ਬਜਟ ਸੈਸ਼ਨ ’ਚ ਸਰਕਾਰ ਖ਼ਿਲਾਫ਼ ਇਕਜੁੱਟ ਹੋਣ ਕਾਂਗਰਸੀ ਵਿਧਾਇਕ: ਬਘੇਲ

ਬਜਟ ਸੈਸ਼ਨ ’ਚ ਸਰਕਾਰ ਖ਼ਿਲਾਫ਼ ਇਕਜੁੱਟ ਹੋਣ ਕਾਂਗਰਸੀ ਵਿਧਾਇਕ: ਬਘੇਲ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਵੱਲੋਂ ਪਾਰਟੀ ਵਿਧਾਇਕਾਂ ਨੂੰ ਨਸੀਹਤ; 14 ਵਿਧਾਇਕ ਮੀਟਿੰਗ ਲਈ ਦਿੱਲੀ ਪੁੱਜੇ; ਬਜਟ ਸੈਸ਼ਨ ਲਈ ਪਾਰਟੀ ਦੀ ਰਣਨੀਤੀ ਬਾਰੇ ਕੀਤੀ ਚਰਚਾ

ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਪਾਰਟੀ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਦੇ ਆਉਂਦੇ ਬਜਟ ਸੈਸ਼ਨ ’ਚ ਸੂਬਾ ਸਰਕਾਰ ਖ਼ਿਲਾਫ਼ ਇਕਜੁੱਟ ਹੋ ਕੇ ਡਟਣ ਦੀ ਨਸੀਹਤ ਦਿੱਤੀ। ਅੱਜ ਦਿੱਲੀ ’ਚ ਪੰਜਾਬ ਦੇ 14 ਕਾਂਗਰਸੀ ਵਿਧਾਇਕ ਭੂਪੇਸ਼ ਬਘੇਲ ਦੀ ਪ੍ਰਧਾਨਗੀ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਏ। ਸੂਤਰਾਂ ਮੁਤਾਬਕ ਪਿਛਲੇ ਦਿਨਾਂ ’ਚ ਸੀਨੀਅਰ ਕਾਂਗਰਸੀ ਨੇਤਾ ਨੇ ਨਵੇਂ ਇੰਚਾਰਜ ਦੇ ਧਿਆਨ ’ਚ ਲਿਆਂਦਾ ਸੀ ਕਿ ਸਦਨ ਅੰਦਰ ਕਾਂਗਰਸੀ ਵਿਧਾਇਕਾਂ ਵਿੱਚ ਤਾਲਮੇਲ ਦੀ ਕਮੀ ਹੈ ਅਤੇ ਇੱਕ ਦੂਜੇ ਦੇ ਹੱਕ ’ਚ ਵਿਧਾਇਕ ਡਟਦੇ ਨਹੀਂ। ਬਘੇਲ ਦੇ ਧਿਆਨ ’ਚ ਲਿਆਂਦਾ ਗਿਆ ਸੀ ਕਿ ਕੁਝ ਕਾਂਗਰਸੀ ਵਿਧਾਇਕ ਸਰਕਾਰ ਨੂੰ ਘੇਰਨ ਦੀ ਥਾਂ ਸੁਝਾਅ ਦਿੰਦੇ ਰਹਿੰਦੇ ਹਨ। ਮੀਟਿੰਗ ’ਚ ਬਜਟ ਸੈਸ਼ਨ ਵਿਚ ਉਠਾਏ ਜਾਣ ਵਾਲੇ ਮੁੱਦਿਆਂ ’ਤੇ ਵੀ ਗੱਲਬਾਤ ਹੋਈ।

ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਦੀ ਮੀਟਿੰਗ ਵਿਚ ਭੂਪੇਸ਼ ਬਘੇਲ ਨੂੰ ਕਿਹਾ ਕਿ ਉਹ ਸਾਰੇ ਵਿਧਾਇਕਾਂ ਨੂੰ ਪੂਰਨ ਸਾਥ ਦੇਣ ਦੀ ਹਦਾਇਤ ਕਰਨ। ਭੂਪੇਸ਼ ਬਘੇਲ ਮੀਟਿੰਗ ਮਗਰੋਂ ਇਕੱਲੇ ਇਕੱਲੇ ਵਿਧਾਇਕ ਨੂੰ ਵੀ ਮਿਲੇ ਅਤੇ ਨਿੱਜੀ ਤੌਰ ’ਤੇ ਵੀ ਵਿਧਾਇਕਾਂ ਨੇ ਆਪਣਾ ਮਸ਼ਵਰਾ ਦਿੱਤਾ। ਮੀਟਿੰਗ ਵਿੱਚ ਅਰੁਣਾ ਚੌਧਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ ਤੇ ਰਾਣਾ ਗੁਰਜੀਤ ਸਿੰਘ ਸਮੇਤ ਸਾਰੇ ਕਾਂਗਰਸੀ ਵਿਧਾਇਕ ਹਾਜ਼ਰ ਸਨ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੀਟਿੰਗ ਮਗਰੋਂ ਕਿਹਾ ਕਿ ਆਉਂਦੇ ਬਜਟ ਸੈਸ਼ਨ ਵਿਚ ‘ਆਪ’ ਸਰਕਾਰ ਨੂੰ ਬੁਨਿਆਦੀ ਮੁੱਦਿਆਂ ’ਤੇ ਘੇਰਿਆ ਜਾਵੇਗਾ ਜਿਸ ਦੀ ਰਣਨੀਤੀ ਅੱਜ ਮੀਟਿੰਗ ਵਿਚ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ‘ਆਪ’ ਵਿਰੋਧੀ ਧਿਰ ਵਿੱਚ ਸੀ ਤਾਂ ਉਦੋਂ ਸਾਲ ਵਿੱਚ ਤਿੰਨ ਸੈਸ਼ਨਾਂ ਵਿਚ 120 ਮੀਟਿੰਗਾਂ ਕਰਨ ਦੀ ਗੱਲ ਕਰਦੀ ਸੀ ਪਰ ਹੁਣ ਖ਼ੁਦ ਇੱਕ ਸੈਸ਼ਨ ਵਿਚ 10 ਸਿਟਿੰਗਾਂ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਦ ਰੁੱਤ ਸੈਸ਼ਨ ਹੋਇਆ ਹੀ ਨਹੀਂ ਹੈ। ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੀ ਜਿੱਤ ਖ਼ਾਤਰ ਲੁਧਿਆਣਾ ਪੱਛਮੀ ਵਿਚ ਬੈਠੇ ਹਨ ਕਿਉਂਕਿ ਉਹ ਅਰੋੜਾ ਦੀ ਥਾਂ ਰਾਜ ਸਭਾ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਖਾਰਜ ਕਰਕੇ ਵਾਪਸ ਭੇਜਣਗੇ। ਉਨ੍ਹਾਂ ਮੰਗ ਕੀਤੀ ਕਿ ਪਟਿਆਲਾ ’ਚ ਥਲ ਸੈਨਾ ਦੇ ਅਫ਼ਸਰ ਅਤੇ ਉਸ ਦੇ ਲੜਕੇ ਨਾਲ ਵਾਪਰੀ ਘਟਨਾ ਦੇ ਮਾਮਲੇ ਵਿਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ।

ਦਿੱਲੀ ’ਚ ਹੋਈ ਮੀਟਿੰਗ ਨੂੰ ਲੈ ਕੇ ਦਿੱਤੀ ਸਫ਼ਾਈ

ਕਾਂਗਰਸ ਨੂੰ ਦਿੱਲੀ ਵਿੱਚ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਹੋਣ ਦੀ ਸਫ਼ਾਈ ਦੇਣੀ ਪਈ। ਚੇਤੇ ਰਹੇ ਕਿ ਜਦੋਂ ‘ਆਪ’ ਵਿਧਾਇਕ ਦਿੱਲੀ ਵਿਚ ਕੇਜਰੀਵਾਲ ਦੀ ਮੀਟਿੰਗ ਵਿਚ ਗਏ ਸਨ ਤਾਂ ਉਦੋਂ ਕਾਂਗਰਸ ਨੇ ਨਿਸ਼ਾਨੇ ’ਤੇ ਲਿਆ ਸੀ। ਅੱਜ ਖ਼ੁਦ ਪ੍ਰਤਾਪ ਬਾਜਵਾ ਨੇ ਤਰਕ ਦਿੱਤਾ ਕਿ ਕਾਂਗਰਸੀ ਵਿਧਾਇਕ ਇੱਕ ਤਾਂ ਨਵਾਂ ਇੰਦਰਾ ਭਵਨ ਦੇਖਣਾ ਚਾਹੁੰਦੇ ਸਨ ਅਤੇ ਦੂਜਾ ਭੂਪੇਸ਼ ਬਘੇਲ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਦਿੱਲੀ ਵਿਚ ਰੁੱਝੇ ਹੋਏ ਸਨ ਜਿਸ ਕਰਕੇ ਖ਼ੁਦ ਪੰਜਾਬ ਦੇ ਵਿਧਾਇਕ ਇੱਥੇ ਮੀਟਿੰਗ ਲਈ ਪੁੱਜੇ ਹਨ।