ਕੈਨੇਡਾ: ਭਾਰਤੀਆਂ ਲਈ ਸਟੱਡੀ ਵੀਜ਼ਿਆਂ ’ਚ ਵੱਡੀ ਕਮੀ

ਕੈਨੇਡਾ: ਭਾਰਤੀਆਂ ਲਈ ਸਟੱਡੀ ਵੀਜ਼ਿਆਂ ’ਚ ਵੱਡੀ ਕਮੀ

ਓਟਾਵਾ-ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਉਨ੍ਹਾਂ ਦੇ ਮੁਲਕ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾ ਰਹੇ ਸਟੱਡੀ ਵੀਜ਼ਿਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਅਖੀਰ ਤੋਂ ਕਾਫ਼ੀ ਕਮੀ ਆਈ ਹੈ। ਇਹ ਕਮੀ ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਵੱਲੋਂ ਵਾਪਸ ਭੇਜੇ ਜਾਣ ਮਗਰੋਂ ਆਈ ਹੈ ਜੋ ਸਟੱਡੀ ਪਰਮਿਟ ’ਤੇ ਫੈਸਲਾ ਲੈਂਦੇ ਹਨ। ‘ਰਾਇਟਰਜ਼’ ਨੂੰ ਦਿੱਤੀ ਇੰਟਰਵਿਊ ਵਿਚ ਮਿਲਰ ਨੇ ਦੱਸਿਆ ਕਿ ਕੈਨੇਡਾ ਵਿਚ ਸਿੱਖ ਵੱਖਵਾਦੀ ਦੀ ਹੱਤਿਆ ’ਤੇ ਦੋਵਾਂ ਦੇਸ਼ਾਂ ਵਿਚਾਲੇ ਬਣੇ ਕੂਟਨੀਤਕ ਤਣਾਅ ਕਾਰਨ ਵੀ ਘੱਟ ਵਿਦਿਆਰਥੀਆਂ ਨੇ ਹੀ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਆਵਾਸ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀਆਂ ਨੂੰ ਦਿੱਤੇ ਜਾ ਰਹੇ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਜਲਦੀ ਪਹਿਲਾਂ ਵਾਲੇ ਪੱਧਰ ਉਤੇ ਨਹੀਂ ਆ ਸਕੇਗੀ। ਮਿਲਰ ਨੇ ਕਿਹਾ ਕਿ ਕੂਟਨੀਤਕ ਤਣਾਅ ਦਾ ਅਸਰ ਵੀਜ਼ਿਆਂ ਦੀ ਗਿਣਤੀ ਉਤੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਕਿਹਾ, ‘ਭਾਰਤ ਨਾਲ ਸਾਡੇ ਰਿਸ਼ਤਿਆਂ ਨੇ ਉੱਥੋਂ ਆ ਰਹੀਆਂ ਅਰਜ਼ੀਆਂ ਨੂੰ ਨਿਬੇੜਨ ਦੀ ਸਾਡੀ ਸਮਰੱਥਾ ਨੂੰ ਅੱਧਾ ਕਰ ਦਿੱਤਾ ਹੈ।’ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਲਾਏ ਦੋਸ਼ਾਂ ਮਗਰੋਂ ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਸੀ। ਅਕਤੂਬਰ ਵਿਚ ਇਸ ਘਟਨਾਕ੍ਰਮ ਤੋਂ ਬਾਅਦ ਵਿਵਾਦ ਭਖ ਗਿਆ ਸੀ ਜਿਸ ਨੇ ਭਾਰਤੀ ਵਿਦਿਆਰਥੀਆਂ ਨੂੰ ਹੋਰਨਾਂ ਮੁਲਕਾਂ ਵਿਚ ਪੜ੍ਹਾਈ ਦੇ ਮੌਕੇ ਤਲਾਸ਼ਣ ਲਈ ਮਜਬੂਰ ਕਰ ਦਿੱਤਾ ਸੀ। ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ਦੇ ਕੌਂਸੁਲਰ ਸੀ. ਗੁਰੂਸ ਉਬਰਾਮਣੀਅਨ ਨੇ ਕਿਹਾ ਕਿ ਕੁਝ ਭਾਰਤੀ ਕੌਮਾਂਤਰੀ ਵਿਦਿਆਰਥੀ ਕੈਨੇਡਾ ਤੋਂ ਇਲਾਵਾ ਹੋਰ ਬਦਲ ਤਲਾਸ਼ ਰਹੇ ਹਨ। ਇਸ ਦਾ ਕਾਰਨ ‘ਪਿਛਲੇ ਕੁਝ ਸਮੇਂ ਤੋਂ ਉੱਭਰੀਆਂ ਚਿੰਤਾਵਾਂ ਹਨ ਜਿਸ ਵਿਚ ਰਿਹਾਇਸ਼ ਦੀ ਕਮੀ ਤੇ ਕੁਝ ਕੈਨੇਡੀਅਨ ਸੰਸਥਾਵਾਂ ਵਿਚ ਢੁੱਕਵੀਆਂ ਵਿਦਿਅਕ ਸਹੂਲਤਾਂ ਦਾ ਨਾ ਹੋਣਾ ਹੈ।’ ਗੌਰਤਲਬ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਹਿੱਸਾ ਭਾਰਤੀ ਹਨ, ਜੋ ਕਿ 41 ਫੀਸਦ ਤੋਂ ਵੀ ਵੱਧ ਹਨ, 2022 ਵਿਚ ਕੁੱਲ 225,835 ਪਰਮਿਟ ਭਾਰਤੀਆਂ ਦੇ ਹਿੱਸੇ ਆਏ ਹਨ। ਕੌਮਾਂਤਰੀ ਵਿਦਿਆਰਥੀ ਕੈਨੇਡੀਅਨ ਯੂਨੀਵਰਸਿਟੀਆਂ ਲਈ ‘ਕਮਾਈ ਦਾ ਸਾਧਨ’ ਹਨ ਜੋ ਕਿ ਸਾਲਾਨਾ 22 ਅਰਬ ਕੈਨੇਡੀਅਨ ਡਾਲਰ ਲਿਆ ਰਹੇ ਹਨ, ਤੇ ਨਵੀਂ ਪੈਦਾ ਹੋਈ ਸੁਸਤੀ ਇਨ੍ਹਾਂ ਸੰਸਥਾਵਾਂ ਲਈ ਝਟਕਾ ਹੋਵੇਗੀ। ਸਰਕਾਰੀ ਅੰਕੜਿਆਂ ਮੁਤਾਬਕ ਕੂਟਨੀਤਕ ਵਿਵਾਦ ਤੇ ਹੋਰ ਕਾਰਨਾਂ ਕਰ ਕੇ ਪਿਛਲੇ ਸਾਲ ਦੀ ਚੌਥੀ ਤਿਮਾਹੀ ਵਿਚ ਭਾਰਤੀਆਂ ਨੂੰ ਜਾਰੀ ਕੀਤੇ ਸਟੱਡੀ ਪਰਮਿਟਾਂ ਵਿਚ 86 ਪ੍ਰਤੀਸ਼ਤ ਦਾ ਘਾਟਾ ਦੇਖਿਆ ਗਿਆ। ਸਾਲ 2023 ਦੀ ਚੌਥੀ ਤਿਮਾਹੀ ਵਿਚ 14,910 ਵੀਜ਼ੇ ਹੀ ਜਾਰੀ ਹੋਏ ਜਦਕਿ ਇਸ ਤੋਂ ਪਿਛਲੀ ਤਿਮਾਹੀ ਵਿਚ ਇਹ ਗਿਣਤੀ 108,940 ਸੀ।