ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਾਫ਼ਲਾ ਰੋਕਣ ਵਾਲੇ ਅਧਿਆਪਕਾਂ ਖਿ਼ਲਾਫ਼ ਕੇਸ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਾਫ਼ਲਾ ਰੋਕਣ ਵਾਲੇ ਅਧਿਆਪਕਾਂ ਖਿ਼ਲਾਫ਼ ਕੇਸ

ਚੰਡੀਗੜ੍ਹ, 5 ਜੁਲਾਈ (ਪੰਜਾਬੀ ਰਾਈਟਰ)- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਗੱਡੀਆਂ ਦਾ ਕਾਫ਼ਲਾ ਰੋਕਣ ਦੀ ਵਾਪਰੀ ਘਟਨਾ ਤੋਂ ਬਾਅਦ ਸੰਗਰੂਰ ਪੁਲੀਸ ਨੇ ਸਖਤ ਰੁਖ਼ ਅਪਣਾਉਂਦਿਆਂ ਮੌਕੇ ਤੋਂ ਹਿਰਾਸਤ ਵਿਚ ਲਏ ਕਰੀਬ ਅੱਠ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਅੱਜ ਬੇਰੁਜ਼ਗਾਰ 5994 ਈ.ਟੀ.ਟੀ. ਅਧਿਆਪਕ ਯੂਨੀਅਨ ਦਾ ਵਫ਼ਦ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਸਮੇਤ ਸਥਾਨਕ ਜ਼ਿਲ੍ਹਾ ਦਫ਼ਤਰ ਵਿੱਚ ਪੁਲੀਸ ਅਧਿਕਾਰੀਆਂ ਨੂੰ ਮਿਲਿਆ ਅਤੇ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਸ਼ੁੱਕਰਵਾਰ ਕਰੀਬ ਅੱਧੀ ਦਰਜਨ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਵੱਲੋਂ ਉਸ ਸਮੇਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਗੱਡੀਆਂ ਦਾ ਕਾਫ਼ਲਾ ਰੋਕਦਿਆਂ ਨਾਅਰੇਬਾਜ਼ੀ ਕੀਤੀ ਗਈ ਸੀ ਜਦੋਂ ਸਿੱਖਿਆ ਮੰਤਰੀ ਸਥਾਨਕ ਡਾਈਟ ਵਿੱਚ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਜਾ ਰਹੇ ਸਨ।
ਮੌਕੇ ’ਤੇ ਪੁਲੀਸ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਕਾਬੂ ਕਰ ਕੇ ਥਾਣਾ ਸਿਟੀ ਲੈ ਗਈ ਸੀ। ਰਾਤ ਕਰੀਬ ਅੱਠ ਵਜੇ ਤੱਕ ਸਾਥੀਆਂ ਦੀ ਰਿਹਾਈ ਲਈ ਬੇਰੁਜ਼ਗਾਰ ਅਧਿਆਪਕ ਸਾਥੀ ਜਥੇਬੰਦੀਆਂ ਸਮੇਤ ਰੋਸ ਧਰਨੇ ’ਤੇ ਡਟੇ ਰਹੇ ਪਰ ਰਿਹਾਈ ਨਾ ਹੋਈ। ਸੰਗਰੂਰ ਪੁਲੀਸ ਵੱਲੋਂ ਕਰੀਬ ਅੱਠ ਬੇਰੁਜ਼ਗਾਰ ਅਧਿਆਪਕਾਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਡੀ ਐੱਸ ਪੀ ਦਲਵੀਰ ਸਿੰਘ ਸਿੱਧੂ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਯੂਨੀਅਨ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਜੇਲ੍ਹ ਭੇਜੇ ਬੇਰੁਜ਼ਗਾਰ ਅਧਿਆਪਕਾਂ ’ਚ ਅਜੀਤ ਸਿੰਘ ਮਾਨਸਾ, ਕਰਨਵੀਰ ਸਿੰਘ ਗੁਰੂ ਹਰਿਸਹਾਏ, ਬਖਸੀਸ਼ ਸਿੰਘ ਫਤਹਿਗੜ੍ਹ ਸਾਹਿਬ, ਸੁਖਵੀਰ ਸਿੰਘ ਭਵਾਨੀਗੜ੍ਹ, ਫਿਰੋਜ਼ ਖਾਨ, ਮਨਦੀਪ ਸਿੰਘ ਝਾੜੋਂ ਆਦਿ ਸ਼ਾਮਲ ਹਨ।