ਚੰਡੀਗੜ੍ਹ ਮੇਅਰ ਦੀ ਚੋਣ: ‘ਆਪ’ ਉਮੀਦਵਾਰ ਸੁਪਰੀਮ ਕੋਰਟ ਪੁੱਜਿਆ

ਚੰਡੀਗੜ੍ਹ ਮੇਅਰ ਦੀ ਚੋਣ: ‘ਆਪ’ ਉਮੀਦਵਾਰ ਸੁਪਰੀਮ ਕੋਰਟ ਪੁੱਜਿਆ

ਚੰਡੀਗੜ੍ਹ-ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਹੋਈ ਮੇਅਰ ਦੀ ਚੋਣ ਦੇ ਨਤੀਜਿਆਂ ’ਤੇ ਰੋਕ ਲਗਾਉਣ ਬਾਰੇ ਦਾਖਲ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬੁੱਧਵਾਰ ਨੂੰ ਇਨਕਾਰ ਕਰਨ ਤੋਂ ਬਾਅਦ ਮੇਅਰ ਅਹੁਦੇ ਦੇ ਆਪ ਉਮੀਦਵਾਰ ਕੁਲਦੀਪ ਕੁਮਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਬੁੱਧਵਾਰ ਨੂੰ ‘ਆਪ’ ਅਤੇ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਦਾਇਰ ਪਟੀਸ਼ਨ ‘ਚ ਪ੍ਰੀਜ਼ਾਈਡਿੰਗ ਅਫਸਰ ‘ਤੇ ਗਿਣਤੀ ਪ੍ਰਕਿਰਿਆ ਵਿਚ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਸਹਾਰਾ ਲੈਣ ਦਾ ਦੋਸ਼ ਲਗਾਇਆ ਸੀ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਚੰਡੀਗੜ੍ਹ ਨੂੰ ਤਿੰਨ ਹਫ਼ਤਿਆਂ ਵਿੱਚ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਹਾਲਾਂਕਿ ਪਟੀਸ਼ਨ ਦੀ ਸੁਣਵਾਈ ਦੌਰਾਨ ਕੋਰਟ ਨੇ ਮੇਅਰ ਦੇ ਅਹੁਦੇ ਲਈ ਇੱਕ ਦਿਨ ਪਹਿਲਾਂ ਹੋਏ ਚੋਣ ਨਤੀਜਿਆਂ ’ਤੇ ਰੋਕ ਲਗਾਉਣ ਦਾ ਅੰਤ੍ਰਿਮ ਆਦੇਸ਼ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਨਗਰ ਨਿਗਮ ਭਵਨ ਵਿੱਚ ਚੰਡੀਗੜ੍ਹ ਦੇ ਨਵੇਂ ਮੇਅਰ ਦੀ ਹੋਈ ਚੋਣ ਨੂੰ ਲੈ ਕੇ ‘ਇੰਡੀਆ’ ਦੇ ਕਾਂਗਰਸ-ਆਪ ਗਠਜੋੜ ਨੂੰ ਵੱਡਾ ਝਟਕਾ ਦਿੰਦੇ ਹੋਏ ਨਗਰ ਨਿਗਮ ਦੀ ਸੱਤਾਧਾਰੀ ਭਾਜਪਾ ਨੇ ਸਿਰਫ਼ ਚਾਰ ਵੋਟਾਂ ਨਾਲ ਮੇਅਰ ਦੀ ਚੋਣ ਜਿੱਤ ਕੇ ਲਗਾਤਾਰ ਮੇਅਰ ਦੀ ਸੀਟ ਬਰਕਰਾਰ ਰੱਖੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵਿੱਚ ‘ਆਪ’-ਕਾਂਗਰਸ ਗਠਜੋੜ ਦੇ ਸਭ ਤੋਂ ਵੱਧ ਕੌਂਸਲਰ ਹੋਣ ਦੇ ਬਾਵਜੂਦ ‘ਇੰਡੀਆ’ ਗਠਜੋੜ ਭਾਜਪਾ ਤੋਂ ਹਾਰ ਗਿਆ। ਪ੍ਰੀਜ਼ਾਈਡਿੰਗ ਅਫਸਰ ਤੇ ਨਾਮਜ਼ਦ ਕੌਂਸਲਰ ਅਨਿਲ ਮਸੀਹ ਵੱਲੋਂ 36 ਵਿੱਚੋਂ ਅੱਠ ਵੋਟਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਭਾਜਪਾ ਨੂੰ 16 ਵੋਟਾਂ ਮਿਲੀਆਂ ਜਦੋਂਕਿ ਆਪ-ਕਾਂਗਰਸ ਗਠਜੋੜ ਕੋਲ 20 ਕੌਂਸਲਰ ਹੋਣ ਦੇ ਬਾਵਜੂਦ 12 ਵੋਟਾਂ ਸਨ। ਹਾਈ ਕੋਰਟ ਦੇ ਸਾਹਮਣੇ ਆਪਣੀ ਪਟੀਸ਼ਨ ਵਿੱਚ, ਆਪ-ਕਾਂਗਰਸ ਦੇ ਸਾਂਝੇ ਉਮੀਦਵਾਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ ਨੇ ਉਨ੍ਹਾਂ ਦੀ ਪਾਰਟੀ ਦੇ ਕੌਂਸਲਰਾਂ ਨੂੰ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੁਲਦੀਪ ਕੁਮਾਰ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ।ਚੰਡੀਗੜ੍ਹ (ਆਤਿਸ਼ ਗੁਪਤਾ): ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ਹੋਈ ਕਥਿਤ ਧਾਂਦਲੀ ਖ਼ਿਲਾਫ਼ ਆਮ ਆਦਮੀ ਪਾਰਟੀ 2 ਫਰਵਰੀ ਨੂੰ ਭਾਜਪਾ ਦੇ ਦਿੱਲੀ ਸਥਿਤ ਹੈੱਡਕੁਆਰਟਰ ਮੂਹਰੇ ਪ੍ਰਦਰਸ਼ਨ ਕਰੇਗੀ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰਦਰਸ਼ਨ ਦੀ ਅਗਵਾਈ ਕਰਨਗੇ। ਇਹ ਜਾਣਕਾਰੀ ‘ਆਪ’ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੇ ‘ਐਕਸ’ ’ਤੇ ਪਾਏ ਪਾਏ ਇਕ ਵੀਡੀਓ ਸੁਨੇਹੇ ਰਾਹੀਂ ਸਾਂਝੀ ਕੀਤੀ ਹੈ। ਸ੍ਰੀ ਪਾਠਕ ਨੇ ਕਿਹਾ, ‘‘ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ‘ਇੰਡੀਆ’ ਗੱਠਜੋੜ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ, ਇਸ ਲਈ ਪਹਿਲਾਂ ਭਾਜਪਾ ਨੇ ਕੌਂਸਲਰਾਂ ਦੀ ਖ਼ਰੀਦ-ਫ਼ਰਖੋਤ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹਿਣ ’ਤੇ ਉਨ੍ਹਾਂ ਨੇ ਸਾਜ਼ਿਸ਼ ਤਹਿਤ ਚੋਣ ਮੁਲਤਵੀ ਕਰਵਾ ਦਿੱਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਚੋਣ ਕਰਵਾਈ ਗਈ। ‘ਆਪ’ ਤੇ ਕਾਂਗਰਸ ਦੀਆਂ 20 ਅਤੇ ਭਾਜਪਾ ਦੀਆਂ 16 ਵੋਟਾਂ ਸਨ ਪਰ ਭਾਜਪਾ ਦੇ ਪ੍ਰੀਜ਼ਾਈਡਿੰਗ ਅਫਸਰ ਨੇ ਧੋਖੇ ਨਾਲ ਸਾਡੀਆਂ 8 ਵੋਟਾਂ ਨੂੰ ਰੱਦ ਕਰ ਦਿੱਤਾ ਅਤੇ ਭਾਜਪਾ ਉਮੀਦਵਾਰ ਨੂੰ ਨਵਾਂ ਮੇਅਰ ਐਲਾਨ ਦਿੱਤਾ।’’ ‘ਆਪ’ ਆਗੂ ਨੇ ਕਿਹਾ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਜਿਸ ਤਰ੍ਹਾਂ ਵੋਟਾਂ ਦੀ ਚੋਰੀ ਹੋਈ, ਉਸ ਨੂੰ ਦੇਖ ਕੇ ਪੂਰਾ ਦੇਸ਼ ਦੰਗ ਰਹਿ ਗਿਆ ਅਤੇ ਲੋਕਾਂ ਦਾ ਚੋਣ ਪ੍ਰਕਿਰਿਆ ਤੋਂ ਵਿਸ਼ਵਾਸ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵੋਟਾਂ ਦੀ ਚੋਰੀ ਤੋਂ ਬਚਾਉਣ ਅਤੇ ਭਾਜਪਾ ਨੂੰ ਬੇਨਿਕਾਬ ਕਰਨ ਲਈ ਆਮ ਆਦਮੀ ਪਾਰਟੀ ਭਲਕੇ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰੇਗੀ।