
ਅੱਠ ਪੀਪੀਐੱਸ ਅਧਿਕਾਰੀਆਂ ਸਣੇ 19 ਅਧਿਕਾਰੀਆਂ ਨੂੰ ਵਧੀਆਂ ਸੇਵਾਵਾਂ ਬਦਲੇ ਮਿਲਣਗੇ ਮੈਡਲ
ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਸਰਕਾਰ ਵੱਲੋਂ 76ਵੇਂ ਗਣਤੰਤਰ ਦਿਵਸ ਮੌਕੇ 4 ਪੁਲੀਸ ਅਧਿਕਾਰੀਆਂ ਤੇ ਇਕ ਹੋਮ ਗਾਰਡ ਜਵਾਨ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ 8 ਪੀਪੀਐੱਸ ਅਧਿਕਾਰੀਆਂ ਸਣੇ 19 ਪੁਲੀਸ ਅਧਿਕਾਰੀਆਂ ਨੂੰ ਵਧੀਆਂ ਸੇਵਾਵਾਂ ਬਦਲੇ ਮੁੱਖ ਮੰਤਰੀ ਮੈਡਲ ਪ੍ਰਦਾਨ ਕੀਤੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਹੁਸ਼ਿਆਰਪੁਰ ਵਿੱਚ ਪੁਲੀਸ ਚੌਕੀ ਜੇਜੋਂ ਦੇ ਏਐੱਸਆਈ ਮੰਨਾ ਸਿੰਘ, ਏਐੱਸਆਈ ਰਾਜਿੰਦਰ ਸਿੰਘ, ਸੀਨੀਅਰ ਕਾਂਸਟੇਬਲ ਕੁਲਵਿੰਦਰ ਕੌਰ ਅਤੇ ਪੰਜਾਬ ਹੋਮਗਾਰਡ ਗੁਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਪੁਲੀਸ ਟੀਮ ਨੇ 11 ਅਗਸਤ 2024 ਨੂੰ ਹੁਸ਼ਿਆਰਪੁਰ ਦੀ ਜੇਜੋਂ ਖੱਡ ’ਚ ਵਹਿ ਗਏ ਇਨੋਵਾ ਕਾਰ ਸਵਾਰ ਦੀਪਕ ਕੁਮਾਰ ਦੀ ਜਾਨ ਬਚਾਈ ਸੀ। ਇਸੇ ਤਰ੍ਹਾਂ ਸੀਆਈਡੀ ਯੂਨਿਟ ਲੁਧਿਆਣਾ ਦੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ 29 ਅਗਸਤ 2024 ਨੂੰ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਇਕ ਵਿਅਕਤੀ ਦੀ ਜਾਨ ਬਚਾਈ ਸੀ। ਇਨ੍ਹਾਂ ਤੋਂ ਐੱਸਪੀ ਪੀਬੀਆਈ ਸੰਗਰੂਰ ਨਵਰੀਤ ਸਿੰਘ ਵਿਰਕ, ਐੱਸਪੀ ਪੀਬੀਆਈ ਤੇ ਇਨਵੈਟੀਗੇਸ਼ਨ ਫਰੀਦਕੋਟ ਜਸਮੀਤ ਸਿੰਘ, ਐੱਸਪੀ ਹੈੱਡਕੁਆਰਟਰ ਗੁਰਦਾਸਪੁਰ ਜੁਗਰਾਜ ਸਿੰਘ, ਕਮਾਂਡੈਂਟ ਚੌਥੀ ਕਮਾਂਡੋ ਬਟਾਲੀਅਨ ਪਰਮਪਾਲ ਸਿੰਘ, ਜੁਆਇੰਟ ਡਾਇਰੈਕਟਰ ਵਿਜੀਲੈਂਸ ਬਿਊਰੋ ਦਿਗਵਿਜੈ ਕਪਿਲ, ਏਆਈਜੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਵਨੀਤ ਕੌਰ ਸਿੱਧੂ, ਐੱਸਪੀ ਡਿਟੈਕਟਿਵ ਅੰਮ੍ਰਿਤਸਰ ਦਿਹਾਤੀ ਹਰਿੰਦਰ ਸਿੰਘ ਅਤੇ ਡੀਐੱਸਪੀ ਲਾਅ ਐਂਡ ਆਰਡਰ ਵਿੰਗ ਸਮਰਪਾਲ ਸਿੰਘ ਨੂੰ ਵਧੀਆਂ ਸੇਵਾਵਾਂ ਬਦਲੇ ਸਨਮਾਨਿਆ ਜਾਵੇਗਾ। ਇੰਸਪੈਕਟਰ ਪ੍ਰਾਣ ਨਾਥ, ਇੰਸਪੈਕਟਰ ਪ੍ਰਿਤਪਾਲ ਸਿੰਘ, ਇੰਸਪੈਕਟਰ ਸੁਖਮੰਦਰ ਸਿੰਘ, ਇੰਸਪੈਕਟਰ ਮਨਫੂਲ ਸਿੰਘ, ਐੱਸਆਈ ਰਾਜੇਸ਼ ਕੁਮਾਰ, ਐੱਸਆਈ ਪਰਮਿੰਦਰ ਸਿੰਘ, ਐੱਸਆਈ ਜੁਗਲ ਕਿਸ਼ੋਰ ਸ਼ਰਮਾ, ਐੱਸਆਈ ਸੁਮਿਤ ਐਰੀ, ਏਐੱਸਆਈ ਹਰਪਾਲ ਸਿੰਘ, ਹੈੱਡ ਕਾਂਸਟੇਬਲ ਮੁਖਜੀਤ ਸਿੰਘ ਤੇ ਕਾਂਸਟੇਬਲ ਸਿਮਰਨਜੀਤ ਸਿੰਘ ਨੂੰ ਵੀ ਵਧੀਆਂ ਸੇਵਾਵਾਂ ਲਈ ਸਨਮਾਨਿਆ ਜਾਵੇਗਾ।