ਨਵੀਂ ਚਾਰਦੀਵਾਰੀ: ਸਕੂਲ ਅਧਿਆਪਕਾਂ ’ਤੇ ਪਈ ਭਾਰੀ ਫੰਡ ਵਾਪਸ ਲੈਣ ਕਾਰਨ ਕੰਧਾਂ ਦੀ ਉਸਾਰੀ ਦੇ ਪੈਸੇ ਅਧਿਆਪਕ ਪੱਲਿਓਂ ਦੇਣ ਲਈ ਮਜਬੂਰ

ਨਵੀਂ ਚਾਰਦੀਵਾਰੀ: ਸਕੂਲ ਅਧਿਆਪਕਾਂ ’ਤੇ ਪਈ ਭਾਰੀ ਫੰਡ ਵਾਪਸ ਲੈਣ ਕਾਰਨ ਕੰਧਾਂ ਦੀ ਉਸਾਰੀ ਦੇ ਪੈਸੇ ਅਧਿਆਪਕ ਪੱਲਿਓਂ ਦੇਣ ਲਈ ਮਜਬੂਰ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ’ਚ ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਹੁਣ ਸਕੂਲ ਅਧਿਆਪਕਾਂ ’ਤੇ ਭਾਰੀ ਪੈਣ ਲੱਗੀ ਹੈ। ਸਕੂਲ ਮੁਖੀਆਂ ਵੱਲੋਂ ਸਕੂਲਾਂ ਦੀ ਮੁਰੰਮਤ ਅਤੇ ਚਾਰਦੀਵਾਰੀ ਦੀ ਉਸਾਰੀ ਸ਼ੁਰੂ ਕਰਵਾ ਲਈ ਪਰ ਹੁਣ ਇਹ ਫੰਡ ਸਰਕਾਰ ਨੇ ਵਾਪਸ ਲੈ ਲਏ। ਜ਼ਿਲ੍ਹਾ ਬਠਿੰਡਾ ਦੇ ਪਿੰਡ ਮੁਲਤਾਨੀਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਦੀ ਮੁਰੰਮਤ ਲਈ 3.10 ਲੱਖ ਰੁਪਏ ਦੀ ਗਰਾਂਟ ਜਾਰੀ ਹੋਈ ਪ੍ਰੰਤੂ ਸਰਕਾਰ ਨੇ ਸਿਰਫ 20 ਫੀਸਦੀ ਅਦਾਇਗੀ ਹੀ ਕੀਤੀ। ਸਕੂਲ ਮੁਖੀ ਜਸਵਿੰਦਰ ਸਿੰਘ ਆਖਦੇ ਹਨ ਕਿ ਕੰਧ ਦਾ ਕੰਮ 95 ਫੀਸਦੀ ਮੁਕੰਮਲ ਹੋ ਚੁੱਕਿਆ ਹੈ ਪ੍ਰੰਤੂ ਸਰਕਾਰ ਨੇ 20 ਫੀਸਦੀ ਪੈਸੇ ਹੀ ਭੇਜੇ ਹਨ।

ਜਸਵਿੰਦਰ ਸਿੰਘ ਆਖਦਾ ਹੈ ਕਿ ਹੁਣ ਫਰਮਾਂ ਵਾਲੇ ਉਨ੍ਹਾਂ ਤੋਂ ਪੈਸੇ ਮੰਗ ਰਹੇ ਹਨ। ਉਹ ਜ਼ਿਲ੍ਹਾ ਸਿੱਖਿਆ ਦਫਤਰ ’ਚ ਚੱਕਰ ਮਾਰ ਮਾਰ ਕੇ ਵੀ ਪ੍ਰੇਸ਼ਾਨ ਹੋ ਗਿਆ ਹੈ ਪ੍ਰੰਤੂ ਕੋਈ ਬਾਂਹ ਫੜਨ ਨੂੰ ਤਿਆਰ ਨਹੀਂ। ਸਰਕਾਰੀ ਪ੍ਰਾਇਮਰੀ ਸਕੂਲ ਦਿਉਣ (ਬਠਿੰਡਾ) ਦੇ 7 ਲੱਖ ਰੁਪਏ, ਸ ਸ ਸ ਸ ਸਕੂਲ ਮੁਲਤਾਨੀਆਂ (ਬਠਿੰਡਾ ) ਦੇ 3.5 ਲੱਖ ਰੁਪਏ, ਸ ਪ ਸ ਜਨਤਾ ਨਗਰ ਬਠਿੰਡਾ ਦੇ 60000 ਰੁਪਏ ਖ਼ਰਚ ਹੋ ਚੁੱਕੇ ਹਨ। ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੇ ਪੱਲਿਓਂ ਖ਼ਰਚੇ ਵੀ ਕੀਤੇ ਹਨ। ਫਰੀਦਕੋਟ ਦੇ ਪਿੰਡ ਘਣੀਏ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰਦੀਵਾਰੀ ਵਿਚਾਲੇ ਲਟਕ ਗਈ ਹੈ।

