
ਹੁਣ ਤੱਕ ਕੁੱਲ 46.49 ਲੱਖ ਟਨ ਕਣਕ ’ਚੋਂ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ 10 ਫੀਸਦ ਕਣਕ
ਚੰਡੀਗੜ੍ਹ,(ਪੰਜਾਬੀ ਰਾਈਟਰ)- ਮੌਜੂਦਾ ਹਾੜ੍ਹੀ ਦੇ ਸੀਜ਼ਨ ’ਚ ਪ੍ਰਾਈਵੇਟ ਵਪਾਰੀ ਕਣਕ ਦੀ ਹੱਥੋ-ਹੱਥ ਖ਼ਰੀਦ ਕਰ ਰਹੇ ਹਨ। ਬੀਤੇ ਵਰ੍ਹੇ ਕਣਕ ਦੇ ਭਾਅ ਉੱਚੇ ਰਹੇ ਸਨ, ਜਿਸ ਨੂੰ ਦੇਖਦਿਆਂ ਐਤਕੀਂ ਪ੍ਰਾਈਵੇਟ ਵਪਾਰੀ ਕਣਕ ਭੰਡਾਰ ਕਰਨ ਦੇ ਰਾਹ ਪਏ ਹਨ। ਪੰਜਾਬ ਦੇ ਕਿਸਾਨ ਦੀ ਫ਼ਸਲ ਦੀ ਵੁੱਕਤ ਵੀ ਵਧੀ ਹੈ। ਤਾਹੀਓਂ ਸਰਕਾਰ ਤੇ ਪ੍ਰਾਈਵੇਟ ਵਪਾਰੀ ਖ਼ਰੀਦ ਦੇ ਮਾਮਲੇ ’ਚ ਮੁਕਾਬਲੇ ਵਿੱਚ ਹਨ। ਹੁਣ ਤੱਕ ਕਰੀਬ 10 ਫ਼ੀਸਦੀ ਫ਼ਸਲ ਪ੍ਰਾਈਵੇਟ ਵਪਾਰੀਆਂ ਵੱਲੋਂ ਖ਼ਰੀਦੀ ਗਈ ਹੈ। ਪੰਜਾਬ ’ਚ ਅੱਜ ਤੱਕ 46.49 ਲੱਖ ਟਨ ਫ਼ਸਲ ਦੀ ਖ਼ਰੀਦ ਹੋਈ ਹੈ, ਜਿਸ ’ਚੋਂ 4.68 ਲੱਖ ਟਨ ਦੀ ਪ੍ਰਾਈਵੇਟ ਖ਼ਰੀਦ ਹੋਈ ਹੈ।
ਪੰਜਾਬ ਸਰਕਾਰ ਵੱਲੋਂ ਚਾਲੂ ਸੀਜ਼ਨ ਦੌਰਾਨ 124 ਲੱਖ ਟਨ ਕਣਕ ਦੀ ਸਰਕਾਰੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ। ਐਤਕੀਂ ਕਣਕ ਦਾ ਝਾੜ ਵਧਣ ਦੇ ਬਾਵਜੂਦ ਸਰਕਾਰੀ ਖ਼ਰੀਦ ਦਾ ਟੀਚਾ ਡਗਮਗਾ ਸਕਦਾ ਹੈ। ਕਣਕ ਦਾ ਸਰਕਾਰੀ ਭਾਅ 2425 ਰੁਪਏ ਪ੍ਰਤੀ ਕੁਇੰਟਲ ਹੈ, ਜੋ ਪਿਛਲੇ ਸਾਲ ਨਾਲੋਂ 150 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਹੈ। ਜਾਣਕਾਰੀ ਅਨੁਸਾਰ ਪ੍ਰਾਈਵੇਟ ਵਪਾਰੀ ਮੰਡੀਆਂ ’ਚੋਂ 2630 ਰੁਪਏ ਤੋਂ 2640 ਰੁਪਏ ਦਰਮਿਆਨ ਕਣਕ ਖ਼ਰੀਦ ਰਹੇ ਹਨ। ਇਸ ਵੇਲੇ ਮੰਡੀਆਂ ਵਿੱਚ ਫ਼ਸਲ ਦੀ ਆਮਦ ਤੇਜ਼ ਹੋ ਗਈ ਹੈ।
