
ਚੰਡੀਗਡ੍ਹ,(ਪੰਜਾਬੀ ਰਾਈਟਰ)- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਸ੍ਰੀ ਬੈਂਸ ਨੇ ਸ੍ਰੀ ਗਡਕਰੀ ਨੂੰ ਦੱਸਿਆ ਕਿ ਸਿੱਖ ਧਰਮ ਦੇ ਇਤਿਹਾਸਕ ਸਥਾਨ ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਹਿੰਦੂ ਮੱਤ ਦੇ ਸ਼ਕਤੀ ਪੀਠ ਸ੍ਰੀ ਨੈਨਾ ਦੇਵੀ ਨੂੰ ਜੋੜਨ ਵਾਲੀਆਂ ਸੜਕਾਂ ਨੂੰ ਤੁਰੰਤ ਚਹੁੰ-ਮਾਰਗੀ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਚਹੁੰ-ਮਾਰਗੀ ਸੜਕ ਸਬੰਧੀ ਵਿਸਥਾਰਤ ਪ੍ਰਾਜੈਕਟ ਰਿਪਰੋਟ (ਡੀਪੀਆਰ) ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਸ੍ਰੀ ਬੈਂਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਤੋਂ ਊਨਾ ਜ਼ਿਲ੍ਹੇ ਦਾ ਹਿਮਾਚਲ ਬਾਰਡਰ ਮਹਿਤਪੁਰ ਤੱਕ ਮਾਰਗ ਨੂੰ ਚਹੁੰ-ਮਾਰਗੀ ਕਰਨ ਦੀ ਅਤਿਅੰਤ ਲੋੜ ਹੈ। ਇਸ ਤੋਂ ਇਲਾਵਾ ਮਾਝਾ, ਦੁਆਬਾ ਅਤੇ ਮਾਲਵੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਤੇ ਨੈਨਾ ਦੇਵੀ ਦੀ ਯਾਤਰਾ ਕਰਨ ਲਈ ਬੰਗਾ-ਸ੍ਰੀ ਆਨੰਦਪੁਰ ਸਾਹਿਬ ਮਾਰਗ ਦੀ ਵਰਤੋਂ ਕਰਦੇ ਹਨ, ਜੋ ਕਿ ਲਿੰਕ ਰੋਡ ਹੈ। ਉਨ੍ਹਾਂ ਇਸ ਮਾਰਗ ਨੂੰ ਵੀ ਚਹੁੰ-ਮਾਰਗੀ ਬਣਾਉਂਦਿਆਂ ਕੌਮੀ ਮਾਰਗ ਦਾ ਦਰਜਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕੇਂਦਰੀ ਮੰਤਰੀ ਨੂੰ ਬੇਨਤੀ ਕੀਤੀ ਕਿ ਸਨਅਤੀ ਸ਼ਹਿਰ ਲੁਧਿਆਣਾ ਨਾਲ ਹਿਮਾਚਲ ਨੂੰ ਜੋੜਨ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਇੱਕ ਨਵਾਂ ਗ੍ਰੀਨਫੀਲਡ ਐਕਸਪ੍ਰੈਸਵੇਅ ਬਣਾਇਆ ਜਾਵੇ।