ਪ੍ਰਸ਼ਾਸਕੀ ਕਾਰਨਾਂ ਕਰ ਕੇ ਕੀਤੇ ਪੁਲੀਸ ਅਧਿਕਾਰੀਆਂ ਦੇ ਤਬਾਦਲੇ: ਡੀਜੀਪੀ

ਪ੍ਰਸ਼ਾਸਕੀ ਕਾਰਨਾਂ ਕਰ ਕੇ ਕੀਤੇ ਪੁਲੀਸ ਅਧਿਕਾਰੀਆਂ ਦੇ ਤਬਾਦਲੇ: ਡੀਜੀਪੀ

ਚੰਡੀਗੜ੍ਹ,-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਦੇ ਮੱਦੇਨਜ਼ਰ ਹੇਠਲੇ ਰੈਂਕ ਦੇ ਕਰੀਬ ਦਸ ਹਜ਼ਾਰ ਪੁਲੀਸ ਅਧਿਕਾਰੀਆਂ ਦੇ ਤਬਾਦਲਿਆਂ ਦੇ ਕੀਤੇ ਐਲਾਨ ਤੋਂ ਇੱਕ ਦਿਨ ਮਗਰੋਂ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਅੱਜ ਆਪਣੇ ਅਮਲੇ ਦਾ ਜ਼ੋਰਦਾਰ ਬਚਾਅ ਕਰਦਿਆਂ ਕਿਹਾ ਕਿ ਇਹ ਫੇਰਬਦਲ ਪ੍ਰਸ਼ਾਸਕੀ ਕਾਰਨਾਂ ਕਰਕੇ ਕੀਤੇ ਗਏ ਸਨ।ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਨਸ਼ਾ ਤਸਕਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲਬਾਤ ਕਰਦਿਆਂ ਪੰਜਾਬ ਪੁਲੀਸ ਮੁਖੀ ਨੇ ਕਿਹਾ ਕਿ ਉਨ੍ਹਾਂ ਕੋਲ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇਟੈਲੀਜੈਂਸ (ਆਈਐੱਸਆਈ) ਦੀ ਨਸ਼ੇ ਦੀ ਅਲਾਮਤ ਵਿੱਚ ਸ਼ਮੂਲੀਅਤ ਦੇ ਸਬੂਤ ਹਨ। ਉਨ੍ਹਾਂ ਕਿਹਾ, ‘‘ਪੰਜਾਬ ਵਿੱਚ ਨਸ਼ਾ ਤਸਕਰੀ ਪਿੱਛੇ ਆਈਐੱਸਆਈ ਦਾ ਹੱਥ ਹੈ। ਇਹ ਭਾਰਤ ਵਿੱਚ ਨਸ਼ਾ-ਅਤਿਵਾਦ ਦਾ ਮੁੱਖ ਕਾਰਨ ਹੈ।’’ ਡੀਜੀਪੀ ਨੇ ਕਿਹਾ ਕਿ ਪਾਕਿਸਤਾਨ, ਜਿਸ ਦਾ ਅਰਥਚਾਰਾ ਮੰਦੇ ਹਾਲ ਹੈ, ਦਾ ਗੁਜ਼ਾਰਾ ਗ਼ੈਰਕਾਨੂੰਨੀ ਨਸ਼ਿਆਂ ਦੀ ਤਸਕਰੀ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘‘2019 ਤੋਂ ਲਗਪਗ 906 ਡਰੋਨ ਸਰਹੱਦ ਪਾਰ ਤੋਂ ਭੇਜੇ ਗਏ ਹਨ। ਇਸ ਸਾਲ ਵੀ ਪੰਜਾਬ ਪੁਲੀਸ ਨੇ ਬੀਐੱਸਐੱਫ ਨਾਲ ਮਿਲ ਕੇ 247 ਡਰੋਨਾਂ ਵਿੱਚੋਂ 101 ਨੂੰ ਡੇਗਿਆ ਹੈ।’’ ਦਹਾਕਿਆਂ ਤੋਂ ਸੂਬੇ ਨੂੰ ਝੰਜੋੜ ਰਿਹਾ ਇਹ ਖ਼ਤਰਾ ਇਸ ਮਹੀਨੇ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ 14 ਮੌਤਾਂ ਮਗਰੋਂ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਡੀਜੀਪੀ ਨੇ ਜ਼ੋਰ ਦੇ ਕੇ ਕਿਹਾ, ‘‘ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਬਦਲੇ ਗਏ ਪੁਲੀਸ ਮੁਲਾਜ਼ਮਾਂ ਵਿੱਚੋਂ ਕੋਈ ਵੀ ਨਸ਼ਾ ਤਸਕਰੀ ਨਾਲ ਜੁੜੇ ਕੇਸਾਂ ਵਿੱਚ ਸ਼ਾਮਲ ਨਹੀਂ ਹੈ। ਇਹ ਤਬਾਦਲੇ ਸਰਕਾਰ ਦੀ 2020 ਵਿੱਚ ਬਣਾਈ ਨੀਤੀ ਦਾ ਹਿੱਸਾ ਸਨ।