ਦਿੱਲੀ ਕੂਚ: ਹਰਿਆਣਾ ਦੀਆਂ ਖਾਪ ਪੰਚਾਇਤਾਂ ਵੱਲੋਂ ਕਿਸਾਨਾਂ ਦੀ ਹਮਾਇਤ

ਦਿੱਲੀ ਕੂਚ: ਹਰਿਆਣਾ ਦੀਆਂ ਖਾਪ ਪੰਚਾਇਤਾਂ ਵੱਲੋਂ ਕਿਸਾਨਾਂ ਦੀ ਹਮਾਇਤ

ਹਿਸਾਰ ਵਿੱਚ ਮੀਟਿੰਗ ਕਰਕੇ ਕੀਤਾ ਐਲਾਨ; ਪ੍ਰਦਰਸ਼ਨਕਾਰੀਆਂ ਨੂੰ ਰੋਕੇ ਜਾਣ ਖ਼ਿਲਾਫ਼ ਦਿੱਤੀ ਚਿਤਾਵਨੀ

ਚੰਡੀਗੜ੍ਹ,(ਪੰਜਾਬੀ ਰਾਈਟਰ)- ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਅੱਜ ਕਿਸਾਨਾਂ ਦੇ ਦਿੱਲੀ ਕੂਚ ਦੀ ਹਮਾਇਤ ਦਾ ਐਲਾਨ ਕੀਤਾ ਹੈ। ਇਹ ਐਲਾਨ ਹਰਿਆਣਾ ਦੀਆਂ ਅੱਧਾ ਦਰਜਨ ਤੋਂ ਵੱਧ ਖਾਪ ਪੰਚਾਇਤਾਂ ਨੇ ਹਿਸਾਰ ਵਿਖੇ ਜਾਟ ਭਵਨ ਵਿੱਚ ਮੀਟਿੰਗ ਕਰਕੇ ਕੀਤਾ। ਇਸ ਮੀਟਿੰਗ ਵਿੱਚ ਮਹਿਮ ਚੌਬੀਸੀ ਖਾਪ ਦੇ ਰਾਮਫਲ ਰਾਠੀ, ਪੂਨੀਆ ਖਾਪ ਦੇ ਸ਼ਮਸ਼ੇਰ ਸਿੰਘ ਨੰਬਰਦਾਰ, ਦਹੀਆ ਖਾਪ ਤੋਂ ਜੈਪਾਲ ਦਹੀਆ, 7 ਬਾਸ ਖਾਪ ਤੋਂ ਬਲਵਾਨ ਮਲਿਕ, ਕੰਡੇਲਾ ਖਾਪ ਤੋਂ ਓਮ ਪ੍ਰਕਾਸ਼ ਕੰਡੇਲਾ, ਸਤਰੋਲ ਖਾਪ ਤੋਂ ਸਤੀਸ਼, ਨਹਿਰਾ ਖਾਪ ਤੋਂ ਕ੍ਰਿਸ਼ਨ ਨਹਿਰਾ, ਫੌਗਾਟ ਖਾਪ ਤੋਂ ਸੁਰੇਸ਼ ਫੌਗਾਟ ਸਣੇ ਹੋਰਨਾਂ ਕਈ ਖਾਪ ਪੰਚਾਇਤਾਂ ਦੇ ਆਗੂਆਂ ਨੇ ਹਿੱਸਾ ਲਿਆ। ਹਿਸਾਰ ਵਿੱਚ ਵੱਖ-ਵੱਖ ਖਾਪ ਪੰਚਾਇਤਾਂ ਦੇ ਆਗੂਆਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਦਿੱਲੀ ਕੂਚ ਦੇ ਸੱਦੇ ਬਾਰੇ ਵਿਚਾਰ-ਚਰਚਾ ਕੀਤੀ। ਮਹਿਮ ਚੌਬੀਸੀ ਖਾਪ ਦੇ ਰਾਮਫਲ ਰਾਠੀ, ਪੂਨੀਆ ਖਾਪ ਦੇ ਸ਼ਮਸ਼ੇਰ ਸਿੰਘ ਨੰਬਰਦਾਰ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ 13 ਫਰਵਰੀ ਤੋਂ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਸਥਿਤ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਮੋਰਚਾ ਲਾਈ ਬੈਠਾ ਹੈ। ਦਸ ਮਹੀਨਿਆਂ ਵਿੱਚ ਕੇਂਦਰ ਸਰਕਾਰ ਨੇ ਇੱਕ ਵਾਰ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਜਦੋਂ ਕਿਸਾਨ ਕੇਂਦਰ ਸਰਕਾਰ ਦਾ ਦਰਵਾਜ਼ਾ ਖੜਕਾਉਣ ਦਿੱਲੀ ਜਾ ਰਿਹਾ ਹੈ ਤਾਂ ਹਰਿਆਣਾ ਸਰਕਾਰ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਰੋਕਣ ਦੀ ਸੂਰਤ ਵਿੱਚ ਹਰਿਆਣਾ ਸਰਕਾਰ ਨੂੰ ਖਾਪ ਪੰਚਾਇਤਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।

ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਪੈਦਲ ਹੀ ਦਿੱਲੀ ਕੂਚ ਦਾ ਸੱਦਾ ਦਿੱਤਾ ਹੈ।

ਹਰਿਆਣਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ’ਚ ਜੁਟੀ: ਨਾਇਬ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ 24 ਫ਼ਸਲਾਂ ’ਤੇ ਐੱਮਐੱਸਪੀ ਦਿੱਤੀ ਜਾ ਰਹੀ ਹੈ ਜਦੋਂਕਿ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ।