ਕੀ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਬਣ ਸਕੇਗੀ ਭਾਈ ਅੰਮਿ੍ਰਤਪਾਲ ਸਿੰਘ ਦੀ ਸਿਆਸੀ ਪਾਰਟੀ?

ਕੀ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਬਣ ਸਕੇਗੀ ਭਾਈ ਅੰਮਿ੍ਰਤਪਾਲ ਸਿੰਘ ਦੀ ਸਿਆਸੀ ਪਾਰਟੀ?

ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜੋ ਇਸ ਵੇਲੇ ਹਾਲ ਹੈ ਉਸ ਤੋਂ ਕੋਈ ਅਣਜਾਣ ਨਹੀਂ। ਕਿਸੇ ਵੇਲੇ ਕੁਰਬਾਨੀਆਂ ਦੀ ਕਮਾਈ ਨਾਲ ਬਣਿਆ ਅਕਾਲੀ ਦਲ ਇਸ ਵੇਲੇ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਬਾਦਲ ਪਰਿਵਾਰ ਨੂੰ ਅਕਾਲੀ ਦਲ ਦੀ ਇਸ ਮੰਦੀ ਹਾਲਤ ਦਾ ਸਿੱਧੇ ਸਿੱਧੇ ਜ਼ਿੰਮੇਵਾਰ ਸਮਝਿਆ ਜਾ ਸਕਦਾ ਹੈ। ‘ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫ਼ਰਿਆ’ ਦੀ ਕਹਾਵਤ ਨੂੰ ਸੱਚ ਕਰਦਿਆਂ ਬਾਦਲ ਪਰਿਵਾਰ ਨੇ ਅਕਾਲੀ ਦਲ ਬਾਦਲ ਨੂੰ ਚਰੂੰਡਣ ਵਿਚ ਕੋਈ ਢਿੱਲ ਨਹੀਂ ਕੀਤੀ ਜਿਸ ਕਾਰਨ ਅੱਜ ਇਹ ਪਰਿਵਾਰ ਖੁਦ ਵੀ ਜ਼ਲਾਲਤ ਦਾ ਪਾਤਰ ਬਣ ਗਿਆ ਹੈ। ਬਹੁਤ ਸਾਰੀਆਂ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਦਲ ਬਣਨ ਲਈ ਵਿਉਂਤਾਂ ਘੜ ਰਹੀਆਂ ਸਨ। ਇਸੇ ਵਿਚ ਡਿਬਰੂਗੜ ਜੇਲ ਵਿਚ ਬੰਦ ਭਾਈ ਅੰਮਿ੍ਰਤਪਾਲ ਸਿੰਘ ਦੇ ਨਾਮ ’ਤੇ ਸਿਆਸੀ ਪਾਰਟੀ ਖੜੀ ਕਰਨ ਦੀ ਅੱਜ ਇਕ ਵੱਡੀ ਕੋਸ਼ਿਸ਼ ਕੀਤੀ ਗਈ ਹੈ। ਮੇਲਾ ਮਾਘੀ ਮੌਕੇ ਲੋਕ ਸਭਾ ਮੈਂਬਰ ਭਾਈ ਅੰਮਿ੍ਰਤਪਾਲ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਦੌਰਾਨ ਸਟੇਜ ਤੋਂ 15-ਨੁਕਾਤੀ ਮਤਾ ਪਾਸ ਕਰਦਿਆਂ ਨਵੀਂ ਸੂਬਾਈ ਪਾਰਟੀ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਬਣਾਉਣ ਦਾ ਐਲਾਨ ਕੀਤਾ ਗਿਆ। ਇਹ ਕਾਨਫਰੰਸ ਬਠਿੰਡਾ ਰੋਡ ਉੱਪਰ ‘ਗਰੀਨ ਸੀ ਰਿਜ਼ੌਰਟਸ’ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ।
ਸਟੇਜ ਤੋਂ ਫ਼ਰੀਦਕੋਟ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ, ਅੰਮਿ੍ਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਪਾਸ ਕੀਤੇ ਮਤੇ ਅਨੁਸਾਰ ਡਿਬਰੂਗੜ ਜੇਲ ’ਚ ਬੰਦ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਨੂੰ ਪਾਰਟੀ ਦਾ ਮੁੱਖ ਸੇਵਾਦਾਰ ਬਣਾਇਆ ਗਿਆ। ਪਾਰਟੀ ਦੇ ਸੂਬਾਈ ਪ੍ਰਧਾਨ ਦੀ ਚੋਣ ਤੱਕ ਪੰਜ ਮੈਂਬਰ ਕਾਰਜਕਾਰੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਤਰਸੇਮ ਸਿੰਘ (ਅੰਮਿ੍ਰਤਪਾਲ ਸਿੰਘ ਦੇ ਪਿਤਾ), ਫ਼ਰੀਦਕੋਟ ਦੇ ਐੱਮ.ਪੀ. ਸਰਬਜੀਤ ਸਿੰਘ ਖਾਲਸਾ, ਅਮਰਜੀਤ ਸਿੰਘ, ਹਰਭਜਨ ਸਿੰਘ ਤੁੜ ਅਤੇ ਸੁਰਜੀਤ ਸਿੰਘ ਸ਼ਾਮਲ ਕੀਤੇ ਗਏ ਹਨ। ਇਸੇ ਤਰਾਂ ਨਵੀਂ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ। ਪਾਰਟੀ ਦਾ ਸੰਵਿਧਾਨ ਤੇ ਏਜੰਡਾ ਬਣਾਉਣ ਲਈ ਵੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਵਿਸਾਖੀ ਤੱਕ ਮਾਹਿਰਾਂ ਦੀ ਸਲਾਹ ਨਾਲ ਆਪਣਾ ਕੰਮ ਪੂਰਾ ਕਰੇਗੀ। ਪਾਸ ਕੀਤੇ ਮਤੇ ਮੁਤਾਬਿਕ ਸ੍ਰੀ ਅਕਾਲ ਤਖ਼ਤ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ ਕਰਨੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ, ਨਸਲਾਂ ਤੇ ਫ਼ਸਲਾਂ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨੀ, ਆਨੰਦਪੁਰ ਸਾਹਿਬ ਮਤੇ ਦੀ ਵਾਪਸੀ ਇਸ ਸਿਆਸੀ ਪਾਰਟੀ ਦੇ ਮੰਤਵ ਪ੍ਰਗਟਾਏ ਗਏ। ਇਸੇ ਤਰਾਂ ਮੰਚ ਤੋਂ ਦੱਸਿਆ ਗਿਆ ਵਿੱਦਿਅਕ ਢਾਂਚੇ ਵਿੱਚ ਗੈਰ ਪੰਜਾਬੀ ਲੋਕਾਂ ਦੇ ਦਖ਼ਲ ਨੂੰ ਰੋਕਿਆ ਜਾਵੇਗਾ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ। ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਹੋ ਰਹੇ ਪਰਵਾਸ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਯਤਨ ਕੀਤੇ ਜਾਣਗੇ। ਬੇਅਦਬੀਆਂ ਕਰ ਕੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾਵੇਗਾ। ਪਾਰਟੀ ਹਰ ਵਰਗ ਦੀ ਨੁਮਾਇੰਦਗੀ ਨਾਲ ਅੱਗੇ ਵਧੇਗੀ। ਸਿੱਖ ਰਾਜਨੀਤੀ ਦਾ ਬਦਲਵਾਂ ਬਿਰਤਾਂਤ ਸਿਰਜਣ ਲਈ ਏਕਤਾ ਦੀ ਅਪੀਲ ਕੀਤੀ ਗਈ।
ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸ੍ਰ. ਤਰਸੇਮ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਬਣਾਉਣ ਦਾ ਮਨ ਵਿਚ ਧਾਰਿਆ ਹੋਇਆ ਹੈ। ਉਹਨਾਂ ਨੂੰ ਲੱਗਦਾ ਹੈ ਕਿ ਹੁਣ ਇਹ ਹੀ ਸਹੀ ਸਮਾਂ ਹੈ। ਪਰ ਕੀ ਪੰਜਾਬ ਦੇ ਲੋਕ ਇਸ ਪਾਰਟੀ ਦਾ ਸਾਥ ਦੇਣਗੇ। ਅਸਲ ਵਿਚ ਭਾਜਪਾ ਦਾ ਕਿਸਾਨੀ ਅੰਦੋਲਨ ਤੋਂ ਪਹਿਲਾਂ ਪੰਜਾਬ ਵਿਚ ਚਿਹਰਾ ਹੋਰ ਸੀ ਪਰ ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਵੱਡੀ ਗਿਣਤੀ ਲੋਕ ਭਾਜਪਾ ਨੂੰ ਨਫ਼ਰਤ ਕਰਨ ਲੱਗ ਪਏ ਹਨ। ਇਸ ਲਈ ਜਦੋਂ ਭਾਈ ਤਰਸੇਮ ਸਿੰਘ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੀ ਤੁਸੀਂ ਭਾਜਪਾ ਨਾਲ ਵੀ ਸਮਝੌਤਾ ਕਰ ਸਕਦੇ ਹੋ, ਤਾਂ ਉਹਨਾਂ ਹਾਂ ਵਿਚ ਸੁਰ ਮਿਲਾਈ। ਹੁਣ ਬੱੁਧੀਜੀਵੀ ਲੋਕ ਸਮਝ ਗਏ ਹੋਣਗੇ ਕਿ ਜੇਕਰ ਉਹਨਾਂ ਦੀ ਜ਼ੁਬਾਨ ਵਿਚੋਂ ਭਾਜਪਾ ਲਈ ਹਾਂ ਨਿਕਲੀ ਹੈ ਤਾਂ ਵੱਡੀ ਗਿਣਤੀ ਪੰਜਾਬ ਦੇ ਲੋਕ ਇਸ ਪਾਰਟੀ ਨਾਲ ਜੁੜਨ ਤੋਂ ਪਹਿਲਾਂ ਸੌ ਵਾਰ ਸੋਚਣਗੇ। ਸ੍ਰ. ਸੁਖਦੇਵ ਸਿੰਘ ਢੀਂਡਸਾ, ਸਰਵਣ ਸਿੰਘ ਫਿਲੌਰ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ ਸਭ ਨੇ ਭਾਜਪਾ ਦਾ ਪੱਲਾ ਫੜ ਕੇ ਵੇਖ ਲਿਆ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਕਬੂਲ ਨਹੀਂ ਕੀਤਾ। ਜੇਕਰ ਸ੍ਰ. ਤਰਸੇਮ ਸਿੰਘ ਭਾਜਪਾ ਦੇ ਖਿਲਾਫ਼ ਬੋਲ ਜਾਂਦੇ ਤਾਂ ਸ਼ਾਇਦ ਇਕ ਵੱਡਾ ਵਰਗ ਉਹਨਾਂ ਵੱਲ ਉਲਾਰ ਹੋ ਜਾਂਦਾ। ਪਰ ਹੁਣ ਬਹੁਤ ਲੋਕ ਸੋਚ ਰਹੇ ਹਨ ਕਿ ਉਹਨਾਂ ਨੇ ਭਾਜਪਾ ਲਈ ਹਾਂ ਕਿਉਂ ਭਰੀ ਜਿਸ ਨੇ ਉਸਦੇ ਪੁੱਤਰ ਭਾਈ ਅੰਮਿ੍ਰਤਪਾਲ ਸਿੰਘ ਨੂੰ ਅਣਮਿੱਥੇ ਸਮੇਂ ਲਈ ਜੇਲ ਵਿਚ ਸੱੁਟਿਆ ਹੋਇਆ ਹੈ। ਕੀ ਕਿਤੇ ਇਹ ਕੇਂਦਰ ਦੀ ਸਾਜਿਸ਼ ਹੀ ਤਾਂ ਨਹੀਂ ਕਿ ਪੰਜਾਬ ਦੀ ਇਕ ਸਦੀ ਤੋਂ ਵੱਧ ਪੁਰਾਣੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਬੀਜ ਨਾਲ ਕੀਤਾ ਜਾਵੇ। ਸਿਆਸਤ ਵਿਚ ਕੁਝ ਵੀ ਸੰਭਵ ਹੈ ਪਰ ਹਾਲ ਦੀ ਘੜੀ ਕੁਝ ਮਹੀਨਿਆਂ ਦੀਆਂ ਗਤੀਵਿਧੀਆਂ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਭਾਈ ਅੰਮਿ੍ਰਤਪਾਲ ਸਿੰਘ ਦੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦਾ ਬਦਲ ਬਣੇਗੀ ਜਾਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵਾਂਗ ਸਹਿਕਦੀ ਹੀ ਰਹੇਗੀ। ਆਮੀਨ!