
ਖੇਤੀ ਮੰਡੀ ਨੀਤੀ ਦੇ ਕੌਮੀ ਖਰੜੇ ਖ਼ਿਲਾਫ਼ ਮਤਾ ਆਉਣ ਦੀ ਸੰਭਾਵਨਾ
ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸੈਸ਼ਨ ਭਲਕੇ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ। ਬਜਟ ਇਜਲਾਸ ਤੋਂ ਐਨ ਪਹਿਲਾਂ ਹੋ ਰਹੇ ਇਸ ਸੈਸ਼ਨ ’ਚ ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਨੀਤੀ ਦੇ ਕੌਮੀ ਖਰੜੇ ਖ਼ਿਲਾਫ਼ ਵਿਸ਼ੇਸ਼ ਮਤਾ ਲਿਆਉਣ ਦੀ ਸੰਭਾਵਨਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਖਰੜੇ ਦੇ ਵਿਰੋਧ ’ਚ ਮਤਾ ਪਾਸ ਕੀਤੇ ਜਾਣ ਦੀ ਮੰਗ ਉਠਾਈ ਜਾ ਰਹੀ ਹੈ। ਪੰਜਾਬ ਸਰਕਾਰ ਕਿਸਾਨਾਂ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ਦੌਰਾਨ ਕੌਮੀ ਖੇਤੀ ਮੰਡੀ ਨੀਤੀ ਖ਼ਿਲਾਫ਼ ਅਜਿਹਾ ਮਤਾ ਲਿਆ ਸਕਦੀ ਹੈ।
ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਦਾ ਸੈਸ਼ਨ ਭਲਕੇ 11 ਵਜੇ ਸ਼ੁਰੂ ਹੋਵੇਗਾ ਅਤੇ ਸਦਨ ਵਿੱਚ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਉਪਰੰਤ ਵਿਧਾਨਕ ਕੰਮ-ਕਾਰ ਹੋਵੇਗਾ।
ਇਹ 16ਵੀਂ ਪੰਜਾਬ ਵਿਧਾਨ ਸਭਾ ਦਾ ਸੱਤਵਾਂ ਸਮਾਗਮ ਹੋਵੇਗਾ। ਇਸ ਉਪਰੰਤ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਹੋਵੇਗਾ। ਇਸੇ ਤਰ੍ਹਾਂ ਸਦਨ ’ਚ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀਆਂ ਦੀਆਂ ਰਿਪੋਰਟਾਂ ਪੇਸ਼ ਹੋਣਗੀਆਂ। ਸਦਨ ਵਿੱਚ ਭਲਕੇ ਹੀ ਸਾਲਾਨਾ ਰਿਪੋਰਟਾਂ ਅਤੇ ਪ੍ਰਬੰਧਕੀ ਰਿਪੋਰਟਾਂ ਵੀ ਪੇਸ਼ ਹੋਣਗੀਆਂ। ਦਿੱਲੀ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਹਾਰ ਦਾ ਪਰਛਾਵਾਂ ਵੀ ਇਸ ਸੈਸ਼ਨ ’ਤੇ ਦੇਖਣ ਨੂੰ ਮਿਲੇਗਾ। ਵਿਰੋਧੀ ਧਿਰ ਵੱਲੋਂ ‘ਆਪ’ ਦੀ ਦਿੱਲੀ ’ਚ ਹੋਈ ਹਾਰ ਨੂੰ ਲੈ ਕੇ ਘੇਰਾਬੰਦੀ ਕੀਤੀ ਜਾਵੇਗੀ।
ਇਸ ਸੈਸ਼ਨ ਵਿੱਚ ‘ਕਾਲੀਆਂ ਭੇਡਾਂ’ ਬਾਰੇ ਰਿਪੋਰਟ ਰੱਖੇ ਜਾਣ ਦਾ ਵੀ ਰੌਲਾ ਪੈਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਆਖ ਚੁੱਕੇ ਹਨ ਕਿ ਇਸ ਸੈਸ਼ਨ ਵਿਚ ਸੱਤਾਧਾਰੀ ਧਿਰ ਪੰਜਾਬ ਪੁਲੀਸ ਵਿਚਲੀਆਂ ‘ਕਾਲੀਆਂ ਭੇਡਾਂ’ ਬਾਰੇ ਰਿਪੋਰਟ ਪੇਸ਼ ਕਰੇ। ਪਿਛਲੇ ਸੈਸ਼ਨ ਵਿਚ ਸਦਨ ਨੇ ਇਸ ਰਿਪੋਰਟ ਨੂੰ ਲੈ ਕੇ ਸਰਬਸੰਮਤੀ ਜ਼ਾਹਰ ਕੀਤੀ ਸੀ। ਵਿਰੋਧੀ ਧਿਰ ਵੱਲੋਂ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਦੇ ਪੰਜਾਬ ਦੇ ਸਕੂਲਾਂ ਦੇ ਕੀਤੇ ਦੌਰੇ ਨੂੰ ਲੈ ਕੇ ਵੀ ਰੌਲਾ ਪੈਣ ਦੀ ਸੰਭਾਵਨਾ ਹੈ। ਸੱਤਾਧਾਰੀ ਧਿਰ ਨੇ ਵੀ ਸੈਸ਼ਨ ਨੂੰ ਲੈ ਕੇ ਆਪਣੀ ਤਿਆਰੀ ਵੀ ਖਿੱਚ ਲਈ ਹੈ। ਵਿਰੋਧੀਆਂ ਵੱਲੋਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਵੀ ਸਦਨ ਵਿਚ ਉਛਾਲਿਆ ਜਾ ਸਕਦਾ ਹੈ ਕਿਉਂਕਿ ਸਰਕਾਰ ਨੇ ਹਾਲ ਹੀ ਵਿੱਚ ਮੁਕਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੁਅੱਤਲ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ’ਚ ਅਮਨ ਅਰੋੜਾ ਕੈਬਨਿਟ ਮੰਤਰੀ ਤੋਂ ਇਲਾਵਾ ਬਤੌਰ ‘ਆਪ’ ਪ੍ਰਧਾਨ ਵਜੋਂ ਸਦਨ ਵਿਚ ਨਜ਼ਰ ਆਉਣਗੇ। ਪੰਜ ਨਵੇਂ ਮੰਤਰੀ ਬਰਿੰਦਰ ਕੁਮਾਰ ਗੋਇਲ, ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸਿੰਘ ਸੌਂਦ, ਡਾ. ਰਵਜੋਤ ਅਤੇ ਮੋਹਿੰਦਰ ਭਗਤ ਪਹਿਲੀ ਵਾਰ ਬਤੌਰ ਮੰਤਰੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਆਉਣਗੇ।
ਵਿਧਾਨ ਸਭਾ ਦਾ ਸੈਸ਼ਨ ਲੰਮਾ ਹੋਵੇ: ਪਰਗਟ ਸਿੰਘ
ਹਾਲੀਆ ਜ਼ਿਮਨੀ ਚੋਣਾਂ ਵਿਚ ਜੇਤੂ ਰਹੇ ਨਵੇਂ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ, ਕੁਲਦੀਪ ਸਿੰਘ ਬਰਨਾਲਾ, ਗੁਰਦੀਪ ਸਿੰਘ ਰੰਧਾਵਾ ਅਤੇ ਡਾ. ਇਸ਼ਾਂਕ ਕੁਮਾਰ ਪਹਿਲੀ ਵਾਰ ਸਦਨ ਵਿੱਚ ਬੈਠਣਗੇ। ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਲੰਮਾ ਹੋਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਚਰਚਾ ਹੋ ਸਕੇ।