
ਤੀਜੀ ਦੇ 30 ਫ਼ੀਸਦ ਪਾੜ੍ਹੇ ਮਾਤ ਭਾਸ਼ਾ ’ਚ ਸਧਾਰਨ ਪੈਰਾ ਪੜ੍ਹਨ ਤੋਂ ਅਸਮਰੱਥ
ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਜਮਾਤ ਦੇ ਕਰੀਬ 30 ਫੀਸਦ ਬੱਚੇ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਸਾਧਾਰਨ ਪੈਰਾ ਵੀ ਨਹੀਂ ਪੜ੍ਹ ਸਕੇ। ਇਹ ਖੁਲਾਸਾ ਦਿਹਾਤੀ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਸਬੰਧੀ ਸਾਲਾਨਾ ਰਿਪੋਰਟ (ਏਐੱਸਈਆਰ) 2024 ਵਿੱਚ ਹੋਇਆ ਹੈ। ਨਾ ਸਿਰਫ਼ ਸਰਕਾਰੀ ਬਲਕਿ ਸੂਬੇ ਵਿਚਲੇ ਪ੍ਰਾਈਵੇਟ ਸਕੂਲਾਂ ਦੇ 40 ਫੀਸਦ ਬੱਚੇ ਵੀ ਪੰਜਾਬੀ ਵਿੱਚ ਇਕ ਪੈਰ੍ਹਾ ਵੀ ਨਹੀਂ ਪੜ੍ਹ ਸਕੇ। ਪੜ੍ਹਨ ਦੀ ਸਮਰੱਥਾ ਅਤੇ ਗਣਿਤ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਮਾਪਦੰਡਾਂ ’ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਨਿੱਜੀ ਸਕੂਲਾਂ ਨਾਲੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈ।