ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਕਿਸਾਨ ਪੰਜਾਬ ਭਰ ’ਚ ਐਕਸੀਅਨ ਦਫ਼ਤਰ ਅੱਗੇ ਮੁਜ਼ਾਹਰੇ; ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਕਿਸਾਨ ਪੰਜਾਬ ਭਰ ’ਚ ਐਕਸੀਅਨ ਦਫ਼ਤਰ ਅੱਗੇ ਮੁਜ਼ਾਹਰੇ; ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਕਿਸਾਨ ਸੜਕਾਂ ’ਤੇ ਉਤਰ ਗਏ ਹਨ। ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸੂਬੇ ਵਿੱਚ ਲਗਪਗ ਦਰਜਨ ਥਾਵਾਂ ’ਤੇ ਐਕਸੀਅਨਾਂ ਦੇ ਦਫ਼ਤਰਾਂ ਅੱਗੇ ਮੁਜ਼ਾਹਰੇ ਕੀਤੇ। ਇਸ ਦੌਰਾਨ ਕਿਸਾਨਾਂ ਵੱਲੋਂ ਮੋਗਾ, ਬਾਘਾ ਪੁਰਾਣਾ, ਫ਼ਿਰੋਜ਼ਪੁਰ, ਜ਼ੀਰਾ, ਸਮਾਣਾ, ਬਟਾਲਾ, ਮੌੜ, ਰਾਮਪੁਰਾ, ਭਗਤਾ, ਮਾਨਸਾ, ਫ਼ਰੀਦਕੋਟ ਅਤੇ ਅਜਨਾਲਾ ’ਚ ਧਰਨੇ ਦਿੱਤੇ ਗਏ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ ਬਿਜਲੀ ਸਰਪੱਲਸ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਗਰਮੀ ਦੀ ਸ਼ੁਰੂਆਤ ਹੀ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਪਿੰਡਾਂ ਵਿੱਚ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਹਨ ਅਤੇ ਸਾਰੀ ਰਾਤ ਬਿਜਲੀ ਨਹੀਂ ਆਉਂਦੀ। ਬਿਜਲੀ ਨਾ ਆਉਣ ਕਾਰਨ ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਲਾਗੂ ਕਰ ਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ’ਚ ਦੇਣ ਦੀਆਂ ਤਿਆਰੀਆਂ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਬਿਜਲੀ ਬੋਰਡ ਵਿੱਚ ਮੁਲਾਜ਼ਮਾਂ ਦੀ ਭਰਤੀ ਨਹੀਂ ਕਰ ਰਹੀ। ਪੰਜਾਬ ਵਿੱਚ ਬਿਜਲੀ ਦੀ ਮੰਗ ਸਰਕਾਰ ਪੂਰੀ ਨਹੀਂ ਕਰ ਪਾ ਰਹੀ। ਇਸ ਤੋਂ ਇਲਾਵਾ ਖੇਤੀ ਮੋਟਰਾਂ ਲਈ ਵੀ ਬਿਜਲੀ ਸਮੇਂ ਸਿਰ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ ਲਈ ਬਿਜਲੀ ਨਾ ਮਿਲਣ ਕਾਰਨ ਬਰਸੀਮ, ਟਾਂਡੀ, ਮੱਕੀ ਸਣੇ ਹੋਰ ਫ਼ਸਲਾਂ ਸੁੱਕ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਮੰਗ ਕੀਤੀ ਕਿ ਦਿਨ ਵੇਲੇ ਬਿਜਲੀ ਦੇ ਕੱਟਾਂ ’ਚ ਕਮੀ ਲਿਆਂਦੀ ਜਾਵੇ ਅਤੇ ਰਾਤ ਨੂੰ ਬਿਲਕੁਲ ਵੀ ਕੱਟ ਨਾ ਲਾਏ ਜਾਣ। ਖੇਤੀ ਮੋਟਰਾਂ ਵਾਲੀ ਬਿਜਲੀ ਘੱਟੋ-ਘੱਟ ਅੱਠ ਘੰਟੇ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਬਿਜਲੀ ਕੱਟ ਲੱਗਣੇ ਬੰਦ ਨਾ ਹੋਏ ਤਾਂ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਫਰੀਦੇਵਾਲਾ, ਗੁਰਭਾਗ ਸਿੰਘ ਮਰੂੜ, ਜਗਮੋਹਨ ਸਿੰਘ ਕੰਗ, ਗੁਰਦੀਪ ਸਿੰਘ ਵੈਰੋਕੇ, ਜਸਵਿੰਦਰ ਸਿੰਘ ਗੁਰੂਸਰ, ਗੁਰਨਾਮ ਸਿੰਘ ਢੈਠਲ, ਰਣਜੀਤ ਸਿੰਘ ਸਵਾਜਪੁਰ, ਜਰਨੈਲ ਸਿੰਘ ਕਾਲੇਕੇ, ਸੁਖਵਿੰਦਰ ਕੌਰ ਰਾਮਪੁਰਾ, ਕੁਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।