ਸੂਤਰ ਆਖਦੇ ਹਨ ਕਿ ਪਿਛਲੇ ਵਰ੍ਹੇ ਵਪਾਰੀਆਂ ਨੇ ਕਣਕ ਦੀ ਖ਼ਰੀਦ ’ਚੋਂ ਛੇ ਮਹੀਨਿਆਂ ਵਿੱਚ ਸੱਤ ਸੌ ਰੁਪਏ ਪ੍ਰਤੀ ਕੁਇੰਟਲ ਤੱਕ ਦਾ ਮੁਨਾਫ਼ਾ ਕਮਾਇਆ ਸੀ। ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ’ਚ ਸੂਬਾ ਸਰਕਾਰ ਕਣਕ ਦੀ ਫ਼ਸਲ ’ਤੇ 150 ਰੁਪਏ ਪ੍ਰਤੀ ਕੁਇੰਟਲ ਅਤੇ ਮੱਧ ਪ੍ਰਦੇਸ਼ ਸਰਕਾਰ 175 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇ ਰਹੀ ਹੈ। ਪੰਜਾਬ ਵਿੱਚ ਬਹੁਤੇ ਉੱਚੇ ਭਾਅ ’ਤੇ ਕਣਕ ਖਰੀਦਣੀ ਨਾ ਪੈਣ ਕਰਕੇ ਵੀ ਪੰਜਾਬ ਹੀ ਪ੍ਰਾਈਵੇਟ ਵਪਾਰੀਆਂ ਦੀ ਤਰਜੀਹ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ’ਚ ਸਭ ਤੋਂ ਵੱਧ ਪ੍ਰਾਈਵੇਟ ਖ਼ਰੀਦ 18,517 ਟਨ ਦੀ ਹੋਈ ਹੈ, ਜਦਕਿ ਲੁਧਿਆਣਾ ’ਚ 16,474 ਟਨ ਪ੍ਰਾਈਵੇਟ ਖ਼ਰੀਦ ਹੋਈ ਹੈ। ਇਸੇ ਤਰ੍ਹਾਂ ਪਟਿਆਲਾ ’ਚ 8089 ਟਨ ਪ੍ਰਾਈਵੇਟ ਖ਼ਰੀਦ ਹੋਈ ਹੈ।
ਮੌੜ ਮੰਡੀ ਦੇ ਬੀਜ ਵਿਕਰੇਤਾ ਪਰਗਟ ਮੌੜ ਨੇ ਕਿਹਾ ਕਿ ਕੰਪਨੀਆਂ ਬੀਜ ਲਈ ਵੀ ਕਣਕ ਦੀ ਖ਼ਰੀਦ ਕਰ ਰਹੀਆਂ ਹਨ। ਪਹਿਲਾਂ ਨਾਲੋਂ ਬੀਜ ਕੰਪਨੀਆਂ ਦਾ ਅੰਕੜਾ ਵੀ ਵਧਿਆ ਹੈ। ਸੂਤਰ ਦੱਸਦੇ ਹਨ ਕਿ ਜਿਨ੍ਹਾਂ ਕੰਪਨੀਆਂ ਨੂੰ ਮਾਰਕੀਟ ਫ਼ੀਸ ਤੋਂ ਛੋਟ ਹੈ, ਉਨ੍ਹਾਂ ਕੰਪਨੀਆਂ ਵੱਲੋਂ ਪ੍ਰਾਈਵੇਟ ਖ਼ਰੀਦ ਕੀਤੇ ਜਾਣ ਦੀ ਸੂਰਤ ਵਿੱਚ ਪੰਜਾਬ ਮੰਡੀ ਬੋਰਡ ਨੂੰ ਟੈਕਸਾਂ ਦੇ ਰੂਪ ਵਿੱਚ ਕੋਈ ਆਮਦਨ ਨਹੀਂ ਹੁੰਦੀ। ਕਈ ਮਾਰਕੀਟ ਕਮੇਟੀਆਂ ਇਸ ਰੁਝਾਨ ਨੂੰ ਘਾਟੇ ਦਾ ਸੌਦਾ ਵੀ ਮੰਨ ਰਹੀਆਂ ਹਨ। ਰਾਜਪੁਰਾ ਮੰਡੀ ਦੇ ਕਮਿਸ਼ਨ ਏਜੰਟ ਮਹਿੰਦਰ ਕ੍ਰਿਸ਼ਨ ਚੰਦ ਅਰੋੜਾ ਨੇ ਕਿਹਾ ਕਿ ਕਈ ਪਸ਼ੂ ਚਾਰਾ ਨਿਰਮਾਤਾ ਕੰਪਨੀਆਂ ਵੀ ਇੱਥੋਂ ਦੀਆਂ ਮੰਡੀਆਂ ’ਚੋਂ ਕਣਕ ਖ਼ਰੀਦ ਰਹੀਆਂ ਹਨ।
ਇੱਕ ਪੱਖ ਇਹ ਵੀ ਹੈ ਕਿ ਪੰਜਾਬ ਸਰਕਾਰ ਨੂੰ ਕਣਕ ਭੰਡਾਰਨ ਦੀ ਜੋ ਮੁਸ਼ਕਲ ਸਾਹਮਣੇ ਸੀ, ਉਹ ਵੀ ਪ੍ਰਾਈਵੇਟ ਖ਼ਰੀਦ ਦੇ ਵਧਣ ਕਰਕੇ ਕਾਫ਼ੀ ਹੱਦ ਤੱਕ ਨਜਿੱਠੀ ਜਾਣੀ ਹੈ। ਸਰਕਾਰ ਨੂੰ ਲੱਕੜਾਂ ਦੇ ਕਰੇਟਾਂ ਦੇ ਪ੍ਰਬੰਧ ਦਾ ਵੱਡਾ ਮਸਲਾ ਵੀ ਸੀ। ਇਸ ਵਰ੍ਹੇ ਕਣਕ ਦੇ ਭੰਡਾਰਨ ਲਈ 19 ਲੱਖ ਕਰੇਟਾਂ ਦੀ ਲੋੜ ਸੀ।
ਆਟਾ ਮਿੱਲਾਂ ਵੀ ਪੰਜਾਬ ਨੂੰ ਦੇਣ ਲੱਗੀਆਂ ਤਰਜੀਹ
ਸਥਾਨਕ ਆਟਾ ਮਿੱਲਾਂ ਦੀ ਤਰਜੀਹ ਵੀ ਪੰਜਾਬ ਹੀ ਹੈ, ਜਿੱਥੋਂ ਉਹ ਕਣਕ ਖ਼ਰੀਦ ਰਹੀਆਂ ਹਨ। ਪਹਿਲਾਂ ਇਹ ਮਿੱਲਾਂ ਉੱਤਰ ਪ੍ਰਦੇਸ਼ ਤੇ ਰਾਜਸਥਾਨ ’ਚੋਂ ਵੀ ਫ਼ਸਲ ਖ਼ਰੀਦਦੀਆਂ ਸਨ। ਦੂਸਰੇ ਸੂਬਿਆਂ ਨਾਲੋਂ ਪੰਜਾਬ ’ਚੋਂ ਕਣਕ ਦੀ ਖ਼ਰੀਦ ਸਸਤੀ ਪੈਂਦੀ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਪਹੁੰਚ ਵਾਲੇ ਕਿਸਾਨ ਤਾਂ ਕਣਕ ਨੂੰ ਘਰਾਂ ’ਚ ਹੀ ਸਟੋਰ ਕਰਨ ਨੂੰ ਤਰਜੀਹ ਦੇ ਰਹੇ ਹਨ। ਰੁਝਾਨਾਂ ਤੋਂ ਜਾਪਦਾ ਹੈ ਕਿ ਵੱਡੇ ਕਿਸਾਨ ਵੀ ਕਣਕ ਮੰਡੀਆਂ ਵਿੱਚ ਲਿਆਉਣ ਦੀ ਥਾਂ ਭੰਡਾਰ ਕਰਨਗੇ।