5.93 ਲੱਖ ਦੀ ਗਰਾਂਟ ’ਚੋਂ ਇਸ ਸਕੂਲ ਨੂੰ 3.10 ਲੱਖ ਰੁਪਏ ਹੀ ਮਿਲੇ ਹਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਦੀ ਅਣਗਹਿਲੀ ਕਾਰਨ 31 ਮਾਰਚ ਤੋਂ ਪਹਿਲਾਂ ਹੀ ਸਰਕਾਰ ਨੇ ਗਰਾਂਟ ਵਾਪਸ ਲੈ ਲਈ। ਮਾਰਚ ਮਹੀਨੇ ਦੇ ਸ਼ੁਰੂ ਵਿੱਚ ਈ ਡੀ ਐੱਸ 43 ਅਤੇ 83 ਤਹਿਤ ਸਕੂਲਾਂ ਦੀ ਮੁਰੰਮਤ ਅਤੇ ਨਵੀਂ ਚਾਰਦੀਵਾਰੀ ਲਈ ਫੰਡ ਆਏ ਸਨ, ਜਿਨ੍ਹਾਂ ਦੇ ਬਿੱਲ ਸਕੂਲਾਂ ਵੱਲੋਂ ਜ਼ਿਲ੍ਹਾ ਸਿੱਖਿਆ ਦਫਤਰਾਂ ’ਚ ਜਮ੍ਹਾਂ ਕਰਾਏ ਗਏ ਪ੍ਰੰਤੂ ਇਹ ਬਿੱਲ ਪਾਸ ਨਹੀਂ ਹੋ ਸਕੇ।

ਪੰਜਾਬ ਸਰਕਾਰ ਨੇ 20 ਮਾਰਚ ਨੂੰ ਹੀ ਸਾਰੀ ਗਰਾਂਟ ਵਾਪਸ ਲੈ ਲਈ। ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਸਿੱਖਿਆ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਪੁਰਾਣੀ ਚਾਰਦੀਵਾਰੀ ਢਾਹ ਦਿੱਤੀ ਅਤੇ ਨਵੀਂ ਉਸਾਰੀ ਲਈ ਅਧਿਆਪਕਾਂ ਨੇ ਫਰਮਾਂ ਤੋਂ ਉਧਾਰ ਸਮਾਨ ਚੁੱਕ ਕੇ ਕੰਮ ਸ਼ੁਰੂ ਕਰਵਾ ਦਿੱਤਾ।

ਕਈ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਮਿਸਤਰੀਆਂ ਅਤੇ ਮਜ਼ਦੂਰਾਂ ਨੂੰ ਪੱਲਿਓਂ ਦਿਹਾੜੀ ਦੇਣੀ ਪੈ ਰਹੀ ਹੈ। ਅਧਿਆਪਕ ਆਗੂਆਂ ਦਾ ਗਿਲਾ ਹੈ ਕਿ ਪੰਜਾਬ ਸਰਕਾਰ ਸਕੂਲਾਂ ਦੀਆਂ ਨਵੀਆਂ ਉਸਾਰੀਆਂ ਦੇ ਵਿਧਾਇਕਾਂ ਤੋਂ ਉਦਘਾਟਨ ਕਰਾਉਣ ਲਈ ਫਰਮਾਨ ਜਾਰੀ ਕਰ ਰਹੀ ਹੈ ਪ੍ਰੰਤੂ ਸਰਕਾਰ ਫੰਡ ਜਾਰੀ ਨਹੀਂ ਕਰ ਰਹੀ।