
ਸਦਨ ’ਚ ਲੋਕ ਪੱਖੀ ਮੁੱਦਿਆਂ ’ਤੇ ਉੱਠੇ ਸਵਾਲ; ਦਿਨੇਸ਼ ਚੱਢਾ ਨੇ ਜ਼ਿਲ੍ਹਾ ਰੋਪੜ ਦੇ 75 ਪਿੰਡਾਂ ਵਿੱਚ ਨਹਿਰੀ ਪਾਣੀ ਦੀ ਘਾਟ ਦਾ ਮੁੱਦਾ ਚੁੱਕਿਆ
ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ਦੌਰਾਨ ਖ਼ੁਰਾਕ ਤੇ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਦੇ ਸਵਾਲ ਦੇ ਜਵਾਬ ’ਚ ਕਿਹਾ ਕਿ ਕੇਂਦਰੀ ਸ਼ਰਤਾਂ ਕਾਰਨ ਸਮਾਰਟ ਰਾਸ਼ਨ ਕਾਰਡਾਂ ’ਚ ਨਵੇਂ ਮੈਂਬਰਾਂ ਦੇ ਨਾਮ ਸ਼ਾਮਲ ਨਹੀਂ ਕੀਤੇ ਜਾ ਸਕਦੇ। ਵਣਾਂਵਾਲੀ ਨੇ ਕਿਹਾ ਕਿ ਨਵੇਂ ਜਨਮਿਆਂ ਨੂੰ ਮੁਫ਼ਤ ਰਾਸ਼ਨ ਵਾਲੇ ਕਾਰਡਾਂ ’ਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਸਬੰਧਤ ਪਰਿਵਾਰ ਹੋਰ ਸਿਹਤ ਬੀਮਾ ਸਹੂਲਤਾਂ ਆਦਿ ਲੈਣ ਤੋਂ ਵੀ ਵਾਂਝੇ ਰਹਿ ਰਹੇ ਹਨ।
ਮੰਤਰੀ ਕਟਾਰੂਚੱਕ ਨੇ ਕਿਹਾ ਕਿ ਕੇਂਦਰੀ ਖ਼ੁਰਾਕ ਸੁਰੱਖਿਆ ਐਕਟ ਤਹਿਤ 1.41 ਕਰੋੜ ਲਾਭਪਾਤਰੀ ਹੀ ਅਨਾਜ ਲੈਣ ਦੇ ਯੋਗ ਹਨ ਤੇ ਪਹਿਲਾਂ ਹੀ ਇਸ ਤੋਂ ਇਲਾਵਾ 18 ਲੱਖ ਲਾਭਪਾਤਰੀ ਕੇਂਦਰੀ ਕੈਪਿੰਗ ਤੋਂ ਜ਼ਿਆਦਾ ਦਰਜ ਹਨ। ਵਣਾਂਵਾਲੀ ਨੇ ਪੋਰਟਲ ਬੰਦ ਹੋਣ ਦੀ ਸ਼ਿਕਾਇਤ ਰੱਖੀ। ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਸਵਾਲ ਦੇ ਜਵਾਬ ’ਚ ਸੈਰ ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬਠਿੰਡਾ ਦੀਆਂ ਝੀਲਾਂ ’ਤੇ ਫੂਡ ਹੱਬ ਬਣਾਏ ਜਾਣ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਤਜਵੀਜ਼ ਭੇਜੇਗਾ ਤਾਂ ਵਿਚਾਰ ਕੀਤੀ ਜਾਵੇਗੀ। ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਲਾਡੋਵਾਲ ਰੋਡ ’ਤੇ ਪੰਚਾਇਤੀ ਜ਼ਮੀਨ ਵਿੱਚ ਟਰੌਮਾ ਸੈਂਟਰ ਬਣਾਏ ਜਾਣ ਦੀ ਕੋਈ ਯੋਜਨਾ ਨਹੀਂ ਹੈ। ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਪੇਂਡੂ ਖੇਤਰ ਵਿੱਚ ਲਾਲ ਲਕੀਰ ਦੇ ਅੰਦਰ ਪਲਾਟ ਧਾਰਕਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ ਦਾ ਸਵਾਲ ਚੁੱਕਿਆ। ਵਿਧਾਇਕ ਅਮਿਤ ਰਤਨ ਨੇ ਸੰਗਤ ਮੰਡੀ ਦੇ 40 ਸਾਲ ਪੁਰਾਣੇ ਬਣੇ ਹਸਪਤਾਲ ਦੀ ਗੱਲ ਕੀਤੀ। ਦਿਨੇਸ਼ ਚੱਢਾ ਨੇ ਜ਼ਿਲ੍ਹਾ ਰੋਪੜ ਦੇ 75 ਪਿੰਡਾਂ ਵਿੱਚ ਨਹਿਰੀ ਪਾਣੀ ਦੀ ਘਾਟ ਦਾ ਹਵਾਲਾ ਦਿੱਤਾ। ਡਾ. ਚਰਨਜੀਤ ਸਿੰਘ ਨੇ ਆਨੰਦਪੁਰ ਸਾਹਿਬ, ਮੁਕਤਸਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਵਿਚਲੇ 125 ਗਜ਼ ਤੋਂ ਘੱਟ ਦੇ ਮਕਾਨਾਂ ਲਈ ਮੁਫ਼ਤ ਪੀਣ ਵਾਲੇ ਪਾਣੀ ਦੀ ਸਹੂਲਤ ਨਾ ਦਿੱਤੇ ਜਾਣ ਦਾ ਸਵਾਲ ਚੁੱਕਿਆ। ਗੁਰਦੇਵ ਮਾਨ ਦੇ ਸਵਾਲ ਦੇ ਜਵਾਬ ਵਿੱਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਲੰਘੇ ਦੋ ਸਾਲਾਂ ਵਿੱਚ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਤੇ ਡਿੱਗਣ ਵਾਲੇ 37,571 ਦਰੱਖਤਾਂ ਦੀ ਕਟਾਈ ਹੋਈ ਹੈ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਨੇ ਜ਼ਿਲ੍ਹੇ ਵਿਚਲੇ ਤੰਗ ਪੁਲਾਂ ਦਾ ਮੁੱਦਾ ਚੁੱਕਿਆ। ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਦੇ ਸਵਾਲ ਦੇ ਜਵਾਬ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਲਕਾ ਪਠਾਨਕੋਟ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫ਼ੰਡ ਰੋਕੇ ਜਾਣ ਕਰ ਕੇ ਨਹੀਂ ਹੋ ਸਕੀ।
ਸਦਨ ’ਚ ਧਿਆਨ ਦਿਵਾਊ ਮਤਿਆਂ ਤਹਿਤ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਉੱਤਰੀ ਹਲਕੇ ਵਿੱਚ ਪੈਂਦੀਆਂ ਦਰਜਨ ਪੰਚਾਇਤਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਬਾਰੇ ਮਤਾ ਰੱਖਿਆ। ਵਿਧਾਇਕ ਦਿਨੇਸ਼ ਕੁਮਾਰ ਚੱਢਾ ਨੇ ਰੋਪੜ ਦੇ ਥਰਮਲ ਪਲਾਂਟ ਲਈ ਸਾਮਾਨ ਲਿਜਾਣ ਵਾਲੇ ਵੱਡੇ ਵਾਹਨਾਂ ਕਰ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਧਿਆਨ ਖਿੱਚਿਆ।
* ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਪ੍ਰਸ਼ਨ ਕਾਲ ਦੌਰਾਨ ਸਪੀਕਰ ਸੰਧਵਾਂ ਦੀ ‘ਪਲੋਸਣ ਦੀ ਕਲਾ’ ਦੀ ਦਾਦ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਕੁੱਝ ਬੋਲਣ ਲੱਗਦੇ ਹਾਂ ਤਾਂ ਸਪੀਕਰ ਅੱਗਿਓਂ ਆਖ ਦਿੰਦੇ ਨੇ, ‘ਤੁਸੀਂ ਸੋਹਣੇ ਬਹੁਤ ਲੱਗਦੇ ਹੋ।’
