ਪੰਜਾਬ ’ਚ ਕਿਣ-ਮਿਣ ਨਾਲ ਠੰਢ ਨੇ ਜ਼ੋਰ ਫੜਿਆ

ਪੰਜਾਬ ’ਚ ਕਿਣ-ਮਿਣ ਨਾਲ ਠੰਢ ਨੇ ਜ਼ੋਰ ਫੜਿਆ

ਸੂਬੇ ਵਿੱਚ ਦਿਨ ਸਮੇਂ ਤਾਪਮਾਨ 5.5 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗਿਆ; ਰਾਤ ਨੂੰ ਅਬੋਹਰ ਰਿਹਾ ਸਭ ਤੋਂ ਠੰਢਾ

ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਵਿੱਚ ਲੰਘੀ ਰਾਤ ਪਈ ਸੰਘਣੀ ਧੁੰਦ ਤੋਂ ਬਾਅਦ ਅੱਜ ਤੜਕੇ ਹੋਈ ਕਿਣ-ਮਿਣ ਕਰ ਕੇ ਦਿਨ ਸਮੇਂ ਠੰਢ ਨੇ ਜ਼ੋਰ ਫੜ ਲਿਆ ਹੈ। ਇਸੇ ਕਰ ਕੇ ਅੱਜ ਸਾਰਾ ਦਿਨ ਲੋਕਾਂ ਨੂੰ ਕੰਬਣੀ ਛਿੜੀ ਰਹੀ ਹੈ। ਦਿਨ ਸਮੇਂ ਪੰਜਾਬ ਦਾ ਤਾਪਮਾਨ 5.5 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ। ਅੱਜ ਪੰਜਾਬ ਵਿੱਚ ਦਿਨ ਸਮੇਂ ਅੰਮ੍ਰਿਤਸਰ ਅਤੇ ਰਾਤ ਸਮੇਂ ਅਬੋਹਰ ਸ਼ਹਿਰ ਸਭ ਤੋਂ ਠੰਢੇ ਰਹੇ ਹਨ। ਅੰਮ੍ਰਿਤਸਰ ਵਿੱਚ ਦਿਨ ਸਮੇਂ ਤਾਪਮਾਨ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 5.5 ਡਿਗਰੀ ਸੈਲਸੀਅਸ ਘੱਟ ਸੀ।

ਇਸੇ ਤਰ੍ਹਾਂ ਰਾਤ ਸਮੇਂ ਅਬੋਹਰ ਵਿੱਚ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ ਅਗਲੇ ਦੋ-ਤਿੰਨ ਦਿਨ ਇਸੇ ਤਰ੍ਹਾਂ ਕੜਾਕੇ ਦੀ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ 17 ਤੇ 18 ਜਨਵਰੀ ਲਈ ਓਰੈਂਜ ਅਲਰਟ ਅਤੇ 19 ਜਨਵਰੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਚੰਡੀਗੜ੍ਹ, ਪਟਿਆਲਾ, ਪਠਾਨਕੋਟ, ਨਵਾਂ ਸ਼ਹਿਰ, ਫ਼ਤਹਿਗੜ੍ਹ ਸਾਹਿਬ, ਫ਼ਿਰੋਜ਼ਪੁਰ ਤੇ ਰੂਪਨਗਰ ਸਣੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ ਹੈ। ਮੀਂਹ ਨਾਲ ਚੱਲੀਆਂ ਠੰਢੀਆਂ ਹਵਾਵਾਂ ਕਰ ਕੇ ਦਿਨ ਸਮੇਂ ਠੰਢ ਨੇ ਜ਼ੋਰ ਫੜ ਲਿਆ ਹੈ। ਮੀਂਹ ਅਤੇ ਸੀਤ ਲਹਿਰ ਚੱਲਣ ਕਰ ਕੇ ਸਾਰਾ ਦਿਨ ਜ਼ਿਆਦਾਤਰ ਇਲਾਕਿਆਂ ਵਿੱਚ ਲੋਕਾਂ ਨੂੰ ਕੰਬਣੀ ਛਿੜੀ ਰਹੀ ਹੈ। ਹਾਲਾਂਕਿ ਦੁਪਹਿਰ ਸਮੇਂ ਸੂਰਜ ਦਿਖਾਈ ਦਿੱਤਾ, ਪਰ ਸ਼ਾਮ ਹੁੰਦਿਆਂ ਹੀ ਮੁੜ ਤੋਂ ਠੰਢ ਦਾ ਕਹਿਰ ਸ਼ੁਰੂ ਹੋ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 7.2 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 7.8 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 9.2 ਡਿਗਰੀ ਸੈਲਸੀਅਸ, ਪਠਾਨਕੋਟ ਵਿੱਚ 6.5 ਡਿਗਰੀ ਸੈਲਸੀਅਸ, ਬਠਿੰਡਾ ਵਿੱਚ 5.6 ਡਿਗਰੀ ਸੈਲਸੀਅਸ, ਫ਼ਰੀਦਕੋਟ ਵਿੱਚ 6 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ 5.7 ਡਿਗਰੀ ਸੈਲਸੀਅਸ, ਫ਼ਤਹਿਗੜ੍ਹ ਸਾਹਿਬ ਵਿੱਚ 8.6 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ ਵਿੱਚ 6 ਡਿਗਰੀ ਸੈਲਸੀਅਸ, ਮੋਗਾ ਵਿੱਚ 8.5 ਡਿਗਰੀ ਸੈਲਸੀਅਸ, ਮੁਹਾਲੀ ਵਿੱਚ 10.3 ਡਿਗਰੀ ਸੈਲਸੀਅਸ, ਰੂਪਨਗਰ ਵਿੱਚ 7.9 ਡਿਗਰੀ ਸੈਲਸੀਅਸ ਅਤੇ ਸੰਗਰੂਰ ਵਿੱਚ 9.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।