ਪੰਜਾਬ ’ਚ ਵੀਰਵਾਰ ਨੂੰ ਨਹੀਂ ਹੋਵੇਗਾ ਬਲੈਕਆਊਟ

ਪੰਜਾਬ ’ਚ ਵੀਰਵਾਰ ਨੂੰ ਨਹੀਂ ਹੋਵੇਗਾ ਬਲੈਕਆਊਟ

ਡਰਿੱਲ ਕਰਵਾਉਣ ਵਾਲਾ ਸਿਵਲ ਡਿਫੈਂਸ ਸਟਾਫ ਖ਼ੁਦ ਟਰੇਨਿੰਗ ’ਤੇੇ; 3 ਜੂਨ ਨੂੰ ਸ਼ਾਮ 7.30 ਵਜੇ ਕੀਤਾ ਜਾਵੇਗਾ ‘ਅਪਰੇਸ਼ਨ ਸ਼ੀਲਡ’

ਚੰਡੀਗੜ੍ਹ,(ਪੰਜਾਬੀ ਰਾਈਟਰ)- ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਪੰਜਾਬ ਵਿੱਚ 29 ਮਈ ਨੂੰ ‘ਬਲੈਕਆਊਟ’ (ਅਪਰੇਸ਼ਨ ਸ਼ੀਲਡ) ਨਹੀਂ ਕੀਤਾ ਜਾਵੇਗਾ। ਪੰਜਾਬ ਪੁਲੀਸ ਨੇ 29 ਮਈ ਦੀ ਥਾਂ 3 ਜੂਨ ਨੂੰ ਸ਼ਾਮ 7.30 ਵਜੇ ‘ਬਲੈਕਆਊਟ’ (ਅਪਰੇਸ਼ਨ ਸ਼ੀਲਡ) ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਅੱਜ ਵਿਸ਼ੇਸ਼ ਡੀਜੀਪੀ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਸੰਜੀਵ ਕਾਲੜਾ ਨੇ ਸੂਬੇ ਦੇ ਮੁੱਖ ਸਕੱਤਰ, ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ। ਸ੍ਰੀ ਕਾਲੜਾ ਨੇ ਜਾਰੀ ਪੱਤਰ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ 3 ਜੂਨ ਨੂੂੰ ਸ਼ਾਮ 7.30 ਵਜੇ ‘ਅਪਰੇਸ਼ਨ ਸ਼ੀਲਡ’ ਨੂੰ ਅੰਜਾਮ ਦੇਣ ਦੇ ਨਿਰਦੇਸ਼ ਦਿੱਤੇ ਹਨ।

ਸ੍ਰੀ ਕਾਲੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਆਫ਼ਤ ਨਾਲ ਨਜਿੱਠਣ ਦੌਰਾਨ ਲੋੜੀਂਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ 29 ਮਈ ਨੂੰ ਸਿਵਲ ਡਿਫੈਂਸ ਵਾਸਤੇ ‘ਅਪਰੇਸ਼ਨ ਸ਼ੀਲਡ’ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੌਰਾਨ ਕੁਝ ਸਮੇਂ ਲਈ ‘ਬਲੈਕਆਊਟ’ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਆਫ਼ਤ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ, ਸਿਹਤ ਸਹੂਲਤਾਂ ਅਤੇ ਹੋਰ ਸਿਵਲ ਡਿਫੈਂਸ ਵਾਲੰਟੀਅਰਾਂ ਦੀ ਚੌਕਸੀ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 29 ਮਈ ਨੂੰ ਇਹ ਮੌਕ ਡਰਿੱਲ ਨਹੀਂ ਕੀਤੀ ਜਾਵੇਗੀ ਕਿਉਂਕਿ ਇਹ ਡਰਿੱਲ ਸਿਵਲ ਡਿਫੈਂਸ ਦੇ ਸਟਾਫ ਵੱਲੋਂ ਕਰਵਾਈ ਜਾਣੀ ਹੈ, ਪਰ ਉਹ ਖ਼ੁਦ ਟਰੇਨਿੰਗ ’ਤੇ ਚੱਲ ਰਹੇ ਹਨ। ਇਸੇ ਕਰਕੇ ਪੰਜਾਬ ਵਿੱਚ ਕੀਤੀ ਜਾਣ ਵਾਲੀ ਮੌਕ ਡਰਿੱਲ ਹੁਣ 3 ਜੂਨ ਨੂੰ ਸ਼ਾਮ 7.30 ਵਜੇ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਗੋਲੀਬੰਦੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਤਿਆਰੀ ਵਿੱਢੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਸਰਹੱਦੀ ਸੂਬਿਆਂ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਤੇ ਗੁਜਰਾਤ ਵਿੱਚ 29 ਮਈ ਨੂੰ ਸਿਵਲ ਡਿਫੈਂਸ ਮਸ਼ਕਾਂ ਤਹਿਤ ‘ਅਪਰੇਸ਼ਨ ਸ਼ੀਲਡ’ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਸਰਹੱਦੀ ਸੂਬਿਆਂ ਵਿੱਚ ਕੁਝ ਸਮੇਂ ਲਈ ‘ਬਲੈਕਆਊਟ’ ਕੀਤਾ ਜਾਵੇਗਾ ਪਰ ਪੰਜਾਬ ਵਿੱਚ 29 ਮਈ ਦੀ ਥਾਂ 3 ਜੂਨ ਦਿਨ ਨੂੰ ਮੌਕ ਡਰਿੱਲ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।