ਕੈਨੇਡਾ: ਨਿੱਜੀ ਪ੍ਰਗਟਾਵੇ ਦਾ ਸੰਵਿਧਾਨਕ ਸਨਮਾਨ ਸਾਡੀ ਤਰਜੀਹ: ਜਸਟਨਿ ਟਰੂਡੋ

ਕੈਨੇਡਾ: ਨਿੱਜੀ ਪ੍ਰਗਟਾਵੇ ਦਾ ਸੰਵਿਧਾਨਕ ਸਨਮਾਨ ਸਾਡੀ ਤਰਜੀਹ: ਜਸਟਨਿ ਟਰੂਡੋ

ਵੈਨਕੂਵਰ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਅੱਜ ਅਚਾਨਕ ਬਰੈਂਪਟਨ ਦੇ ਸਿਟੀ ਸੈਂਟਰ ਪਹੁੰਚੇ, ਜਿਥੇ ਉਹ ਵੱਖ ਵੱਖ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦੇ ਵਿਚਾਰ ਸੁਣ ਕੇ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਸੰਵਿਧਾਨ ਵਿੱਚ ਹਰੇਕ ਨੂੰ ਸ਼ਾਂਤਮਈ ਢੰਗ ਨਾਲ ਨਿੱਜੀ ਵਿਚਾਰ ਪ੍ਰਗਟਾਉਣ ਦਾ ਹੱਕ ਹੈ, ਜਿਸ ਦਾ ਸਨਮਾਨ ਕਰਨਾ ਸਾਡੀ ਪਹਿਲ ਰਹੀ ਹੈ ਅਤੇ ਇਸ ਤਰਜੀਹ ਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਕੈਨੇਡਾ ’ਚ ਦੁਨੀਆ ਦੇ ਹਰ ਦੇਸ਼ ਤੋਂ ਆਏ ਲੋਕ ਵੱਸਦੇ ਹਨ ਤੇ ਹਰੇਕ ਦੇ ਜ਼ਿੰਦਗੀ ਬਾਰੇ ਨਿੱਜੀ ਵਿਸ਼ਵਾਸ਼ ਹਨ, ਜਿਸ ਦਾ ਇੱਕਸਾਰ ਸਤਿਕਾਰ ਕਰਨਾ ਸਰਕਾਰ ਦਾ ਫਰਜ਼ ਹੈ।’’ ਉਨ੍ਹਾਂ ਦ੍ਰਿੜਤਾ ਨਾਲ ਕਿਹਾ, ‘‘ਸਰਕਾਰ ਵਿਅਕਤੀਗਤ ਵਿਤਕਰੇ ਨੂੰ ਕਿਸੇ ਹਾਲਤ ’ਚ ਵੀ ਬਰਦਾਸ਼ਤ ਨਹੀਂ ਕਰ ਸਕਦੀ ਤੇ ਅਜਿਹਾ ਕਰਨ ਵਾਲਿਆਂ ਲਈ ਦੇਸ਼ ਦੇ ਸੰਵਿਧਾਨ ’ਚ ਸਖ਼ਤ ਕਨੂੰਨ ਹਨ। ਦੌਰੇ ਦਾ ਬਹੁਤਾ ਸਮਾਂ ਉਨ੍ਹਾਂ ਨੇ ਲੋਕਾਂ ਨੂੰ ਮਿਲਣ ’ਚ ਗੁਜ਼ਾਰਿਆ।
ਟਰੂਡੋ ਨੇ ਦੁਹਰਾਇਆ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿੱਚ ਜਾਂਚਕਰਤਾਵਾਂ ਦੇ ਹੱਥ ਵਿਦੇਸ਼ੀ ਦਖਲ ਦੇ ਪੁਖ਼ਤਾ ਸਬੂਤ ਲੱਗਣ ਮਗਰੋਂ ਹੀ ਉਨ੍ਹਾਂ ਨੂੰ ਇਹ ਗੱਲ ਦੁਨੀਆ ਸਾਹਮਣੇ ਲਿਆਉਣ ਲਈ ਮਜਬੂਰ ਹੋਣਾ ਪਿਆ ਤਾਂ ਕਿ ਇਸ ਤਰ੍ਹਾਂ ਦੇ ਮਾੜੇ ਰੁਝਾਨ ਨੂੰ ਇੱਥੇ ਹੀ ਨੱਥ ਪਾਈ ਜਾ ਸਕੇ।
ਪੰਜਾਬੀਆਂ ਦੀ ਵੱਡੀ ਵੱਸੋਂ ਵਾਲੇ ਬਰੈਂਪਟਨ ’ਚ ਪ੍ਰਧਾਨ ਮੰਤਰੀ ਦੀ ਆਮਦ ਬਾਰੇ ਪਤਾ ਲੱਗਣ ’ਤੇ ਵੱਡੀ ਗਿਣਤੀ ਲੋਕ ਉਥੇ ਪਹੁੰਚਣੇ ਸ਼ੁਰੂ ਹੋ ਗਏ ਸਨ। ਉਥੇ ਵਸਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸਰਕਾਰ ਵਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਅਣਗੌਲਿਆਂ ਨਾ ਕੀਤੇ ਜਾਣ ਦੀ ਮੰਗ ਵੀ ਕੀਤੀ। ਇਸ ਬਾਰੇ ਕਈ ਹੋਰ ਭਾਈਚਾਰਿਆਂ ਦੇ ਲੋਕਾਂ ਨੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਜਿਹੇ ਦੌਰੇ ਜਾਰੀ ਰੱਖਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਧਰਾਤਲ ਜਾਣਕਾਰੀਆਂ ਮਿਲਦੀਆਂ ਰਹਿਣ, ਜਿਸ ਦਾ ਜਸਟਨਿ ਟਰੂਡੋ ਨੇ ਭਰੋਸਾ ਦਿੱਤਾ ਹੈ।