
ਨਵੀਂ ਦਿੱਲੀ-ਖਾਲਿਸਤਾਨੀ ਅਤਵਿਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ’ਤੇ ਪੈਦਾ ਹੋਏ ਕੂਟਨੀਤਕ ਵਿਵਾਦ ਨੂੰ ਹੱਲ ਕਰਨ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਿਛਲੇ ਮਹੀਨੇ ਵਾਸ਼ਿੰਗਟਨ ’ਚ ਆਪਣੀ ਕੈਨੇਡਿਆਈ ਹਮਰੁਤਬਾ ਮੈਲੇਨੀ ਜੌਲੀ ਨਾਲ ਗੁਪਤ ਮੁਲਾਕਾਤ ਕੀਤੀ ਸੀ। ਇਸ ਸਬੰਧੀ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਨੇ ਅਜੇ ਤੱਕ ਭਾਰਤ ਦੇ ਉਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਹੈ ਜਨਿ੍ਹਾਂ ’ਚ ਉਸ ਨੂੰ ਭਾਰਤ ਵਿਚਲੇ ਆਪਣੇ ਡਿਪਲੋਮੈਟਾਂ ਦੀ ਗਿਣਤੀ ਘਟਾ ਕੇ ਅੱਧੀ ਕਰਨ ਨੂੰ ਕਿਹਾ ਗਿਆ ਹੈ। ਸੂਤਰਾਂ ਨੇ ਹਾਲਾਂਕਿ ਦੱਸਿਆ ਕਿ ਕੈਨੇਡਾ ਦੇ ਕਈ ਡਿਪਲੋਮੈਟ ਜੋ ਉਸ ਵੇਲੇ ਦੇਸ਼ ਤੋਂ ਬਾਹਰ ਸਨ,ਵਾਪਸ ਆ ਗਏ ਹਨ। ਭਾਰਤ ਨੇ ਡਿਪਲੋਮੈਟਾਂ ਦੀ ਗਿਣਤੀ ਘਟਾਉਣ ਲਈ ਵੀਏਨਾ ਕਨਵੈਨਸ਼ਨ ਦਾ ਹਵਾਲਾ ਦਿੱਤਾ ਜਦਕਿ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਇੱਥੇ ਖਤਰਾ ਹੈ। ਇਸ ਮੁਲਾਕਾਤ ਬਾਰੇ ਵਿਦੇਸ਼ ਮੰਤਰਾਲੇ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਸ ਮੀਟਿੰਗ ਬਾਰੇ ਕੋਈ ਵੀ ਜਾਣਕਾਰੀ ਨਸ਼ਰ ਨਹੀਂ ਕੀਤੀ ਜਦਕਿ ਕੈਨੇਡਾ ਨੇ ‘ਖ਼ਾਮੋਸ਼ ਕੂਟਨੀਤੀ’ ਦੀ ਗੱਲ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪਰਦੇ ਪਿੱਛੇ ਗੱਲਬਾਤ ਹੋਣ ਦਾ ਸੰਕੇਤ ਦਿੰਦਿਆਂ ਕਿਹਾ, ‘ਅਸੀਂ ਇਸ ਵਿਵਾਦ ਨੂੰ ਹੋਰ ਨਹੀਂ ਵਧਾਉਣਾ ਚਾਹੁੰਦੇ। ਅਸੀਂ ਇਨ੍ਹਾਂ ਔਖੇ ਵੇਲਿਆਂ ਵਿੱਚ ਭਾਰਤ ਨਾਲ ਉਸਾਰੂ ਰਿਸ਼ਤਿਆਂ ਨੂੰ ਕਾਇਮ ਰੱਖਣ ਦੀ ਦਿਸ਼ਾ ਵਿੱਚ ਚੁੱਪਚਾਪ ਕੰਮ ਕਰ ਰਹੇ ਹਾਂ।’ ਜੈਸ਼ੰਕਰ 27 ਤੋਂ 30 ਸਤੰਬਰ ਤੱਕ ਵਾਸ਼ਿੰਗਟਨ ਡੀਸੀ ਵਿੱਚ ਸਨ। ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੀ ਸਿਰਫ਼ ਅਮਰੀਕੀ ਆਗੂਆਂ ਤੇ ਥਿੰਕ ਟੈਂਕ ਨਾਲ ਮੀਟਿੰਗਾਂ ਦੇ ਵੇਰਵੇ ਜਾਰੀ ਕੀਤੇ ਹਨ। ਉੱਧਰ ਕੈਨੇਡਿਆਈ ਵਿਦੇਸ਼ ਮੰਤਰੀ ਜੌਲੀ ਨੇ ਅੱਜ ਓਟਵਾ ’ਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਨਿੱਝਰ ਕਤਲ ਮਾਮਲੇ ਮਗਰੋਂ ਪੈਦਾ ਹੋਏ ਵਿਵਾਦ ਦੇ ਹੱਲ ਲਈ ਦੋਵੇਂ ਧਿਰਾਂ ਆਪਸੀ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਇਹ ਗੱਲ ਕਹਿੰਦੀ ਹਾਂ ਕਿ ਜਦੋਂ ਗੱਲਬਾਤ ਨਿੱਜੀ ਹੋਵੇ ਤਾਂ ਮਸਲੇ ਦੇ ਹੱਲ ਲਈ ਕੂਟਨੀਤੀ ਬਿਹਤਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਪ੍ਰਤੀ ਵੀ ਉਨ੍ਹਾਂ ਦੀ ਪਹੁੰਚ ਹਮੇਸ਼ਾ ਇਹੀ ਰਹੇਗੀ।