ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਮਗਰੋਂ ਬੀ.ਜੇ.ਪੀ. ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਛੱਡਿਆ ਅਹੁਦਾ

ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਮਗਰੋਂ ਬੀ.ਜੇ.ਪੀ. ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਛੱਡਿਆ ਅਹੁਦਾ

ਚੰਡੀਗੜ੍ਹ, 7 ਜੂਨ (ਪੰਜਾਬੀ ਰਾਈਟਰ)- ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਵਿਵਾਦ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਰਹੇ ਸਾਬਕਾ ਆਈ.ਏ.ਐੱਸ. ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਨੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਤਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਚਿੱਠੀ (ਜੋ 5 ਜੂਨ ਨੂੰ ਲਿਖੀ ਗਈ ਸੀ) ਵਿੱਚ ਉਨ੍ਹਾਂ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸਲੂ ਨੂੰ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਦੌਰਾਨ ਉਪ-ਪ੍ਰਧਾਨ ਅਤੇ ਜਨਰਲ ਸਕੱਤਰ ਵਜੋਂ ਪਾਰਟੀ ਦੀ ਸੇਵਾ ਕੀਤੀ ਹੈ, ਜੋ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਬਹੁਤ ਵਧੀਆ ਤਜ਼ਰਬਾ ਰਿਹਾ। ਇਸ ਚਿੱਠੀ ਦੀ ਇੱਕ ਕਾਪੀ ਨਵੇਂ ਪ੍ਰਧਾਨ ਕੇਵਲ ਢਿੱਲੋਂ ਨੂੰ ਵੀ ਭੇਜੀ ਗਈ ਹੈ। ਡਾ. ਰਾਜੂ ਨੇ ਅਹੁਦਾ ਛੱਡਣ ਦਾ ਕਾਰਨ ਪੰਜਾਬ ਦੇ ਕੁਝ ਅਹਿਮ ਜਨਤਕ ਮੁੱਦਿਆਂ 'ਤੇ ਕੰਮ ਕਰਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ, ਨੌਜਵਾਨਾਂ ਦੀ ਪੜ੍ਹਾਈ, ਗ਼ਰੀਬ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ, ਦਲਿਤਾਂ ਤੇ ਸਿੱਖਾਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ, ਧਰਮ ਤਬਦੀਲੀ, ਨਸ਼ਿਆਂ ਦੇ ਖ਼ਾਤਮੇ, ਪੰਜਾਬੀ ਭਾਸ਼ਾ ਦੀ ਪ੍ਰਮੁੱਖਤਾ ਅਤੇ ਪੰਜਾਬ ਦੇ ਪਾਣੀਆਂ ਤੇ ਚੰਡੀਗੜ੍ਹ ਵਰਗੇ ਲਟਕਦੇ ਮੁੱਦਿਆਂ 'ਤੇ ਹੋਰ ਵੱਡੇ ਪੱਧਰ 'ਤੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਲਿਖਿਆ ਕਿ ਇਨ੍ਹਾਂ ਕੰਮਾਂ ਲਈ ਖੋਜ, ਲਿਖਣ, ਕਾਨੂੰਨੀ ਚਾਰਾਜੋਈ ਅਤੇ ਲੋਕਾਂ ਵਿੱਚ ਜਾਣ ਲਈ ਬਹੁਤ ਸਮਾਂ ਚਾਹੀਦਾ ਹੈ, ਇਸ ਲਈ ਉਹ ਸੰਗਠਨ ਦੀ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਦੇ। ਦੱਸਣਯੋਗ ਹੈ ਕਿ ਕੈਮਬ੍ਰਿਜ ਯੂਨੀਵਰਸਿਟੀ ਦੇ ਵਿਜ਼ਿਟਿੰਗ ਫੈਲੋ ਅਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਰਾਜੂ ਨੂੰ ਹਾਈਕਮਾਂਡ ਵੱਲੋਂ ਕੇਵਲ ਢਿੱਲੋਂ ਦੇ ਨਾਂ 'ਤੇ ਮੋਹਰ ਲਾਉਣ ਤੋਂ ਪਹਿਲਾਂ ਪ੍ਰਧਾਨਗੀ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਨ੍ਹਾਂ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ਹੀ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਨਤਕ ਤੌਰ 'ਤੇ ਕੇਵਲ ਢਿੱਲੋਂ ਦੀ ਨਿਯੁਕਤੀ 'ਤੇ ਸਵਾਲ ਚੁੱਕੇ ਸਨ। ਇਸ ਨਾਲ ਸਾਫ਼ ਜ਼ਾਹਰ ਹੁੰਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਵਿੱਚ ਅਸੰਤੁਸ਼ਟੀ ਵਧ ਰਹੀ ਹੈ।