* ਵਿਧਾਇਕ ਪਰਗਟ ਸਿੰਘ ਜਦ ਭਾਸ਼ਣ ਦੌਰਾਨ ਥੋੜ੍ਹਾ ਸਮਾਂ ਹੋਰ ਮੰਗਣ ਲੱਗੇ ਤਾਂ ਸਪੀਕਰ ਨੇ ਖ਼ੁਸ਼ ਹੋ ਕੇ ਕਿਹਾ ,‘ਤੇਰੇ ਅੱਗੇ ਥਾਨ ਸੁੱਟਿਆ, ਸੁੱਥਣ ਸਵਾ ਲਈ, ਚਾਹੇ ਲਹਿੰਗਾ।’
* ਸੁਖਪਾਲ ਖਹਿਰਾ ਅੱਜ ਸਦਨ ਵਿਚ ਸਮਾਂ ਲੈਣ ਲਈ ਲੇਲ੍ਹੜੀਆਂ ਕੱਢਦੇ ਨਜ਼ਰ ਆਏ। ਸਪੀਕਰ ਨੇ ਖਹਿਰਾ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਅਖੀਰ ਖਹਿਰਾ ਹਲਕੀ ਭਾਸ਼ਾ ’ਤੇ ਉੱਤਰ ਆਏ।
* ਪ੍ਰਤਾਪ ਸਿੰਘ ਬਾਜਵਾ ਨੇ ਕੇਜਰੀਵਾਲ ਦੇ ‘ਵੈਗਨਾਰ’ ਤੋਂ ਲੈਂਡ ਕਰੂਜ਼ਰ ਤੱਕ ਦੇ ਸਫ਼ਰ ਦੀ ਗੱਲ ਕੀਤੀ ਤੇ ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ’ਤੇ ਤਾਇਨਾਤ ਪੁਲੀਸ ਨਫ਼ਰੀ ਦੀ ਗੱਲ ਵੀ ਕੀਤੀ।
* ਭਾਜਪਾ ਦੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਰਾਜਪਾਲ ਵੱਲੋਂ ਹਿੰਦੀ ’ਚ ਦਿੱਤੇ ਭਾਸ਼ਣ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਹਰ ਭਾਸ਼ਾ ਦਾ ਮਾਣ ਸਨਮਾਣ ਹੋਣਾ ਚਾਹੀਦਾ ਹੈ ਤਾਂ ਸਪੀਕਰ ਸੰਧਵਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਮਾਂ ਬੋਲੀ ਆਉਂਦੀ ਹੈ, ਉਨ੍ਹਾਂ ਨੂੰ ਬੋਲਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ‘ਉੱਥੇ ਤਾਂ ਗੁਜਰਾਤੀ ਤੋਂ ਬਿਨਾਂ ਹੋਰ ਕੁੱਝ ਬੋਲਣ ਨਹੀਂ ਦਿੱਤਾ ਜਾਂਦਾ।’
ਸੱਤਾਧਾਰੀਆਂ ਨੇ ਆਪਣੇ ਸੋਹਲੇ ਗਾਏ ਤੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਨ ਦੀ ਕੀਤੀ ਕੋਸ਼ਿਸ਼
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਬਹਿਸ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਮੇਟਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਨੂੰ ਲੈ ਕੇ ਦੱਖਣ ਵਿੱਚ ਹੋਈ ਮੀਟਿੰਗ ’ਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੀਟਿੰਗ ਬਾਰੇ ਸਮੁੱਚੀ ਗੱਲ ਸਦਨ ਵਿਚ ਰੱਖਣੀ ਚਾਹੀਦੀ ਹੈ। ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੂਲ ਮਸਲੇ ਚੰਡੀਗੜ੍ਹ ਰਾਜਧਾਨੀ ਦਾ ਮਾਮਲਾ ਅਤੇ ਪਾਣੀਆਂ ਦਾ ਮੁੱਦਾ ਰਾਜਪਾਲ ਦੇ ਭਾਸ਼ਣ ਵਿੱਚੋਂ ਗ਼ਾਇਬ ਹੈ। ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਮਾਲ ਮਹਿਕਮੇ ਵਿਚ ਕੁਰੱਪਸ਼ਨ ਚੱਲ ਰਹੀ ਹੈ। ਬਸਪਾ ਵਿਧਾਇਕ ਡਾ. ਨਛੱਤਰਪਾਲ ਨੇ ਖੇਤੀ ਕਾਮਿਆਂ ਤੇ ਸਫ਼ਾਈ ਕਾਮਿਆਂ ਦੀ ਗੱਲ ਕੀਤੀ।
ਸਿਫ਼ਰਕਾਲ: ਆਗੂਆਂ ਅਤੇ ਅਫ਼ਸਰਾਂ ਦੇ ਗੰਨਮੈਨਾਂ ਦੀ ‘ਫੌਜ’ ਦੀ ਗੂੰਜ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਸਿਰਫ਼ ਕਾਲ ਦੌਰਾਨ ਸਿਆਸੀ ਨੇਤਾਵਾਂ ਤੇ ਅਫ਼ਸਰਾਂ ਨਾਲ ਤਾਇਨਾਤ ਗੰਨਮੈਨਾਂ ਦੀ ਫ਼ੌਜ ਦੀ ਗੂੰਜ ਪਈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਵਿੱਚ ਵੀਆਈਪੀ ਕਲਚਰ ਵੱਲ ਇਸ਼ਾਰਾ ਕਰਦਿਆਂ ਸਿਆਸੀ ਨੇਤਾਵਾਂ ਅਤੇ ਅਫ਼ਸਰਾਂ ਨਾਲ ਤਾਇਨਾਤ ਗੰਨਮੈਨਾਂ ਦੀ ਫ਼ੌਜ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ’ਚ ਨਾਜਾਇਜ਼ ਅਸਲਾ ਵਧ ਗਿਆ ਹੈ ਤੇ ਥਾਣਿਆਂ ਵਿੱਚ ਨਫ਼ਰੀ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਤੋਟ ਹੈ ਪਰ ਸਿਆਸੀ ਆਗੂ ਤੇ ਅਫ਼ਸਰ 25-25 ਗੰਨਮੈਨ ਲੈ ਕੇ ਘੁੰਮ ਰਹੇ ਹਨ। ਆਜ਼ਾਦ ਵਿਧਾਇਕ ਨੇ ਚੰਡੀਗੜ੍ਹ ਦੇ ਸੈਕਟਰ-26 ਦੇ ਸਕੂਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਜਦੋਂ ਇਸ ਸਕੂਲ ’ਚ ਗਏ ਤਾਂ ਗੇਟ ’ਤੇ ਪੁਲੀਸ ਮੁਲਾਜ਼ਮ ਅਫ਼ਸਰਾਂ ਦੇ ਬੱਚਿਆਂ ਨੂੰ ਲੈਣ ਲਈ ਆਏ ਹੋਏ ਸਨ। ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਲੰਘੇ ਤਿੰਨ ਵਰ੍ਹਿਆਂ ’ਚ ਦਿੱਤੀਆਂ ਸਰਕਾਰੀ ਨੌਕਰੀਆਂ ਦੇ ਮਾਮਲੇ ’ਚ ਵਾਈਟ ਪੇਪਰ ਲਿਆਉਣ ਦਾ ਮੁੱਦਾ ਚੁੱਕਿਆ। ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ’ਤੇ ਉਂਗਲ ਚੁੱਕੀ। ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਪਹਿਲੀ ਅਪਰੈਲ ਤੋਂ ਬਾਅਦ ਸਮੂਹ ਪਿੰਡਾਂ ਵਿਚ ਸਿਹਤ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਸਿਫ਼ਰ ਕਾਲ ਵਿੱਚ ਵਿਧਾਇਕ ਸੰਦੀਪ ਜਾਖੜ ਨੇ ਮੁੱਦੇ ਰੱਖਣੇ ਚਾਹੇ ਪਰ ਉਹ ਰੌਲ਼ੇ ਰੱਪੇ ਵਿੱਚ ਗੁਆਚ ਗਏ।