ਗਣਤੰਤਰ ਦਿਵਸ: ਪਟਿਆਲਾ ’ਚ ਤਿਰੰਗਾ ਲਹਿਰਾਉਣਗੇ ਮੁੱਖ ਮੰਤਰੀ

ਗਣਤੰਤਰ ਦਿਵਸ: ਪਟਿਆਲਾ ’ਚ ਤਿਰੰਗਾ ਲਹਿਰਾਉਣਗੇ ਮੁੱਖ ਮੰਤਰੀ

ਚੰਡੀਗੜ੍ਹ,(ਪੰਜਾਬੀ ਰਾਈਟਰ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਣਤੰਤਰ ਦਿਵਸ ਸਮਾਗਮਾਂ ’ਤੇ ਕੌਮੀ ਝੰਡਾ ਲਹਿਰਾਏ ਜਾਣ ਦੇ ਪ੍ਰੋਗਰਾਮਾਂ ਸਬੰਧੀ ਕਈ ਤਰ੍ਹਾਂ ਦੇ ਭੰਬਲਭੂਸੇ ਪਏ ਰਹੇ। ਦੇਰ ਸ਼ਾਮ ਮੁੱਖ ਮੰਤਰੀ ਵੱਲੋਂ ਪਟਿਆਲਾ ’ਚ ਹੀ ਕੌਮੀ ਝੰਡਾ ਲਹਿਰਾਏ ਜਾਣ ਦਾ ਆਖ਼ਰੀ ਫ਼ੈਸਲਾ ਹੋਇਆ ਜਦੋਂ ਕਿ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦਾ ਪ੍ਰੋਗਰਾਮ ਫ਼ਰੀਦਕੋਟ ਤੋਂ ਤਬਦੀਲ ਕਰ ਕੇ ਮੁਹਾਲੀ ਹੋ ਗਿਆ ਸੀ ਜਿਸ ਦਾ ਬਕਾਇਦਾ ਪੱਤਰ ਵੀ ਜਾਰੀ ਹੋਇਆ। ਇਸੇ ਤਰ੍ਹਾਂ ਪ੍ਰੋਗਰਾਮ ਤਬਦੀਲੀ ਦੀ ਵਜ੍ਹਾ ਵੀ ਕੋਈ ਹੋਰ ਹੀ ਨਿਕਲੀ। ਪਹਿਲਾਂ ਇਸ ਭੰਬਲਭੂਸੇ ਵਿੱਚ ਮੁਹਾਲੀ ਤੇ ਪਟਿਆਲਾ ਦੇ ਅਧਿਕਾਰੀ ਵੀ ਫਸੇ ਰਹੇ। ਪ੍ਰੋਗਰਾਮਾਂ ਵਿੱਚ ਵਾਰ ਵਾਰ ਤਬਦੀਲੀ ਹੋਣ ਕਰਕੇ ਦੇਰ ਸ਼ਾਮ ਤੱਕ ਮੀਡੀਆ ਨੂੰ ਨਵੇਂ ਪ੍ਰੋਗਰਾਮ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਸੀ। ਅਖੀਰ ਮੁੱਖ ਮੰਤਰੀ ਦੇ ਪ੍ਰੋਗਰਾਮ ਪਟਿਆਲਾ ਵਿੱਚ ਹੋਣ ’ਤੇ ਮੋਹਰ ਲੱਗੀ ਹੈ। ਸੂਤਰਾਂ ਅਨੁਸਾਰ ਦਿੱਲੀ ’ਚ ਚੈਨਲ ਵੱਲੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ 25 ਜਨਵਰੀ ਨੂੰ ਪ੍ਰੋਗਰਾਮ ਰੱਖਿਆ ਹੋਇਆ ਹੈ ਜੋ ਉਸ ਦਿਨ ਕਰੀਬ ਬਾਅਦ ਦੁਪਹਿਰਤਿੰਨ ਵਜੇ ਖ਼ਤਮ ਹੋਣ ਦੀ ਸੰਭਾਵਨਾ ਹੈ। ਪ੍ਰੋਟੋਕਾਲ ਅਨੁਸਾਰ 25 ਜਨਵਰੀ ਨੂੰ ਹੀ ਮੁੱਖ ਮੰਤਰੀ ਅਤੇ ਵਜ਼ੀਰਾਂ ਨੇ ਕੌਮੀ ਝੰਡਾ ਲਹਿਰਾਏ ਜਾਣ ਵਾਲੀ ਥਾਂ ’ਤੇ ਸ਼ਾਮ ਤੱਕ ਪੁੱਜਣਾ ਹੁੰਦਾ ਹੈ। ਗਣਤੰਤਰ ਦਿਵਸ ਕਰਕੇ ਦਿੱਲੀ ‘ਨੋ ਫਲਾਈ ਜ਼ੋਨ’ ਵਿੱਚ ਹੁੰਦੀ ਹੈ ਜਿਸ ਕਰਕੇ ਫ਼ਰੀਦਕੋਟ ਵਿਖੇ ਹਵਾਈ ਰਸਤੇ ਮੁੱਖ ਮੰਤਰੀ ਆ ਨਹੀਂ ਸਕਦੇ ਸਨ।