
ਚੰਡੀਗੜ੍ਹ,(ਪੰਜਾਬੀ ਰਾਈਟਰ)- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਨਸੀਹਤ ਦਿੱਤੀ। ਮੁੱਖ ਮੰਤਰੀ ਨੇ ਅੱਜ ਸ਼ਾਂਤ ਚਿੱਤ ਹੋ ਕੇ ਵਿਰੋਧੀ ਆਗੂ ਬਾਜਵਾ ਨੂੰ ਨਿਸ਼ਾਨੇ ’ਤੇ ਲਿਆ। ਬੀਤੇ ਦਿਨ ਬਾਜਵਾ ਨੇ ‘ਆਪ’ ਦੇ ਵਿਧਾਇਕਾਂ ਦੇ ਉਨ੍ਹਾਂ ਦੇ ਸੰਪਰਕ ’ਚ ਹੋਣ ਦੀ ਗੱਲ ਆਖੀ ਸੀ। ਮੁੱਖ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਬਾਜਵਾ ਸੰਪਰਕਾਂ ਦੇ ਸੁਪਨੇ ਦੇਖਣ ਦੀ ਥਾਂ ਆਪਣੀ ਪਾਰਟੀ ’ਤੇ ਧਿਆਨ ਦੇਣ। ਉਨ੍ਹਾਂ ਚੁੁਣੌਤੀ ਦਿੱਤੀ ਕਿ ਬਾਜਵਾ ਆਪਣੇ ਵਿਧਾਇਕਾਂ ਨੂੰ ਇਕੱਠੇ ਕਰਕੇ ਦਿਖਾਉਣ ਕਿਉਂਕਿ ਮੌਜੂਦਾ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਸੱਤ ਵਿਧਾਇਕ ਵੀ ਇਕੱਠੇ ਨਹੀਂ ਹੋ ਸਕਦੇ ਤੇ ਇਕੱਠੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਬਾਜਵਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੇ ਹਵਾਈ ਕਿਲ੍ਹੇ ਉਸਾਰ ਰਹੇ ਹਨ। ਆਏ ਦਿਨ ਆਖਦੇ ਹਨ ਕਿ ਦਿੱਲੀ ਵਾਲੇ ਕਿਉਂ ਆਏ। ਮੁੱਖ ਮੰਤਰੀ ਨੇ ਸੁਆਲ ਕੀਤਾ ਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੁਪੇਸ਼ ਬਘੇਲ ਕੀ ਮੋਗੇ ਤੋਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਆਪਣੇ ਪਿਛਲੇ ਮੁੱਖ ਮੰਤਰੀ ਨੂੰ ਸੂਬੇ ਵਿੱਚ ਬਹੁਤ ਘੱਟ ਮੌਕਿਆਂ ’ਤੇ ਹੀ ਦੇਖਿਆ ਕਿਉਂਕਿ ਮਹਾਰਾਜਾ ਜਾਂ ਤਾਂ ਆਪਣੇ ਨਿੱਜੀ ਕੰਮਾਂ ’ਚ ਰੁੱਝਿਆ ਰਹਿੰਦਾ ਸੀ ਜਾਂ ਫਿਰ ਮਹਿਲਾਂ ਵਿੱਚ ਆਪਣੀ ਕੁਰਸੀ ਨਾਲ ਚਿਪਕਿਆ ਹੋਇਆ ਸੀ। ਭਾਸ਼ਣ ਦੌਰਾਨ ਜਦੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਨੇ ਕਿਹਾ ਕਿ ‘ਤੁਸੀਂ ਵੀ ਲਾਈਨ ’ਚ ਹੀ ਹੋ ਪਰ ਤੁਸੀਂ ਟੀਮ ਦੇ ਕਪਤਾਨ ਰਹੋ ਤਾਂ 11 ਜਣੇ ਤਾਂ ਇਕੱਠੇ ਕਰ ਸਕਦੇ ਹੋ।’