ਪੰਜਾਬ ’ਚ ਭਾਜਪਾ ਦੀ ਸਪੀਡ ਨੂੰ ਲੱਗੀ ਬਰੇਕ

ਪੰਜਾਬ ’ਚ ਭਾਜਪਾ ਦੀ ਸਪੀਡ ਨੂੰ ਲੱਗੀ ਬਰੇਕ

-ਅਰਜਨ ਰਿਆੜ (ਮੁੱਖ ਸੰਪਾਦਕ)

ਭਾਰਤੀ ਜਨਤਾ ਪਾਰਟੀ ਨੂੰ ਪੰਜਾਬੀਆਂ ਉੱਤੇ ਰਾਜ ਕਰਨ ਦਾ ਬਹੁਤ ਵੱਡਾ ਭੁਲੇਖਾ ਪਿਆ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਜੇਕਰ ਪੰਜਾਬ ਵਿਚ ਦਸ ਯੋਧੇ ਸਾਹਮਣੇ ਆਉਂਦੇ ਹਨ ਤਾਂ ਨਾਲ ਹੀ 50 ਗੱਦਾਰ ਵੀ ਆਪਣੀ ਹੋਂਦ ਦਰਸਾ ਦਿੰਦੇ ਹਨ। ਜੇਕਰ ਅਜੋਕੇ ਸਿਆਸੀ ਆਗੂਆਂ ਦੀ ਗੱਲ ਕਰੀਏ ਤਾਂ ਕਿਸੇ ਦਾ ਵੀ ਕਿਸੇ ਸਿਧਾਂਤ ਨਾਲ ਕੋਈ ਵਾਹ ਵਾਸਤਾ ਨਹੀਂ ਲੱਗ ਰਿਹਾ। ਹਰ ਕੋਈ ਕਿਸੇ ਨਾ ਕਿਸੇ ਢੰਗ ਨਾਲ ਸੱਤਾ ਸ਼ਕਤੀ ਆਪਣੇ ਹੱਥਾਂ ਵਿਚ ਕਰਨੀ ਚਾਹੁੰਦਾ ਹੈ। ਬਿਨਾਂ ਸ਼ੱਕ ਕੇਂਦਰ ਵਿਚ ਭਾਜਪਾ ਸਰਕਾਰ ਹੋਣ ਕਰ ਕੇ ਖਾਸ ਕਰ ਕੇ ਪੰਜਾਬ ਦੇ ਆਗੂਆਂ ਦੇ ਦਿਲਾਂ ਵਿਚ ਇਹ ਜ਼ਰੂਰ ਹੈ ਕਿ ਆਉਣ ਵਾਲੀ ਕੇਂਦਰ ਸਰਕਾਰ ਵੀ ਭਾਜਪਾ ਦੀ ਹੀ ਹੋਵੇਗੀ ਇਸ ਲਈ ਜੇਕਰ ਭਾਜਪਾ ਵਿਚ ਸ਼ਾਮਿਲ ਹੁੰਦੇ ਹਾਂ ਤਾਂ ਇਕ ਤਾਂ ਕੀਤੇ ਹੋਏ ਭਿ੍ਰਸ਼ਟਾਚਾਰ ਦੀ ਕਾਰਵਾਈ ਤੋਂ ਬਚਾਅ ਹੋਵੇਗਾ ਅਤੇ ਦੂਜਾ ਕੇਂਦਰ ਤੱਕ ਦੇ ਕੰਮ ਕਾਰ ਹੁੰਦੇ ਰਹਿਣਗੇ। ਭਾਜਪਾ ਦੀ ਰਣਨੀਤੀ ਇਹ ਬਣ ਚੱੁਕੀ ਹੈ ਕਿ ਲੋਕ ਭਾਵੇਂ ਉਸ ਨਾਲ ਜੁੜਨ ਜਾਂ ਨਾ ਨੇਤਾਵਾਂ ਨੂੰ ਆਪਣੇ ਨਾਲ ‘ਬਾਈ ਹੱੁਕ ਬਾਈ ਕਰੱੁਕ’ ਜੋੜਿਆ ਜਾਵੇ ਜਿਸ ਨਾਲ ਲੋਕ ਆਪਣੇ ਆਪ ਹੀ ਭਾਜਪਾ ਦੇ ਝੰਡੇ ਹੇਠ ਆ ਜਾਣਗੇ। 
ਅਸਲ ਵਿਚ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਭਾਜਪਾ ਪ੍ਰਤੀ ਨਰਾਜ਼ਗੀ ਬਹੁਤ ਵਧ ਗਈ ਸੀ। ਕੇਂਦਰ ਦੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਖੇਤੀਬਾੜੀ ਕਨੂੰਨ ਬਣਾ ਕੇ ਕਿਸਾਨਾਂ ਨਾਲ ਧੋਖਾ ਕੀਤਾ ਸੀ ਜਿਸ ਦਾ ਸਭ ਤੋਂ ਵੱਧ ਵਿਰੋਧ ਪੰਜਾਬ ਦੇ ਕਿਸਾਨਾਂ ਨੇ ਕੀਤਾ ਸੀ। ਲਗਭਗ ਸਵਾ ਸਾਲ ਚੱਲੇ ਸੰਘਰਸ਼ ਵਿਚ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਸਾਥ ਦਿੱਤਾ ਸੀ। ਇਸ ਅੰਦੋਲਨ ਦੇ ਚਲਦਿਆਂ ਭਾਜਪਾ ਨੇ ਕਿਸਾਨਾਂ ਨੂੰ ਜ਼ਲੀਲ ਕਰਨ ਅਤੇ ਉਹਨਾਂ ਉੱਤੇ ਤਸ਼ੱਦਦ ਕਰਨ ਦੀ ਕੋਈ ਹੱਦ ਨਹੀਂ ਸੀ ਛੱਡੀ। ਇਸ ਕਾਰਨ ਕਿਸਾਨਾਂ ਵਿਚ ਗੱੁਸੇ ਦੀ ਲਹਿਰ ਹੋਰ ਵਧਦੀ ਗਈ ਅਤੇ ਕਿਸਾਨ ਹੋਰ ਮਜ਼ਬੂਤ ਹੁੰਦੇ ਗਏ। ਆਖਰਕਾਰ ਨਰਿੰਦਰ ਮੋਦੀ ਦੀ ਸਰਕਾਰ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਿਆ ਅਤੇ ਕਾਨੂੰਨ ਵਾਪਸ ਲੈਣੇ ਪਏ। ਇਸੇ ਕਾਰਨ ਹੀ ਖਾਸ ਕਰ ਪੰਜਾਬ ਦੇ ਲੋਕਾਂ ਵਿਚ ਭਾਜਪਾ ਪ੍ਰਤੀ ਇਕ ਵਿਰੋਧ ਜਿਹਾ ਪੈਦਾ ਹੋ ਗਿਆ। ਪਰ ਸਦਕੇ ਜਾਈਏ ਭਾਜਪਾ ਦੇ ਕਿ ਉਸਨੇ ਇਸ ਵਿਰੋਧ ਨੂੰ ਕਿਸੇ ਢੰਗ ਨਾਲ ਖਤਮ ਕਰਵਾਉਣ ਦੀ ਬਜਾਏ ਪੰਜਾਬੀਆਂ ਨੂੰ ਇਕ ਤਰ੍ਹਾਂ ਨਾਲ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। ਉਹਨਾਂ ਵੱਖ-ਵੱਖ ਪਾਰੀਆਂ ਦੇ ਸਿੱਖ ਆਗੂਆਂ ਉੱਤੇ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਚੱੁਕਣਾ ਸ਼ੁਰੂ ਕਰ ਲਿਆ। ਸਭ ਤੋਂ ਪਹਿਲਾਂ ਉਹਨਾਂ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਜੋ ਕਿ ਕਿਸਾਨ ਅੰਦੋਲਨ ਵਿਚ ਭਾਜਪਾ ਦੇ ਖਿਲਾਫ਼ ਬੋਲਦੇ ਰਹੇ ਅਤੇ ਕਿਸਾਨਾਂ ਲਈ ਲੰਗਰ ਦੀ ਸੇਵਾ ਵੀ ਕਰਦੇ ਰਹੇ, ਨੂੰ ਸ਼ਾਮਿਲ ਕਰਵਾਇਆ। ਸਭ ਹੈਰਾਨ ਹੋਏ, ਇੱਥੇ ਹੀ ਬਸ ਨਹੀਂ ਫ਼ਿਰ ਚਲ ਸੋ ਚਲ ਭਾਜਪਾ ਨੇ ਇਕ ਮੁਹਿੰਮ ਹੀ ਚਲਾ ਲਈ ਸਿੱਖ ਆਗੂਆਂ ਨੂੰ ਸ਼ਾਮਿਲ ਕਰਵਾਉਣ ਦੀ। ਰੋਜ਼ਾਨਾ ਹੀ ਖਬਰਾਂ ਆਉਣ ਲੱਗੀਆਂ ਕਿ ਐਨੇ ਸਿੱਖ ਆਗੂ ਭਾਜਪਾ ਵਿਚ ਸ਼ਾਮਿਲ। ਸਭ ਪਾਸੇ ਭਾਜਪਾ ਭਾਜਪਾ ਹੀ ਹੋਣ ਲੱਗੀ। ਪੰਜਾਬ ਦੇ ਲੋਕ ਚੁੱਪ ਚੁਪੀਤੇ ਬੈਠੇ ਰਹੇ ਅਤੇ ਸਭ ਦੇਖਦੇ ਰਹੇ। ਇਸ ਲਹਿਰ ਦਾ ਇਹ ਅਸਰ ਹੋਇਆ ਕਿ ਸੰਗਰੂਰ ਅਤੇ ਜਲੰਧਰ ਜ਼ਿਮਨੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਹਾਰ ਤਾਂ ਭਾਵੇਂ ਗਈ ਪਰ ਉਸਦੇ ਵੋਟ ਬੈਂਕ ਵਿਚ ਬੜਾ ਵਾਧਾ ਹੋਇਆ। 
ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਜਿਸ ਹਿਸਾਬ ਨਾਲ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੱਡੇ ਪੱਧਰ ’ਤੇ ਸ਼ਾਮਿਲ ਕਰਵਾ ਕੇ ਉਹਨਾਂ ਨੂੰ ਵੱਡੇ-ਵੱਡੇ ਅਹੁਦੇ ਦੇ ਰਹੀ ਹੈ ਉਸ ਨਾਲ ਭਾਜਪਾ ਦੇ ਅੰਦਰੂਨੀ ਹਾਲਾਤ ਸਹੀ ਨਹੀਂ ਰਹਿਣਗੇ। ਹੁਣ ਲੱਗਦਾ ਹੈ ਕਿ ਸਚਮੁੱਚ ਹੀ ਅਜਿਹਾ ਹੋ ਰਿਹਾ ਹੈ। ਪੁਰਾਣੇ ਟਕਸਾਲੀ ਭਾਜਪਾਈ ਇਹ ਮਹਿਸੂਸ ਕਰ ਰਹੇ ਹਨ ਕਿ ਉਹ ਦਹਾਕਿਆਂ ਤੋਂ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰ ਰਹੇ ਹਨ ਪਰ ਨਵੇਂ ਆ ਰਹੇ ਆਗੂ ਉਹਨਾਂ ਉੱਤੇ ਰਾਜ ਕਰ ਰਹੇ ਹਨ। ਇਸ ਅਸੰਤੋਸ਼ ਕਾਰਨ ਪੰਜਾਬ ਭਾਜਪਾ ਵਿਚ ਅੰਦਰੂਨੀ ਕਲੇਸ਼ ਵਧਣਾ ਸ਼ੁਰੂ ਹੋਇਆ ਜਿਸ ਦਾ ਪਹਿਲਾ ਨਤੀਜਾ ਬੀਤੇ ਦਿਨ ਉਦੋਂ ਆਇਆ ਜਦੋਂ ਭਾਜਪਾ ’ਚ ਸ਼ਾਮਿਲ ਹੋਏ 4 ਸਾਬਕਾ ਮੰਤਰੀਆਂ ਦੀ ਕਾਂਗਰਸ ’ਚ ਘਰ ਵਾਪਸੀ ਹੋ ਗਈ। ਇਸ ਖਬਰ ਅਨੁਸਾਰ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਬਲਵੀਰ ਸਿੱਧੂ, ਗੁਰਪ੍ਰੀਤ ਕਾਂਗੜ ਅਤੇ ਹੰਸਰਾਜ ਜੋਸਨ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ। 
ਇਸ ਸਿਆਸੀ ਗਤੀਵਿਧੀ ਨਾਲ ਪੰਜਾਬ ਭਾਜਪਾ ਦੀ ਸਪੀਡ ਨੂੰ ਇਕ ਵਾਰ ਤਾਂ ਬਰੇਕ ਲੱਗ ਗਈ ਹੈ। ਹੁਣ ਪੰਜਾਬ ਭਾਜਪਾ ਵਿਚ ਇਹ ਵੀ ਚਰਚਾ ਚੱਲੇਗੀ ਕਿ ਜਿਹੜੇ ਨਵੇਂ ਆਗੂਆਂ ਨੂੰ ਭਾਜਪਾ ਵਿਚ ਲਿਆ ਕੇ ਉਹਨਾਂ ਨੂੰ ਚੌਧਰਾਂ ਦਿੱਤੀਆਂ ਜਾ ਰਹੀਆਂ ਹਨ ਉਹ ਆਪਣੇ ਮਕਸਦ ਹੱਲ ਕਰ ਕੇ ਵਾਪਸ ਮੁੜ ਰਹੇ ਹਨ। ਬਲਵੀਰ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਮੀਤ ਪ੍ਰਧਾਨ ਬਣਾਇਆ ਗਿਆ ਸੀ ਜੋ ਕਿ ਬਹੁਤ ਵੱਡਾ ਅਹੁਦਾ ਸਮਝਿਆ ਜਾਂਦਾ ਹੈ। ਉਸਦੀ ਬੀਤੇ ਸਮੇਂ ’ਚ ਹੋਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਬੜੀ ਟੌਹਰ ਬਣਾਈ ਗਈ ਅਤੇ ਉਸਨੂੰ ਹਲਕਾ ਫਿਲੌਰ ਦਾ ਇੰਚਾਰਜ ਵੀ ਲਗਾਇਆ ਗਿਆ ਸੀ। 
ਬਿਨਾਂ ਸ਼ੱਕ ਇਹਨਾਂ ਆਗੂਆਂ ਦੇ ਵਾਪਸ ਜਾਣ ਨਾਲ ਪੰਜਾਬ ਭਾਜਪਾ ਵਿਚ ਨਿਰਾਸ਼ਾ ਤਾਂ ਜ਼ਰੂਰ ਹੋਵੇਗੀ ਨਾਲ ਹੀ ਉਹ ਆਪਣੀ ਰਣਨੀਤੀ ਬਦਲਣ ਬਾਰੇ ਵੀ ਜ਼ਰੂਰ ਸੋਚਣਗੇ। ਬਿਨਾਂ ਸੋਚੇ ਸਮੇਂ ਹਰ ਇਕ ਵਿਰੋਧੀ ਨੂੰ ਆਪਣੇ ਵਿਚ ਸ਼ਾਮਿਲ ਕਰਵਾਉਣਾ ਕੋਈ ਵੱਡੀ ਪ੍ਰਾਪਤੀ ਨਹੀਂ ਕਿਉਂਕਿ ਜਿਹੜੇ ਆਗੂ ਦੀ ਜਿੱਥੇ ਤਾਰ ਜੁੜੀ ਹੋਈ ਹੁੰਦੀ ਹੈ ਉਹ ਉੱਥੇ ਰਹਿ ਕੇ ਹੀ ਸਹਿਜ ਮਹਿਸੂਸ ਕਰਦਾ ਹੈ। ਉਹ ਕੁਝ ਸਮੇਂ ਲਈ ਜੇਕਰ ਦੂਜੀ ਪਾਰਟੀ ਵਿਚ ਚਲਾ ਵੀ ਜਾਂਦਾ ਹੈ ਤਾਂ ਉਸਨੂੰ ਉਹ ਮਾਣ ਸਨਮਾਨ ਨਹੀਂ ਮਿਲਦਾ ਜਿਹੜਾ ਉਸਦੀ ਮੁੱਢਲੀ ਪਾਰਟੀ ਵਿਚ ਮਿਲਦਾ ਹੈ।
ਪੰਜਾਬ ਭਾਜਪਾ ਦੀ ਲੀਡਰਸ਼ਿਪ ਦਾ ਅਜੇ ਕੋਈ ਸਪੱਸ਼ਟ ਬਿਆਨ ਨਹੀਂ ਆ ਰਿਹਾ ਕਿ ਉਹ ਕਿਉਂ ਵਾਪਸ ਗਏ ਹਨ ਪਰ ਪੰਜਾਬ ਦੇ ਸਿਆਸੀ ਹਲਕਿਆਂ ਵਿਚ ਇਸਦੀ ਚਰਚਾ ਵੱਡੀ ਹੈ। ਭਾਜਪਾ ਨੂੰ ਖ਼ਤਰਾ ਇਹ ਵੀ ਹੈ ਕਿ ਜੇਕਰ ਇਹ ਆਗੂ ਵਾਪਸ ਗਏ ਹਨ ਤਾਂ ਹੋਰ ਵੀ ਕਿਰ ਸਕਦੇ ਹਨ। ਦੇਸ਼ ਦੀਆਂ ਲੋਕ ਸਭਾ ਚੋਣਾਂ 2024 ਲਗਭਗ ਸਿਰ ’ਤੇ ਖੜ੍ਹੀਆਂ ਹਨ ਤੇ ਇਹੋ ਜਿਹੇ ਸਮੇਂ ਵਿਚ ਜੇਕਰ ਹੋਰ ਆਗੂ ਵਾਪਸ ਜਾਂਦੇ ਹਨ ਤਾਂ ਜਿਹੜਾ ਡੰਕਾ ਭਾਜਪਾ ਨੇ ਪੰਜਾਬ ਵਿਚ ਵਜਾਇਆ ਹੋਇਆ ਹੈ ਉਸਦੇ ਸ਼ਾਂਤ ਹੋਣ ਦਾ ਖਤਰਾ ਵੀ ਬਣ ਸਕਦਾ ਹੈ। 
ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਲੱਗੇ ਇਸ ਝਟਕੇ ਉੱਤੇ ਖੁਸ਼ੀ ਜ਼ਰੂਰ ਮਨਾਈ ਹੈ ਕਿਉਂਕਿ ਖਾਸਕਰ ਪੇਂਡੂ ਖੇਤਰਾਂ ਵਿਚ ਵਸਦੇ ਲੋਕਾਂ ਵਿਚ ਅਜੇ ਵੀ ਭਾਜਪਾ ਪ੍ਰਤੀ ਬਹੁਤ ਰੋਸ ਭਰਿਆ ਹੋਇਆ ਹੈ ਅਤੇ ਉਹ ਕਦੇ ਵੀ ਪੰਜਾਬ ਉੱਤੇ ਭਾਜਪਾ ਨੂੰ ਕਾਬਜ਼ ਹੁੰਦਿਆਂ ਨਹੀਂ ਦੇਖ ਸਕਦੇ। ਪੰਜਾਬ ਵਿਚ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਬਹੁਤ ਖਬਰਾਂ ਸਾਹਮਣੇ ਆਉਣ ਲਈ ਤਿਆਰ ਹਨ ਅਤੇ ਦੇਖਦੇ ਹਾਂ ਕਿ ਕਿਸਨੂੰ ਝਟਕਾ ਲੱਗਦਾ ਹੈ ਤੇ ਕੌਣ ਬਾਜ਼ੀ ਮਾਰਦਾ ਹੈ। ਫਿਲਹਾਲ ਭਾਜਪਾ ਨੂੰ ਪੰਜਾਬ ਵਿਚ ਪਹਿਲਾ ਵੱਡਾ ਝਟਕਾ ਜ਼ਰੂਰ ਲੱਗ ਗਿਆ ਹੈ ਅਤੇ ਹੁਣ ਇਹ ਇਸ ਤੋਂ ਉੱਭਰਨ ਲਈ ਭਾਜਪਾ ਕੀ ਰਣਨੀਤੀ ਅਪਣਾਉਂਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਆਮੀਨ!