
ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮਿਲੀ ਹਰੀ ਝੰਡੀ
ਚੰਡੀਗੜ੍ਹ,(ਪੰਜਾਬੀ ਰਾਈਟਰ)- ‘ਆਪ’ ਸਰਕਾਰ ਜਲਦੀ ਹੀ ਰਣਜੀਤ ਸਾਗਰ ਝੀਲ ’ਚ ਜਲ-ਬੱਸ ਚਲਾਏਗੀ ਅਤੇ ਇਸ ਸਬੰਧੀ ਅਮਲ ਸ਼ੁਰੂ ਹੋ ਗਿਆ ਹੈ। ਮੁੱਖ ਸਕੱਤਰ ਦੀ ਅਗਵਾਈ ਹੇਠ ਪਿਛਲੇ ਦਿਨੀਂ ਉੱਚ ਪੱਧਰੀ ਮੀਟਿੰਗ ਹੋਈ ਸੀ, ਜਿਸ ’ਚ ਸੈਰ-ਸਪਾਟਾ ਵਿਭਾਗ, ਟਰਾਂਸਪੋਰਟ ਵਿਭਾਗ ਸਮੇਤ ਹੋਰ ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ। ਇਸੇ ਮੀਟਿੰਗ ਦੌਰਾਨ ਜਲ-ਬੱਸ ਚਲਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਮਗਰੋਂ ਸੈਰ-ਸਪਾਟਾ ਵਿਭਾਗ ਨੇ ਹਰੀਕੇ ਵਿਖੇ ਖੜ੍ਹੀ ਜਲ-ਬੱਸ ਦੀ ਚੈਕਿੰਗ ਕਰਵਾਈ ਹੈ। ਟਰਾਂਸਪੋਰਟ ਵਿਭਾਗ ਨੇ ਇਸ ਦੀ ਮੁਰੰਮਤ ਵਗੈਰਾ ਕਰ ਕੇ ਫਿਟਨੈੱਸ ਲਈ ਜ਼ੁਬਾਨੀ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਜਲ-ਬੱਸ ਨੂੰ ਰਣਜੀਤ ਸਾਗਰ ਝੀਲ ’ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਮਸ਼ਵਰਾ ਲਿਆ ਜਾ ਰਿਹਾ ਹੈ।
ਚੇਤੇ ਰਹੇ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 ’ਚ ਬਠਿੰਡਾ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਾਜ਼ਰੀ ’ਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ’ਚ ਬੱਸਾਂ ਚਲਾਏਗੀ। ਉਸ ਵਕਤ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ। ਤਤਕਾਲੀ ਸਰਕਾਰ ਨੇ ਸਾਲ 2016 ’ਚ 4.50 ਕਰੋੜ ਦੀ ਲਾਗਤ ਨਾਲ ਕ੍ਰਿਸ਼ਨਾ ਐਂਟਰਪ੍ਰਾਈਜ਼ਿਜ਼ ਤੋਂ ਜਲ-ਬੱਸ ਖ਼ਰੀਦੀ ਸੀ। ਸੂਬੇ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਹਰੀਕੇ ਵੈੱਟਲੈਂਡ ’ਚ ਦਸਬੰਰ 2016 ’ਚ ਇਹ ਬੱਸ ਚਲਾਈ ਸੀ ਅਤੇ ਸੁਖਬੀਰ ਸਿੰਘ ਬਾਦਲ ਨੇ ਇਸ ਦਾ ਉਦਘਾਟਨ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਇਹ ਕੁੱਲ ਨੌਂ ਕਰੋੜ ਰੁਪਏ ਦਾ ਪ੍ਰੋਜੈਕਟ ਸੀ। ਉਸ ਵੇਲੇ ਬਿਨਾਂ ਫ਼ਿਜ਼ੀਬਿਲਟੀ ਦੇਖੇ ਹੀ ਜਲ-ਬੱਸ ਚਲਾ ਦਿੱਤੀ ਗਈ ਸੀ। ਕਰੀਬ 10 ਦਿਨ ਹੀ ਇਹ ਬੱਸ ਚੱਲ ਸਕੀ ਸੀ ਅਤੇ 6600 ਰੁਪਏ ਦੀ ਕਮਾਈ ਹੋਈ ਸੀ। ਇਸ ਜਲ-ਬੱਸ ’ਚ 32 ਸੈਲਾਨੀ ਬੈਠ ਸਕਦੇ ਸਨ ਅਤੇ 800 ਰੁਪਏ ਟਿਕਟ ਰੱਖੀ ਗਈ ਸੀ। ਉਸ ਮਗਰੋਂ ਇਹ ਜਲ-ਬੱਸ ਹਰੀਕੇ ’ਚ ਹੀ ਤਾਲੇ ਅੰਦਰ ਬੰਦ ਸੀ। ਕਾਂਗਰਸ ਸਰਕਾਰ ਸਮੇਂ ਤਤਕਾਲੀ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ 3 ਫਰਵਰੀ, 2019 ਨੂੰ ਐਲਾਨ ਕੀਤਾ ਸੀ ਕਿ ਇਸ ਜਲ-ਬੱਸ ਨੂੰ ਨਿਲਾਮ ਕੀਤਾ ਜਾਵੇਗਾ ਅਤੇ ਇਸ ਦੀ ਜਗ੍ਹਾਂ ਹਰੀਕੇ ਜਲਗਾਹ ’ਚ ਕਸ਼ਮੀਰ ਦੀ ਤਰਜ਼ ’ਤੇ ਸ਼ਿਕਾਰੇ ਚਲਾਏ ਜਾਣਗੇ। ਸੂਤਰਾਂ ਮੁਤਾਬਕ ਕਈ ਵਰ੍ਹਿਆਂ ਤੋਂ ਤਾਲੇ ਅੰਦਰ ਬੰਦ ਖੜ੍ਹੀ ਬੱਸ ਨੂੰ ਜੰਗਾਲ ਪੈ ਰਿਹਾ ਸੀ। ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓਂ ਉਲੀਕਿਆ ਹੈ। ਇਸ ਨੂੰ ਹੁਣ ਰਣਜੀਤ ਸਾਗਰ ਝੀਲ ’ਚ ਚਲਾਉਣ ਦਾ ਫ਼ੈਸਲਾ ਕੀਤਾ ਹੈ। ਟਰਾਂਸਪੋਰਟ ਵਿਭਾਗ ਤੋਂ ਜਲ-ਬੱਸ ਦਾ ਫਿਟਨੈਸ ਸਰਟੀਫਿਕੇਟ ਲੈਣ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਨ ਕਲੀਅਰੈਂਸ ਲਈ ਜਾਵੇਗੀ। ਪੰਜਾਬ ਸਰਕਾਰ ਰਣਜੀਤ ਸਾਗਰ ਝੀਲ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨਾ ਚਾਹੁੰਦੀ ਹੈ।
ਰਸਮੀ ਪ੍ਰਕਿਰਿਆ ਪੂਰੀ ਕਰ ਰਹੇ ਹਾਂ: ਸੌਂਦ
ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੰਜਾਬ ਸਰਕਾਰ ਦੇ ਖਜ਼ਾਨੇ ’ਚੋਂ ਖ਼ਰਚ ਕੀਤੀ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਖ਼ਰੀਦ ਕੀਤੀ ਜਲ-ਬੱਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁੜ ਫਿਟਨੈਸ ਸਰਟੀਫਿਕੇਟ ਮਿਲਣ ’ਤੇ ਜਲ-ਬੱਸ ਨੂੰ ਚਲਾਇਆ ਜਾਵੇਗਾ। ਇਸ ਬਾਰੇ ਕੁੱਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।