.jpg)
ਦਿਨੇ ਧੁੱਪ ਖਿੜੀ, ਰਾਤਾਂ ਨੇ ਲੋਕ ਠਾਰੇ; ਮੌਸਮ ਵਿਭਾਗ ਵੱਲੋਂ 15 ਤੱਕ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ
ਚੰਡੀਗੜ੍ਹ,(ਪੰਜਾਬੀ ਰਾਈਟਰ)- ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦਿਨੀਂ ਪਈ ਸੀਜ਼ਨ ਦੀ ਪਹਿਲੀ ਬਰਫ਼ ਨੇ ਨਾਲ ਲਗਦੇ ਮੈਦਾਨੀ ਇਲਾਕੇ ਨੂੰ ਠਾਰ ਕੇ ਰੱਖ ਦਿੱਤਾ ਹੈ। ਇਸ ਕਾਰਨ ਠੰਢੀਆਂ ਹਵਾਵਾਂ ਚੱਲਣ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਪਾਰਾ ਲਗਾਤਾਰ ਡਿੱਗਣ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਸਵੇਰ ਤੇ ਰਾਤ ਸਮੇਂ ਠੰਢ ਵਧ ਗਈ ਹੈ, ਜਦੋਂ ਕਿ ਦਿਨ ਸਮੇਂ ਧੁੱਪ ਖਿੜੀ ਰਹੀ। ਅੱਜ ਪੰਜਾਬ ਵਿੱਚ ਰਾਤ ਸਮੇਂ ਫ਼ਰੀਦਕੋਟ ਤੇ ਨਵਾਂਸ਼ਹਿਰ ਸਭ ਤੋਂ ਠੰਢੇ ਰਹੇ, ਜਿੱਥੇ ਘੱਟ ਤੋਂ ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ ਹੈ। ਉਧਰ, ਮੌਸਮ ਵਿਭਾਗ ਨੇ 15 ਦਸੰਬਰ ਤੱਕ ਪੰਜਾਬ ਵਿੱਚ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਵਿੱਚ ਠੰਢ ਵਧਣ ਕਰਕੇ ਆਮ ਜਨ ਜੀਵਨ ਵੀ ਪ੍ਰਭਾਵਿਤ ਹੋ ਗਿਆ। ਲੋਕਾਂ ਨੂੰ ਠੰਢ ਕਰਕੇ ਸਵੇਰੇ ਕੰਮ ’ਤੇ ਜਾਣਾ ਮੁਸ਼ਕਲ ਹੋ ਗਿਆ। ਲੋਕਾਂ ਨੂੰ ਵਾਹਨ ਚਲਾਉਣ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਠੰਢ ਕਰਕੇ ਸੜਕੀ ਹਾਦਸਿਆਂ ਦੀ ਗਿਣਤੀ ਵੀ ਵੱਧ ਗਈ ਹੈ। ਠੰਢ ਵਧਣ ਕਰਕੇ ਗਰਮ ਕੱਪੜਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਚਿਹਰੇ ਖਿੜ ਗਏ ਹਨ। ਅੱਜ ਦੁਪਹਿਰ ਸਮੇਂ ਚੰਗੀ ਧੁੱਪ ਨਿਕਲਣ ਕਰਕੇ ਵੱਡੀ ਗਿਣਤੀ ਲੋਕਾਂ ਨੇ ਧੁੱਪ ਦਾ ਆਨੰਦ ਮਾਣਿਆ। ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਠੰਢ ਹੋਰ ਵਧੇਗੀ, ਜਦੋਂਕਿ ਅਗਲੇ ਤਿੰਨ-ਚਾਰ ਦਿਨ ਘੱਟ ਤੋਂ ਘੱਟ ਤਾਪਮਾਨ ਵਿੱਚ ਇੱਕ ਤੋਂ ਦੋ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ।
ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 4.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 5, ਲੁਧਿਆਣਾ ਵਿੱਚ 6.2, ਪਟਿਆਲਾ ’ਚ 4.5, ਪਠਾਨਕੋਟ ਵਿੱਚ 4.3, ਬਠਿੰਡਾ ’ਚ 4.6, ਗੁਰਦਾਸਪੁਰ ’ਚ 3.6, ਬਰਨਾਲਾ ਵਿੱਚ 4.5, ਫ਼ਤਹਿਗੜ੍ਹ ਸਾਹਿਬ ਵਿੱਚ 5.1, ਫਾਜ਼ਿਲਕਾ ’ਚ 3.2, ਫਿਰੋਜ਼ਪੁਰ ਵਿੱਚ 5.1, ਰੋਪੜ ਵਿੱਚ 3.1 ਅਤੇ ਸੰਗਰੂਰ ਵਿੱਚ 5.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਹ ਤਾਪਮਾਨ ਇੱਕ ਤੋਂ 4.7 ਡਿਗਰੀ ਸੈਲਸੀਅਸ ਤੱਕ ਆਮ ਤੋਂ ਘੱਟ ਦਰਜ ਕੀਤਾ ਗਿਆ।