
ਭੋਪਾਲ-ਭਾਜਪਾ ਨੇ ਅੱਜ ਸਭ ਨੂੰ ਹੈਰਾਨ ਕਰਨ ਵਾਲਾ ਫ਼ੈਸਲਾ ਲੈਂਦਿਆਂ ਓਬੀਸੀ ਆਗੂ ਤੇ ਤਿੰਨ ਵਾਰ ਵਿਧਾਇਕ ਰਹੇ ਮੋਹਨ ਯਾਦਵ ਨੂੰ ਮੱਧ ਪ੍ਰਦੇਸ਼ ਦਾ ਅਗਲਾ ਮੁੱਖ ਮੰਤਰੀ ਚੁਣ ਲਿਆ ਹੈ। ਇਹ ਜਾਣਕਾਰੀ ਪਾਰਟੀ ਦੇ ਸੂਬਾ ਪ੍ਰਧਾਨ ਵੀਡੀ ਸ਼ਰਮਾ ਨੇ ਦਿੱਤੀ। ਇਸ ਮਗਰੋਂ ਮੋਹਨ ਯਾਦਵ ਨੇ ਰਾਜਪਾਲ ਮੰਗੂਭਾਈ ਪਟੇਲ ਨਾਲ ਮੁਲਾਕਾਤ ਕਰਕੇ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਹ ਬੁੱਧਵਾਰ ਨੂੰ ਹਲਫ਼ ਲੈਣਗੇ। ਭਾਜਪਾ ਵਿਧਾਇਕ ਦਲ ਨੇ ਪਿਛਲੀ ਸਰਕਾਰ ’ਚ ਮੰਤਰੀ ਰਹੇ ਮੋਹਨ ਯਾਦਵ (58) ਨੂੰ ਆਪਣਾ ਨੇਤਾ ਚੁਣਿਆ ਜਿਸ ਨਾਲ ਉਨ੍ਹਾਂ ਲਈ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ। ਵੀਡੀ ਸ਼ਰਮਾ ਨੇ ਕਿਹਾ ਕਿ ਅਹੁਦਾ ਛੱਡ ਰਹੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਾਰਟੀ ਦੇ ਕੇਂਦਰੀ ਅਬਜ਼ਰਵਰਾਂ ਦੀ ਹਾਜ਼ਰੀ ’ਚ ਸ਼ਾਮ ਨੂੰ ਭੋਪਾਲ ’ਚ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਵਿੱਚ ਉੱਜੈਨ ਦੱਖਣੀ ਤੋਂ ਭਾਜਪਾ ਵਿਧਾਇਕ ਯਾਦਵ ਦਾ ਨਾਂ ਪੇਸ਼ ਕੀਤਾ। ਮੁੱਖ ਮੰਤਰੀ ਵਜੋਂ ਚੁਣੇ ਜਾਣ ਮਗਰੋਂ ਮੋਹਨ ਯਾਦਵ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਲਈ ਕੰਮ ਕਰਨਗੇ ਅਤੇ ਇਸ ਅਹੁਦੇ ਲਈ ਚੁਣੇ ਜਾਣ ’ਤੇ ਉਹ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ। ਮੋਹਨ ਯਾਦਵ ਨੂੰ ਆਰਐੱਸਐੱਸ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਤਿੰਨ ਵਾਰ ਦੇ ਵਿਧਾਇਕ ਤੇ ਇੱਕ ਅਹਿਮ ਓਬੀਸੀ ਆਗੂ ਹਨ। ਉਹ ਪਹਿਲੀ ਵਾਰ 2013 ’ਚ ਉੱਜੈਨ ਦੱਖਣੀ ਤੋਂ ਵਿਧਾਇਕ ਚੁਣੇ ਗਏ ਅਤੇ ਫਿਰ 2018 ਤੇ 2023 ਵਿੱਚ ਵੀ ਵਿਧਾਨ ਸਭਾ ਸੀਟ ਬਰਕਰਾਰ ਰੱਖੀ। ਇਸ ਤੋਂ ਪਹਿਲਾਂ ਦਿਨੇ ਭਾਜਪਾ ਦੇ ਤਿੰਨ ਕੇਂਦਰੀ ਅਬਜ਼ਰਵਰਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਓਬੀਸੀ ਮੋਰਚਾ ਦੇ ਮੁਖੀ ਕੇ ਲਕਸ਼ਮਣ ਅਤੇ ਸਕੱਤਰ ਆਸ਼ਾ ਲਾਕੜਾ ਨੇ ਪਾਰਟੀ ਵਿਧਾਇਕਾਂ ਤੇ ਕੋਰ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਮੱਧ ਪ੍ਰਦੇਸ਼ ਦੇ ਮਨੋਨੀਤ ਮੁੱਖ ਮੰਤਰੀ ਮੋਹਨ ਯਾਦਵ ਨੇ ਅੱਜ ਰਾਜਪਾਲ ਮੰਗੂਭਾਈ ਪਟੇਲ ਨਾਲ ਮੁਲਾਕਾਤ ਕੀਤੀ ਅਤੇ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਸ੍ਰੀ ਯਾਦਵ ਨਾਲ ਸ਼ਿਵਰਾਜ ਸਿੰਘ ਚੌਹਾਨ, ਪਾਰਟੀ ਦੇ ਸੂਬਾ ਪ੍ਰਧਾਨ ਵੀਡੀ ਸ਼ਰਮਾ ਤੇ ਤਿੰਨ ਕੇਂਦਰੀ ਅਬਜ਼ਰਵਰ ਰਾਜਪਾਲ ਨੂੰ ਮਿਲਣ ਲਈ ਰਾਜ ਭਵਨ ਪਹੁੰਚੇ।