
ਟੋਰਾਂਟੋ-ਭਾਰਤ ਤੇ ਕੈਨੇਡਾ ਵਿਚਾਲੇ ਇਕ ਸਿੱਖ ਵੱਖਵਾਦੀ ਆਗੂ ਦੀ ਹੱਤਿਆ ਤੋਂ ਪੈਦਾ ਹੋਏ ਵਿਵਾਦ ਕਾਰਨ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਦੇਸ਼ ਦੇ 41 ਡਿਪਲੋਮੈਟਾਂ ਨੂੰ ਮਿਲੀ ਛੋਟ ਵਾਪਸ ਲੈਣ ਸਬੰਧੀ ਭਾਰਤ ਦੀ ਧਮਕੀ ਤੋਂ ਬਾਅਦ ਕੈਨੇਡਾ ਨੇ ਇਨ੍ਹਾਂ ਡਿਪਲੋਮੈਟਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਕੈਨੇਡਾ ਸੱਦ ਲਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ 45 ਸਾਲ ਦੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਵਿੱਚ 18 ਜੂਨ ਨੂੰ ਹੋਈ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਏਜੰਟ ਦੀ ਸ਼ਮੂਲੀਅਤ ਦੀ ਸੰਭਾਵਨਾ ਹੈ। ਭਾਰਤ ਨੇ ਨਿੱਝਰ ਨੂੰ 2020 ਵਿੱਚ ਅਤਿਵਾਦੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਅਤੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਤੇ ਨਿੱਜੀ ਸੁਆਰਥ ਤੋਂ ਪ੍ਰੇਰਿਤ ਦੱਸ ਕੇ ਖਾਰਜ ਕੀਤਾ ਸੀ। ਓਟਵਾ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਜੋਲੀ ਨੇ ਅੱਜ ਕਿਹਾ, ‘‘ਮੈਂ ਇਸ ਗੱਲ ਦੀ ਪੁਸ਼ਟੀ ਕਰਦੀ ਹਾਂ ਕਿ ਭਾਰਤ ਨੇ 20 ਅਕਤੂਬਰ ਤੱਕ ਦਿੱਲੀ ਵਿੱਚ ਤਾਇਨਾਤ 21 ਕੈਨੇਡੀਅਨ ਡਿਪਲੋਮੈਟਾਂ ਨੂੰ ਛੱਡ ਕੇ ਹੋਰ ਸਾਰੇ ਸਟਾਫ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਛੋਟ ਇਕਪਾਸੜ ਢੰਗ ਨਾਲ ਵਾਪਸ ਲੈਣ ਸਬੰਧੀ ਆਪਣੀ ਯੋਜਨਾ ਦੀ ਰਸਮੀ ਤੌਰ ’ਤੇ ਜਾਣਕਾਰੀ ਦਿੱਤੀ ਹੈ।’’ ਕੈਨੇਡਾ ਚੰਡੀਗੜ੍ਹ, ਮੁੰਬਈ ਅਤੇ ਬੰਗਲੂਰੂ ਵਿੱਚ ਸਥਿਤ ਕੌਂਸੁਲੇਟਾਂ ’ਚ ਸਾਰੀਆਂ ਵਿਅਕਤੀਗਤ ਸੇਵਾਵਾਂ ਰੋਕ ਦੇਵੇਗਾ ਤੇ ਹੁਣ ਭਾਰਤ ਵਿਚਲੇ ਸਾਰੇ ਕੈਨੇਡੀਅਨਾਂ ਨੂੰ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਆਉਣ ਲਈ ਕਹਿ ਰਿਹਾ ਹੈ। ਜੋਲੀ ਦੇ ਬਿਆਨ ਤੋਂ ਬਾਅਦ ਨਵੀਂ ਦਿੱਲੀ ਵਿੱਚ ਸਥਿਤ ਕੈਨੇਡੀਅਨ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਬੰਗਲੂਰੂ, ਚੰਡੀਗੜ੍ਹ ਅਤੇ ਮੁੰਬਈ ਵਿੱਚ ਅਤੇ ਇਨ੍ਹਾਂ ਸ਼ਹਿਰਾਂ ਦੁਆਲੇ ਉੱਚ ਪੱਧਰ ਦੀ ਸਾਵਧਾਨੀ ਵਰਤਣ ਲਈ ਕਿਹਾ ਹੈ। ਜੋਲੀ ਨੇ ਕਿਹਾ ਕਿ ਕੂਟਨੀਤਕ ਸਮਾਨਤਾ ਵਾਸਤੇ ਉਨ੍ਹਾਂ ਦੀ ਅਣਉਚਿਤ ਅਪੀਲ ਤਹਿਤ ਭਾਰਤ ਸਿਰਫ 21 ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀ ਕੂਟਨੀਤਕ ਸਥਿਤੀ ਕਾਇਮ ਰੱਖਣ ਦੀ ਇਜਾਜ਼ਤ ਦੇਵੇਗਾ। ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਨਾਗਰਿਕਤਾ ਮੰਤਰੀ ਮਾਰਕ ਮਿੱਲਰ ਨੇ ਕਿਹਾ ਕਿ ਕੈਨੇਡਾ ਦੇ ਡਿਪਲੋਮੈਟਾਂ ਦੀ ਗਿਣਤੀ ਨੂੰ ਇਕ-ਤਿਹਾਈ ਤੱਕ ਘੱਟ ਕਰਨ ਐਲਾਨ ਨਾਲ ਭਾਰਤ ਵਿੱਚ ਕੈਨੇਡਾ ਦੇ ਕੌਂਸੁਲੇਟ ਸਟਾਫ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ।