
ਮੌਸਮ ਵਿਭਾਗ ਵੱਲੋਂ 18 ਤੇ 19 ਅਪਰੈਲ ਨੂੰ ਹਨੇਰੀ ਤੇ ਮੀਂਹ ਦੀ ਪੇਸ਼ੀਨਗੋਈ; ਖਰਾਬ ਮੌਸਮ ਬਾਰੇ ‘ਯੈਲੋ’ ਅਲਰਟ ਜਾਰੀ
ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਤੇ ਹਰਿਆਣਾ ਵਿੱਚ ਪੈ ਰਹੀ ਤੇਜ਼ ਗਰਮੀ ਅਗਲੇ ਦੋ ਦਿਨ 16 ਤੇ 17 ਅਪਰੈਲ ਨੂੰ ਵੀ ਜਾਰੀ ਰਹੇਗੀ। ਇਸ ਦੌਰਾਨ ਦੋਵਾਂ ਸੂਬਿਆਂ ’ਚ ਤਾਪਮਾਨ ਵਿੱਚ 5 ਤੋਂ 6 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਨੇ 18 ਅਪਰੈਲ ਤੋਂ ਦੋਵਾਂ ਸੂਬਿਆਂ ਵਿੱਚ ਮੁੜ ਤੋਂ ਮੌਸਮ ਬਦਲਣ ਦੀ ਸੰਭਾਵਨਾ ਪ੍ਰਗਟਾਈ ਹੈ ਤੇ ਇਸ ਦੌਰਾਨ ਹਨੇਰੀ ਚੱਲਣ ਦੇ ਨਾਲ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਵੀ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਨੇ 18 ਤੇ 19 ਅਪਰੈਲ ਨੂੰ ਖਰਾਬ ਮੌਸਮ ਸਬੰਧੀ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਪੰਜਾਬ ਵਿੱਚ ਮੁੜ ਤੋਂ ਮੌਸਮ ਬਦਲਣ ਦੀ ਜਾਣਕਾਰੀ ਮਿਲਦੇ ਹੀ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ ਕਿਉਂਕਿ ਖੇਤਾਂ ’ਚ ਕਣਕ ਦੀਆਂ ਫ਼ਸਲਾਂ ਤਿਆਰ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ। ਇਸ ਸਮੇਂ ਤੇਜ਼ ਹਵਾਵਾਂ ਤੇ ਮੀਂਹ ਖੜ੍ਹੀ ਕਣਕ ਲਈ ਨੁਕਸਾਨਦਾਇਕ ਸਾਬਤ ਹੋਵੇਗਾ। ਦੂਜੇ ਪਾਸੇ ਮੰਡੀਆਂ ਵਿੱਚ ਵੀ ਕਣਕ ਦੀ ਆਮਦ ਨੇ ਜ਼ੋਰ ਫੜ ਲਿਆ ਹੈ ਤੇ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ। ਇਸ ਸਮੇਂ ਮੀਂਹ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਦਾ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.4 ਡਿਗਰੀ ਸੈਲਸੀਅਸ ਤੱਕ ਵੱਧ ਦਰਜ ਕੀਤਾ ਗਿਆ ਹੈ। ਅੱਜ ਪੰਜਾਬ ਵਿੱਚ ਬਠਿੰਡਾ ਏਅਰਪੋਰਟ ਨੇੜਲਾ ਇਲਾਕਾ ਸਭ ਤੋਂ ਵੱਧ ਗਰਮ ਰਿਹਾ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35.9 ਡਿਗਰੀ, ਅੰਮ੍ਰਿਤਸਰ ਵਿੱਚ 36.2, ਲੁਧਿਆਣਾ ਵਿੱਚ 36.8, ਪਟਿਆਲਾ ਵਿੱਚ 36.8, ਪਠਾਨਕੋਟ ਵਿੱਚ 36, ਬਠਿੰਡਾ ਸ਼ਹਿਰ ਵਿੱਚ 39.4, ਫਰੀਜਕੋਟ ਵਿੱਚ 39, ਗੁਰਦਾਸਪੁਰ ਵਿੱਚ 35.5, ਨਵਾਂ ਸ਼ਹਿਰ ਵਿੱਚ 34.4, ਫਤਹਿਗੜ੍ਹ ਸਾਹਿਬ ਵਿੱਚ 35.9, ਫਿਰੋਜ਼ਪੁਰ ਵਿੱਚ 38.3, ਹੁਸ਼ਿਆਰਪੁਰ ਵਿੱਚ 34.8, ਜਲੰਧਰ ਵਿੱਚ 36.7, ਮੋਗਾ ਵਿੱਚ 36.2, ਰੋਪੜ ਵਿੱਚ 35.1 ਤੇ ਮੁਹਾਲੀ ਵਿੱਚ 34.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ।