ਪਟਿਆਲਾ, 14 ਜੁਲਾਈ (ਪੰਜਾਬੀ ਰਾਈਟਰ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ ਹੈ ਪਰ ਅਤੀਤ ਦੀਆਂ ਘਟਨਾਵਾਂ ਨੂੰ ਮੌਜੂਦਾ ਸਮੇਂ ਵਿੱਚ ਲੋਕਾਂ ’ਚ ਵੰਡੀਆਂ ਪਾਉਣ ਲਈ ਵਰਤਣਾ ਠੀਕ ਨਹੀਂ ਹੈ। ‘ਦਿ ਟ੍ਰਿਬਿਊਨ’ ਨੂੰ ਦਿੱਤੇ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੋਸ਼ਲ ਮੀਡੀਆ ’ਤੇ ਮਰੇ ਹੋਏ ਕਲੀਨ-ਸ਼ੇਵ ਵਿਅਕਤੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਕੇ ਬੇਵਜ੍ਹਾ ਇਸ ਮੁੱਦੇ ਨੂੰ ਉਭਾਰ ਰਹੇ ਹਨ।
ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਕੈਪਟਨ ਨੇ ਕਿਹਾ ਕਿ ਘਟਨਾਵਾਂ ਨੂੰ ਇਕਪਾਸੜ ਢੰਗ ਨਾਲ ਨਹੀਂ, ਸਗੋਂ ਪੂਰੇ ਪ੍ਰਸੰਗ ’ਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਜੇ ਕਰੀਬ 25 ਹਜ਼ਾਰ ਲੋਕ ਮਾਰੇ ਗਏ ਹਨ ਤਾਂ 1,800 ਪੁਲੀਸ ਮੁਲਾਜ਼ਮ ਵੀ ਅਤਿਵਾਦ ਨਾਲ ਲੜਦੇ ਹੋਏ ਸ਼ਹੀਦ ਹੋਏ ਹਨ। ਇਸ ਤੋਂ ਇਲਾਵਾ ਹਜ਼ਾਰਾਂ ਬੇਗੁਨਾਹ ਨਾਗਰਿਕ ਵੀ ਆਪਣੀ ਜਾਨ ਗੁਆ ਬੈਠੇ। ਦੋਵੇਂ ਧਿਰਾਂ ਵੱਲੋਂ ਹੋਈਆਂ ਵਧੀਕੀਆਂ ਦੀ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਸ ਨੇ ਫਿਲਮ ਹਟਵਾਈ ਹੈ।
ਫਿਲਮ ਪੰਜਾਬ ’ਚ ਥਾਂ-ਥਾਂ ’ਤੇ ਦਿਖਾਉਣ ਬਾਰੇ ਕੈਪਟਨ ਨੇ ਕਿਹਾ ਕਿ ਇਸ ਨਾਲ ਭਾਜਪਾ ਜਾਂ ਕਾਂਗਰਸ ਨੂੰ ਕੋਈ ਸਿਆਸੀ ਲਾਭ ਨਹੀਂ ਹੋਵੇਗਾ। ਉਨ੍ਹਾਂ ਦਾ ਦਾਅਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਇਸ ਮੁੱਦੇ ਤੋਂ ਲਾਹਾ ਲੈਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਿਲਮ ਓ ਟੀ ਟੀ ਪਲੈਟਫਾਰਮ ਤੋਂ ਹਟਾਉਣ ਮਗਰੋਂ ਹੀ ਲੋਕਾਂ ’ਚ ਇਸ ਪ੍ਰਤੀ ਦਿਲਚਸਪੀ ਵਧੀ ਹੈ। ਉਨ੍ਹਾਂ ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਲਾਪਤਾ ਹੋਏ ਲੋਕਾਂ ਦੇ ਸਬੂਤ ਇਕੱਠੇ ਕਰ ਰਹੇ ਸਨ ਅਤੇ ਇਸ ’ਚ ਕੁਝ ਵੀ ਗਲਤ ਨਹੀਂ ਸੀ। ਉਨ੍ਹਾਂ ਕਿਹਾ ਕਿ ਅਤੀਤ ਨੂੰ ਸਵੀਕਾਰ ਕਰਨਾ ਅਤੇ ਉਸ ਤੋਂ ਸਿੱਖਣਾ ਜ਼ਰੂਰੀ ਹੈ ਪਰ ਨਵੀਂ ਪੀੜ੍ਹੀ ਨੂੰ ਪੁਰਾਣੀਆਂ ਘਟਨਾਵਾਂ ਦੇ ਆਧਾਰ ’ਤੇ ਭੜਕਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅਤਿਵਾਦ ਦੇ ਦੌਰ ’ਚ ਵੀ ਪੰਜਾਬ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਇਕਜੁੱਟ ਰਹੇ ਸਨ। ਕੈਪਟਨ ਨੇ ਸਾਬਕਾ ਪੁਲੀਸ ਮੁਖੀ ਕੇ ਪੀ ਐੱਸ ਗਿੱਲ ਦਾ ਬਚਾਅ ਕਰਦਿਆਂ ਕਿਹਾ ਕਿ ਅਤਿਵਾਦ ਖ਼ਤਮ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਵੱਖ-ਵੱਖ ਆਗੂਆਂ ਨੇ ਬਿੱਟੂ ਨੂੰ ਘੇਰਿਆ
ਚੰਡੀਗੜ੍ਹ: ਕਾਂਗਰਸ ਆਗੂ ਅਤੇ ਵਿਧਾਇਕ ਪਰਗਟ ਸਿੰਘ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ’ਤੇ ਵਰ੍ਹਦਿਆਂ ਕਿਹਾ ਕਿ ਉਹ ਸਿਆਸੀ ਏਜੰਡੇ ਤਹਿਤ ਪੰਜਾਬ ’ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਅਤੇ ਪਾਬੰਦੀ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਹਿੰਦੂਆਂ ਅਤੇ ਸਿੱਖਾਂ ਦੀ ਸਾਂਝ ਨੇ ਪੰਜਾਬ ਨੂੰ ਬਚਾਇਆ ਸੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਿੱਧੇ ਤੌਰ ’ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਦੇ ਹੱਥਾਂ ’ਚ ਖੇਡਣਗੇ। ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਿੱਟੂ ਵੱਲੋਂ ਜਿਹੜਾ ਮੁੱਦਾ ਚੁੱਕਿਆ ਗਿਆ ਹੈ, ਉਹ ਸੰਵੇਦਨਸ਼ੀਲ ਹੈ ਅਤੇ ਉਹ ਤੱਥਾਂ ਦੀ ਘੋਖ ਮਗਰੋਂ ਹੀ ਕੋਈ ਢੁੱਕਵਾਂ ਬਿਆਨ ਦੇਣਗੇ। ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਬਿੱਟੂ ਦੇ ਬਿਆਨ ’ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਅਤਿਵਾਦ ਦੇ ਕਾਲੇ ਦੌਰ ਅਤੇ 1984 ਦੇ ਸਿੱਖ ਕਤਲੇਆਮ ਦੌਰਾਨ ਵੀ ਪੰਜਾਬ ’ਚ ਕਦੇ ਫਿਰਕੂ ਦੰਗੇ ਨਹੀਂ ਹੋਏ।
.jpg)
.jpg)

.jpg)
.jpg)














































.jpg)










.jpg)








.jpg)





























.jpg)


