹੋਵੇਗਾ। ਜ਼ਿਕਰਯੋਗ ਹੈ ਕਿ 20 ਅਕਤੂਬਰ ਨੂੰ ਮੁੱਖ ਮੰਤਰੀ ਨੇ ਰਾਜਪਾਲ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਦਾ ਰੁਖ਼ ਕਰਨ ਦਾ ਐਲਾਨ ਕਰਕੇ ਸੈਸ਼ਨ ਦੀ ਕਾਰਵਾਈ ਅੱਧ-ਵਿਚਾਲੇ ਉਠਾ ਦਿੱਤੀ ਸੀ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਸਰਦ ਰੁੱਤ ਇਜਲਾਸ ਦੌਰਾਨ ‘ਆਪ’ ਸਰਕਾਰ ਨੂੰ ਸੂਬੇ ਦੀ ਵਿੱਤੀ ਸਿਹਤ, ਅਮਨ-ਕਾਨੂੰਨ ਅਤੇ ਮਾਈਨਿੰਗ ਦੇ ਮੁੱਦੇ ’ਤੇ ਘੇਰਾਬੰਦੀ ਦੀ ਤਿਆਰੀ ਖਿੱਚੀ ਹੈ। ਵਿਰੋਧੀ ਧਿਰ ਵੱਲੋਂ ‘ਆਪ’ ਸਰਕਾਰ ਵੱਲੋਂ ਚੁੱਕੇ ਗਏ ਕਰਜ਼ੇ ਦਾ ਮੁੱਦਾ ਵੀ ਉਠਾਇਆ ਜਾਵੇਗਾ। ‘ਆਪ’ ਸਰਕਾਰ ਨੇ ਚਲੰਤ ਵਿੱਤੀ ਸਾਲ ਦੇ ਸੱਤ ਮਹੀਨਿਆਂ ਦੌਰਾਨ 20457.93 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ ਅਤੇ ਇਸੇ ਤਰ੍ਹਾਂ ਸਾਲ 2022-23 ਦੌਰਾਨ ਸਰਕਾਰ ਨੇ 30899.81 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਹੁਣ ਤੱਕ ‘ਆਪ’ ਦੇ ਸ਼ਾਸਨ ਦੌਰਾਨ 51357.74 ਕਰੋੜ ਦਾ ਨਵਾਂ ਕਰਜ਼ਾ ਪੰਜਾਬ ਸਿਰ ਚੜ੍ਹ ਚੁੱਕਾ ਹੈ।