ਗੌਣ-ਪਾਣੀ: ਛਣਕਾਟਾ ਪੈਂਦਾ ਗਲੀ ਗਲੀ..!

ਗੌਣ-ਪਾਣੀ: ਛਣਕਾਟਾ ਪੈਂਦਾ ਗਲੀ ਗਲੀ..!

ਪੰਜਾਬੀ ਕਲਾਕਾਰਾਂ ਨੇ ਕਮਾਏ 2145 ਕਰੋੜ; ਸਿਨੇਮਾ ਸਨਅਤ ਦਾ ਸਾਲਾਨਾ ਕਾਰੋਬਾਰ ਪੌਣੇ ਚਾਰ ਸੌ ਕਰੋੜ ਰੁਪਏ

ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬੀ ਗਾਇਕੀ ਦੀ ਹੇਕ ਹੁਣ ਪਰਦੇਸਾਂ ਤੱਕ ਪੁੱਜੀ ਹੈ ਅਤੇ ਪੰਜਾਬੀ ਸਿਨੇਮਾ ਵੀ ਦੇਸ਼ ਦੀਆਂ ਜੂਹਾਂ ਟੱਪਿਆ ਹੈ। ਜਿਵੇਂ ਹੀ ਨਵੇਂ ਦੌਰ ’ਚ ਪੰਜਾਬੀ ਸੰਗੀਤ ਦਾ ਦਾਇਰਾ ਵਿਸ਼ਾਲ ਹੋਇਆ, ਉਵੇਂ ਹੀ ਪੰਜਾਬੀ ਗਾਇਕਾਂ ਦੇ ਖ਼ਜ਼ਾਨੇ ਭਰਪੂਰ ਹੋਣ ਲੱਗੇ। ਪੰਜਾਬ ’ਚ ਕਲਾਕਾਰਾਂ ਨੇ ਲੰਘੇ ਸਾਢੇ ਸੱਤ ਸਾਲਾਂ ’ਚ 2145.53 ਕਰੋੜ ਦਾ ਕਾਰੋਬਾਰ ਕੀਤਾ ਹੈ, ਜਦੋਂ ਕਿ ਸਿਨੇਮਾ ਤੇ ਮਲਟੀਪਲੈਕਸਾਂ ਦਾ 2056.98 ਕਰੋੜ ਦਾ ਕੰਮ ਰਿਹਾ ਹੈ। ਫ਼ਿਲਮੀ ਕਮਾਈ ਇਸ ਤੋਂ ਵੱਖਰੀ ਹੈ। ਇਹ ਕਾਰੋਬਾਰ ਸਿਰਫ਼ ਸਟੇਜ ਸ਼ੋਅ ਦਾ ਹੈ। ਪੰਜਾਬ ਸਰਕਾਰ ਕੋਲ 810 ਕਲਾਕਾਰ ਜੀਐੱਸਟੀ ਤਹਿਤ ਰਜਿਸਟਰਡ ਹਨ, ਜਿਨ੍ਹਾਂ ਦੀ ਸਾਲਾਨਾ ਕਮਾਈ 20 ਲੱਖ ਰੁਪਏ ਤੋਂ ਉਪਰ ਹੈ। ਸਾਲ 2017-18 ਵਿਚ ਕਲਾਕਾਰਾਂ ਨੇ ਸਿਰਫ਼ 47.75 ਕਰੋੜ ਦਾ ਕਾਰੋਬਾਰ ਕੀਤਾ, ਜੋ ਸਾਲ 2024-25 (ਨਵੰਬਰ ਤੱਕ) ’ਚ ਵਧ ਕੇ 358.16 ਕਰੋੜ ਦਾ ਹੋ ਗਿਆ। ਸਾਲ 2023-24 ਵਿਚ ਕਲਾਕਾਰਾਂ ਨੇ 677.76 ਕਰੋੜ ਰੁਪਏ ਕਮਾਏ। ਇਹ ਸਿਰਫ਼ ਉਹ ਕਮਾਈ ਹੈ, ਜਿਸ ’ਤੇ ਟੈਕਸ ਤਾਰਿਆ ਗਿਆ। ਬਹੁਤੇ ਕਲਾਕਾਰ ਕਥਿਤ ਤੌਰ ’ਤੇ ਕਮਾਉਂਦੇ ਵੱਧ ਹਨ ਪਰ ਘੱਟ ਕਮਾਈ ਦਿਖਾ ਕੇ ਟੈਕਸ ਤਾਰਦੇ ਹਨ। ਕਲਾਕਾਰਾਂ ਵੱਲੋਂ ਜੋ ‘ਸੇਵਾ’ ਦਿੱਤੀ ਜਾਂਦੀ ਹੈ, ਉਸ ’ਤੇ 18 ਫ਼ੀਸਦੀ ਜੀਐੱਸਟੀ ਲੱਗਦਾ ਹੈ। ਪੰਜਾਬ ’ਚ ਪੰਜ ਲੱਖ ਤੋਂ 50 ਲੱਖ ਰੁਪਏ ਪ੍ਰਤੀ ਅਖਾੜਾ ਲੈਣ ਵਾਲੇ ਦਰਜਨਾਂ ਕਲਾਕਾਰ ਹਨ। ਸੂਬੇ ਵਿਚ ਹੁਣ ਸਭਿਆਚਾਰਕ ਮੇਲੇ ਤਾਂ ਬਹੁਤੇ ਨਹੀਂ ਲੱਗਦੇ ਪਰ ਵਿਆਹਾਂ ’ਚ ਅੱਜ ਵੀ ਗਾਇਕੀ ਦੀ ਗੂੰਜ ਹੈ। ਪੰਜਾਬੀ ਸਭਿਆਚਾਰ ਦੇ ਜਾਣਕਾਰ ਡਾ. ਜੀਤ ਸਿੰਘ ਜੋਸ਼ੀ ਦਾ ਕਹਿਣਾ ਹੈ ਕਿ ਗਾਇਕੀ ਤੇ ਸਿਨੇਮਾ ਹੁਣ ਕਾਰੋਬਰ ਬਣਿਆ ਹੈ, ਜਿਸ ਦਾ ਮਨੋਰਥ ਮੁਨਾਫ਼ਾ ਕਮਾਉਣਾ ਹੈ। ਗਾਇਕੀ ’ਚੋਂ ਸਹਿਜ ਤੇ ਵਿਸ਼ਾ ਸਮੱਗਰੀ ਗ਼ਾਇਬ ਹੈ। ਤੇਜ਼ ਰਫ਼ਤਾਰੀ ਗਾਣਿਆਂ ’ਚ ਰੌਲਾ-ਰੱਪਾ ਵਧਿਆ ਹੈ, ਜਿਸ ’ਤੇ ਹਥਿਆਰ, ਨਸ਼ੇ ਤੇ ਲੱਚਰਤਾ ਦਾ ਲੇਪ ਚੜ੍ਹਿਆ ਹੈ। ਇਵੇਂ ਹੀ ਗੀਤਕਾਰ ਮਨਪ੍ਰੀਤ ਟਿਵਾਣਾ ਦਾ ਕਹਿਣਾ ਹੈ ਕਿ ਮੌਜੂਦਾ ਦੌਰ ’ਚ ਬਹੁਤੀ ਗਾਇਕੀ ਮਕਬੂਲ ਤਾਂ ਹੈ ਪਰ ਯਾਦਗਾਰੀ ਨਹੀਂ। ਪੰਜਾਬੀ ਗਾਇਕੀ ਹਰੀ ਕ੍ਰਾਂਤੀ ਦੇ ਨਾਲ ਹੀ ਲੁਧਿਆਣਾ, ਜਲੰਧਰ ਦੂਰਦਰਸ਼ਨ ਤੋਂ ਵਾਇਆ ਬਠਿੰਡਾ ਹੁੰਦੀ ਹੋਈ ਵਿਸ਼ਵ ਬਰੂਹਾਂ ’ਤੇ ਪੁੱਜੀ ਹੈ।

ਇਸ ਤਰ੍ਹਾਂ ਪੰਜਾਬ ’ਚ 258 ਸਿਨੇਮਾ ਤੇ ਮਲਟੀਪਲੈਕਸ ਇਸ ਵੇਲੇ ਟੈਕਸ ਤਾਰ ਰਹੇ ਹਨ, ਜਿਨ੍ਹਾਂ ਨੇ ਸਾਢੇ ਸੱਤ ਸਾਲਾਂ ’ਚ 2056.98 ਕਰੋੜ ਦਾ ਕਾਰੋਬਾਰ ਕੀਤਾ ਹੈ। ਸਾਲ 2017-18 ਵਿਚ ਜੋ ਕਾਰੋਬਾਰ 132.85 ਕਰੋੜ ਦਾ ਸੀ, ਉਹ ਸਾਲ 2023-24 ’ਚ ਵਧ ਕੇ 372.71 ਕਰੋੜ ਦਾ ਹੋ ਗਿਆ। ਸਿਨੇਮਾ ਦੀਆਂ ਟਿਕਟਾਂ ’ਤੇ ਜੀਐੱਸਟੀ ਲੱਗਦਾ ਹੈ। ਫ਼ਿਲਮ ਫੈਡਰੇਸ਼ਨ ਆਫ਼ ਇੰਡੀਆ ਅਨੁਸਾਰ ਪੰਜਾਬ ਵਿਚ 175 ਸਿਨੇਮਾ (ਸਿੰਗਲ ਸਕਰੀਨ) ਹਨ। ਪੰਜਾਬ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਇਸ ਵੇਲੇ ਮਨੋਰੰਜਨ ਕਰ ਨਹੀਂ। ਵੱਡੀਆਂ ਕੰਪਨੀਆਂ ਨੇ ਪੰਜਾਬ ’ਚੋਂ ਕਾਫ਼ੀ ਕੁਝ ਸਿਨੇਮਾ ਜ਼ਰੀਏ ਖੱਟਿਆ ਹੈ। ਪੰਜਾਬੀ ਫ਼ਿਲਮਾਂ ਦਾ ਧੁਰਾ ਕਾਮੇਡੀ ਵੀ ਹੈ ਅਤੇ ਪਰਿਵਾਰਕ ਵੀ ਹੈ। ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੇ ਆਪਣੇ ਪ੍ਰੋਡਕਸ਼ਨ ਹਾਊਸ ਹਨ।

ਪੰਜਾਬੀ ਫ਼ਿਲਮ ਅਤੇ ਟੀਵੀ ਐਕਟਰ ਐਸੋਸੀਏਸ਼ਨ ਦੇ ਸਲਾਹਕਾਰ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਪਹਿਲੋ-ਪਹਿਲ ਪਿੰਡਾਂ ’ਚੋਂ ਕੋਈ ਟਾਵਾਂ ਹੀ ਫ਼ਿਲਮ ਦਰਸ਼ਕ ਸੀ ਪਰ ਹੁਣ ਕਈ ਕਈ ਪਰਿਵਾਰ ਪਿੰਡਾਂ ’ਚੋਂ ਸਿਨੇਮਾਘਰਾਂ ਤੱਕ ਪੁੱਜਦੇ ਹਨ। ਪੰਜਾਬੀ ਫ਼ਿਲਮਾਂ ਨੇ ਸੌ ਕਰੋੜੀ ਕਮਾਈ ਨੂੰ ਛੂਹਿਆ ਹੈ ਅਤੇ ਹਰ ਹਫ਼ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ, ਜਿਸ ਨਾਲ ਰੁਜ਼ਗਾਰ ਦੇ ਵਸੀਲੇ ਵੀ ਵਧੇ ਹਨ।

ਕੌਮਾਂਤਰੀ ਵਿਹੜੇ ਪੁੱਜੀ ਪੰਜਾਬੀ ਗਾਇਕੀ: ਹਰਭਜਨ ਮਾਨ
ਗਾਇਕ ਹਰਭਜਨ ਮਾਨ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਦੀ ਗਾਇਕੀ ਨੇ ਕੌਮਾਂਤਰੀ ਸਫ਼ਾਂ ’ਚ ਪੈੜ ਪਾਈ ਹੈ ਅਤੇ ਪੰਜਾਬੀ ਜ਼ੁਬਾਨ ਤੇ ਸਭਿਆਚਾਰ ਦੀ ਪਛਾਣ ਵਧੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ ਨੇ ਗਾਇਕਾਂ ਲਈ ਰਾਹ ਮੋਕਲੇ ਕੀਤੇ ਹਨ।