ਪੰਜਾਬ ਪੁਲੀਸ ਦੇ ਬੁਲਡੋਜ਼ਰ ਐਕਸ਼ਨ ਮਗਰੋਂ ਹਰਿਆਣਾ ਵੱਲੋਂ ਵੀ ਸ਼ੰਭੂ ਬਾਰਡਰ ਤੋਂ ਬੈਰੀਕੇਡਿੰਗ ਹਟਾਉਣ ਦਾ ਕੰਮ ਸ਼ੁਰੂ

ਪੰਜਾਬ ਪੁਲੀਸ ਦੇ ਬੁਲਡੋਜ਼ਰ ਐਕਸ਼ਨ ਮਗਰੋਂ ਹਰਿਆਣਾ ਵੱਲੋਂ ਵੀ ਸ਼ੰਭੂ ਬਾਰਡਰ ਤੋਂ ਬੈਰੀਕੇਡਿੰਗ ਹਟਾਉਣ ਦਾ ਕੰਮ ਸ਼ੁਰੂ

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੀਤੀ ਗਈ ਸੀ ਬੈਰੀਕੇਡਿੰਗ

ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਪੁਲੀਸ ਵੱਲੋਂ ਬੁੱਧਵਾਰ ਰਾਤੀਂ ਸ਼ੰਭੂ (ਬਾਰਡਰ) ਬੈਰੀਅਰ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾਉਣ ਮਗਰੋਂ ਹਰਿਆਣਾ ਦੇ ਸੁਰੱਖਿਆ ਕਰਮੀਆਂ ਨੇ ਵੀਰਵਾਰ ਸਵੇਰੇ ਸੀਮਿੰਟ ਵਾਲੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹੀ ਇਹ ਬੈਰੀਕੇਡਿੰਗ ਕੀਤੀ ਗਈ ਸੀ। ਸ਼ੰਭੂ-ਅੰਬਾਲਾ ਸੜਕ ਨੂੰ ਸਾਫ਼ ਕਰਨ ਤੇ ਕੰਕਰੀਟ ਦੇ ਬਲਾਕ ਹਟਾਉਣ ਲਈ ਜੇਸੀਬੀ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਸੜਕ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਸੀ।

ਹਰਿਆਣਾ ਦੇ ਸੁਰੱਖਿਆ ਅਧਿਕਾਰੀਆਂ ਨੇ ‘ਦਿੱਲੀ ਚਲੋ’ ਪ੍ਰੋਗਰਾਮ ਦੇ ਹਿੱਸੇ ਵਜੋਂ ਪੰਜਾਬ ਦੇ ਕਿਸਾਨਾਂ ਨੂੰ ਰਾਜਧਾਨੀ ਵੱਲ ਵਧਣ ਤੋਂ ਰੋਕਣ ਲਈ ਪੰਜਾਬ-ਹਰਿਆਣਾ ਦੀ ਸਰਹੱਦ ਨੂੰ ਸੀਮਿੰਟ ਦੇ ਬਲਾਕ, ਲੋਹੇ ਦੀਆਂ ਮੇਖਾਂ ਅਤੇ ਕੰਡਿਆਲੀ ਤਾਰ ਨਾਲ ਸੀਲ ਕਰ ਦਿੱਤਾ ਸੀ।

ਚੇਤੇ ਰਹੇ ਕਿ ਪੰਜਾਬ ਪੁਲੀਸ ਨੇ ਬੁੱਧਵਾਰ ਸ਼ਾਮੀਂ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਕਿਸਾਨ ਆਗੂਆਂ ਨੂੰ ਮੁਹਾਲੀ ਤੇ ਜ਼ੀਰਕਪੁਰ ਤੋਂ ਹਿਰਾਸਤ ਵਿੱਚ ਲੈ ਲਿਆ ਸੀ। ਕਿਸਾਨ ਆਗੂ ਚੰਡੀਗੜ੍ਹ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੇ ਕੇਂਦਰੀ ਵਫ਼ਦ ਨਾਲ ਮੀਟਿੰਗ ਤੋਂ ਬਾਅਦ ਵਾਪਸ ਆ ਰਹੇ ਸਨ।

ਪੁਲੀਸ ਨੇ ਬੁਲਡੋਜ਼ਰ ਐਕਸ਼ਨ ਤਹਿਤ ਸ਼ੰਭੂ ਤੇ ਖਨੌਰੀ ਬਾਰਡਰਾਂ ਨੂੰ ਬੁੱਧਵਾਰ ਰਾਤ ਹੀ ਖਾਲੀ ਕਰਵਾ ਲਿਆ ਸੀ। ਪੁਲੀਸ ਨੇ ਉਥੇ ਮੌਜੂਦ ਕੁਝ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਜਦੋਂਕਿ ਕੁਝ ਨੂੰ ਬੱਸਾਂ ਰਾਹੀਂ ਉਨ੍ਹਾਂ ਦੇ ਘਰਾਂ ਵੱਲ ਰਵਾਨਾ ਕਰ ਦਿੱਤਾ। ਹਰਿਆਣਾ ਨਾਲ ਲੱਗਦੇ ਇਹ ਦੋਵੇਂ ਬਾਰਡਰ ਪਿਛਲੇ ਇੱਕ ਸਾਲ ਤੋਂ ਬੰਦ ਸਨ। ਪੁਲੀਸ ਨੇ ਜੇਸੀਬੀ ਮਸ਼ੀਨਾਂ ਦੀ ਵਰਤੋਂ ਕਰਕੇ ਇਨ੍ਹਾਂ ਦੋਵਾਂ ਥਾਵਾਂ ’ਤੇ ਬਣਾਏ ਗਏ ਅਸਥਾਈ ਢਾਂਚੇ ਅਤੇ ਸਟੇਜਾਂ ਨੂੰ ਵੀ ਢਾਹ ਦਿੱਤਾ।

ਕਿਸਾਨ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਦੇ ਵਫ਼ਦ ਨਾਲ ਮੀਟਿੰਗ ਤੋਂ ਬਾਅਦ ਜਿਵੇਂ ਹੀ ਮੁਹਾਲੀ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਭਾਰੀ ਬੈਰੀਕੇਡਿੰਗ ਦਾ ਸਾਹਮਣਾ ਕਰਨਾ ਪਿਆ। ਕਿਸਾਨ ਆਗੂ ਗੁਰਅਮਨੀਤ ਸਿੰਘ ਮਾਂਗਟ ਨੇ ਕਿਹਾ ਕਿ ਪੰਧੇਰ ਅਤੇ ਡੱਲੇਵਾਲ ਦੇ ਨਾਲ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚ ਅਭਿਮਨਿਊ ਕੋਹਾੜ, ਕਾਕਾ ਸਿੰਘ ਕੋਟੜਾ ਅਤੇ ਮਨਜੀਤ ਸਿੰਘ ਰਾਏ ਸ਼ਾਮਲ ਸਨ।

ਚੀਮਾ ਨੇ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਹਟਾਉਣ ਦੀ ਕਾਰਵਾਈ ਨੂੰ ਜਾਇਜ਼ ਦੱਸਿਆ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਹਟਾਉਣ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਦੋ ਹਾਈਵੇਅ ਲੰਬੇ ਸਮੇਂ ਤੋਂ ਬੰਦ ਰਹਿਣ ਕਾਰਨ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਚੀਮਾ ਨੇ ਕਿਹਾ ਸੀ, ‘‘ਆਮ ਆਦਮੀ ਪਾਰਟੀ (ਆਪ) ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਲਈ ਵਚਨਬੱਧ ਹੈ। ਅਤੇ ਉਨ੍ਹਾਂ ਨੂੰ ਤਾਂ ਹੀ ਨੌਕਰੀਆਂ ਮਿਲਣਗੀਆਂ ਜੇਕਰ ਵਪਾਰ ਅਤੇ ਉਦਯੋਗ ਸੁਚਾਰੂ ਢੰਗ ਨਾਲ ਚੱਲਣਗੇ।’’ ਉਨ੍ਹਾਂ ਕਿਹਾ, ‘‘ਵਪਾਰ ਨੂੰ ਨੁਕਸਾਨ ਹੋ ਰਿਹਾ ਹੈ। ਇਹ ਕਾਰਵਾਈ ਪੂਰੇ ਹਾਲਾਤ ਦੀ ਸਮੀਖਿਆ ਤੋਂ ਬਾਅਦ ਕੀਤੀ ਗਈ ਹੈ। ਅਸੀਂ ਕਿਸਾਨ ਆਗੂਆਂ ਨੂੰ ਦੱਸ ਰਹੇ ਹਾਂ ਕਿ ਤੁਹਾਡੀ ਲੜਾਈ ਕੇਂਦਰ ਨਾਲ ਹੈ। ਅਸੀਂ ਤੁਹਾਡੇ ਨਾਲ ਹਾਂ। ਪਰ ਤੁਸੀਂ ਸਰਹੱਦ ਬੰਦ ਕਰਕੇ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹੋ।’’ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ। ਚੀਮਾ ਨੇ ਕਿਹਾ, ‘‘ਅਸੀਂ ਕਿਸਾਨ ਆਗੂਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਕੇਂਦਰ ਵਿਰੁੱਧ ਆਪਣੇ ਸੰਘਰਸ਼ ’ਤੇ ਕੇਂਦਰਿਤ ਰਹਿਣ। ਅਸੀਂ ਅੱਜ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਜਿਵੇਂ ਕਿ ਅਸੀਂ ਹਮੇਸ਼ਾ ਕਰਦੇ ਆਏ ਹਾਂ, ਅਤੇ ਉਨ੍ਹਾਂ ਦੇ ਨਾਲ ਖੜ੍ਹਦੇ ਰਹਾਂਗੇ।’’