
ਪੰਜਾਬ ਪੁਲੀਸ ਦੇ ਡੀਜੀਪੀ ਨੇ ਅਧਿਕਾਰੀਆਂ ਨੂੰ ਸਹਿਯੋਗ ਕਰਨ ਲਈ ਕਿਹਾ
ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਪਰਵਾਸ ਅਤੇ ਮਨੁੱਖੀ ਤਸਕਰੀ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ/ਤੱਥ ਖੋਜ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨਾਗਰਿਕਾਂ ਆਦਿ ਦੇ ਮਾਮਲਿਆਂ ਨੂੰ ਲੈ ਕੇ ਜਾਂਚ ਕਰੇਗੀ। ਇਸ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਅੱਜ ਡੀਜੀਪੀ ਗੌਰਵ ਯਾਦਵ ਨੇ ਕੀਤਾ ਹੈ ਜਿਸ ਦੀ ਅਗਵਾਈ ਏਡੀਜੀਪੀ (ਐੱਨਆਰਆਈ) ਪ੍ਰਵੀਨ ਸਿਨਹਾ ਕਰਨਗੇ। ਇਸ ਤੋਂ ਇਲਾਵਾ ਏਡੀਜੀਪੀ (ਅੰਦਰੂਨੀ ਸੁਰੱਖਿਆ) ਸ਼ਿਵੇ ਕੁਮਾਰ ਵਰਮਾ, ਆਈਜੀ (ਪ੍ਰੋਵਿਜ਼ਨਿੰਗ) ਡਾ. ਐੱਸ. ਬੂਪਤੀ ਅਤੇ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਟੀਮ ਵੱਲੋਂ ਟਰੈਵਲ ਏਜੰਟਾਂ ਦੇ ਗੈਰ-ਕਾਨੂੰਨੀ ਨੈੱਟਵਰਕ ਨੂੰ ਬੇਨਕਾਬ ਕੀਤਾ ਜਾਣਾ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਗੈਰ-ਕਾਨੂੰਨੀ ਨੈੱਟਵਰਕ ਵਿੱਚ ਸ਼ਾਮਲ ਲੋਕਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਅਮਰੀਕਾ ਤੋਂ ਦੋ ਦਿਨ ਪਹਿਲਾਂ ਡਿਪੋਰਟ ਹੋ ਕੇ ਆਏ 104 ਵਿਅਕਤੀਆਂ ’ਚ ਸ਼ਾਮਲ ਪੰਜਾਬ ਦੇ 30 ਵਿਅਕਤੀਆਂ ਨੇ ਟਰੈਵਲ ਏਜੰਟਾਂ ਵੱਲੋਂ ਹੋਈ ਲੁੱਟ ਦੀ ਵਿਥਿਆ ਸੁਣਾਈ ਸੀ। ਉਸ ਮਗਰੋਂ ਪੰਜਾਬ ਪੁਲੀਸ ਮੁਸਤੈਦ ਹੋ ਗਈ ਹੈ। ਟਰੈਵਲ ਏਜੰਟਾਂ ਵੱਲੋਂ ਮਾਰੀ ਗਈ ਠੱਗੀ ਦੇ ਜਿਹੜੇ ਕੇਸ ਆਉਣਗੇ, ਉਨ੍ਹਾਂ ਦੀ ਜਾਂਚ ਇਹ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਕਰੇਗੀ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਸਿਟ ਨੂੰ ਕਾਨੂੰਨ ਅਤੇ ਤੱਥਾਂ ਅਨੁਸਾਰ ਢੁਕਵੀਂ ਕਾਰਵਾਈ ਕਰਨ ਅਤੇ ਮਨੁੱਖੀ ਤਸਕਰੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਐੱਸਐੱਸਪੀਜ਼ ਅਤੇ ਪੁਲੀਸ ਕਮਿਸ਼ਨਰਾਂ ਨੂੰ ਇਸ ਜਾਂਚ ਟੀਮ ਦਾ ਸਹਿਯੋਗ ਕਰਨ ਅਤੇ ਟੀਮ ਨਾਲ ਤਾਲਮੇਲ ਬਣਾਉਣ ਲਈ ਕਿਹਾ ਗਿਆ ਹੈ। ਸਿਟ ਨੂੰ ਜਾਂਚ ਵਿੱਚ ਕਿਸੇ ਵੀ ਹੋਰ ਪੁਲੀਸ ਅਧਿਕਾਰੀ ਦਾ ਸਹਿਯੋਗ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ। ਸਿਟ ਗੈਰ-ਕਾਨੂੰਨੀ ਪਰਵਾਸ ਨਾਲ ਨਜਿੱਠਣ ਲਈ ਢੁਕਵੇਂ ਤਰੀਕਿਆਂ ਦੀ ਸਿਫ਼ਾਰਸ਼ ਵੀ ਕਰੇਗੀ। ਪੁਲੀਸ ਨੇ ਅੱਜ ਤੋਂ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ (ਦਿਹਾਤੀ) ਦੀ ਪੁਲੀਸ ਨੇ ਅਜਨਾਲਾ ਦੇ ਪਿੰਡ ਸਲੇਮਪੁਰ ਦੇ ਦਲੇਰ ਸਿੰਘ ਦੀ ਸ਼ਿਕਾਇਤ ’ਤੇ ਟਰੈਵਲ ਏਜੰਟ ਸਤਨਾਮ ਸਿੰਘ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ। ਸਤਨਾਮ ਦੇ ਦਫ਼ਤਰ ਵੀ ਪੁਲੀਸ ਨੇ ਅੱਜ ਸੀਲ ਕਰ ਦਿੱਤੇ ਹਨ। ਡਿਪੋਰਟ ਹੋਏ ਬਹੁਤੇ ਨੌਜਵਾਨਾਂ ਨੇ ਦੁਬਈ ਦੇ ਟਰੈਵਲ ਏਜੰਟਾਂ ਦੀ ਸ਼ਮੂਲੀਅਤ ਦੀ ਗੱਲ ਵੀ ਆਖੀ ਹੈ। ਪਤਾ ਲੱਗਿਆ ਹੈ ਕਿ ਕਰਨਾਲ ਪੁਲੀਸ ਨੇ ਵੀ ਜਲੰਧਰ ਦੇ ਇੱਕ ਟਰੈਵਲ ਏਜੰਟ ਰੌਕੀ ’ਤੇ ਕੇਸ ਦਰਜ ਕੀਤਾ ਹੈ ਜਿਸ ਖ਼ਿਲਾਫ਼ ਦੋਸ਼ ਹੈ ਕਿ ਉਸ ਨੇ ਆਕਾਸ਼ ਨਾਮ ਦੇ ਵਿਅਕਤੀ ਨਾਲ ਧੋਖਾਧੜੀ ਕੀਤੀ ਹੈ। ਜਲੰਧਰ ਪੁਲੀਸ ਵੱਲੋਂ ਇੱਕ ਦਲਾਲ ਨੂੰ ਵੀ ਕਾਬੂ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਉਸ ਕੋਲੋਂ ਕੁੱਝ ਵਰਕ ਵੀਜ਼ਾ ਵੀ ਮਿਲੇ ਹਨ। ਪੰਜਾਬ ਪੁਲੀਸ ਨੇ ਆਪਣੀ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਪਤਾ ਲੱਗਿਆ ਹੈ ਕਿ ਅਮਰੀਕਾ ਤੋਂ ਵਾਪਸ ਆਏ ਬਹੁਤੇ ਪੀੜਤ ਪੁਲੀਸ ਕੇਸ ਦਰਜ ਕਰਾਉਣ ਦੀ ਥਾਂ ਪਹਿਲਾਂ ਏਜੰਟਾਂ ਤੋਂ ਪੈਸਾ ਵਾਪਸ ਲੈਣ ਨੂੰ ਤਰਜੀਹ ਦੇ ਰਹੇ ਹਨ। ਜਿਹੜੇ ਟਰੈਵਲ ਏਜੰਟ ਦੁਬਈ ਦੇ ਸਨ, ਉਨ੍ਹਾਂ ਨੂੰ ਹੱਥ ਪਾਉਣਾ ਪੰਜਾਬ ਪੁਲੀਸ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਹੋ ਜਾਣੀ ਹੈ।
ਟਰੈਵਲ ਏਜੰਟਾਂ ਤੋਂ ਪੀੜਤ ਸਾਹਮਣੇ ਆਉਣ: ਧਾਲੀਵਾਲ
ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਧੰਦਾ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਜਿਹੜਾ ਵੀ ਵਿਅਕਤੀ ਇਸ ਗ਼ਲਤ ਧੰਦੇ ਵਿੱਚ ਸ਼ਾਮਲ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਟਰੈਵਲ ਏਜੰਟਾਂ ਤੋਂ ਪੀੜਤ ਨੌਜਵਾਨ ਸਾਹਮਣੇ ਆਉਣ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਜਦੋਂ ਵੀ ਸ਼ਿਕਾਇਤ ਕਰਨਗੇ, ਫ਼ੌਰੀ ਕਾਰਵਾਈ ਕੀਤੀ ਜਾਵੇਗੀ।