ਪੰਜਾਬ ਦੇ ਸਰਪੰਚਾਂ ਨੂੰ ਹੁਣ ਹਰ ਮਹੀਨੇ ਮਿਲੇਗੀ 10 ਹਜ਼ਾਰ ਰੁਪਏ ਤਨਖ਼ਾਹ, ਇੱਕ-ਦੋ ਦਿਨਾਂ 'ਚ ਰਸਮੀ ਐਲਾਨ ਸੰਭਵ

ਪੰਜਾਬ ਦੇ ਸਰਪੰਚਾਂ ਨੂੰ ਹੁਣ ਹਰ ਮਹੀਨੇ ਮਿਲੇਗੀ 10 ਹਜ਼ਾਰ ਰੁਪਏ ਤਨਖ਼ਾਹ, ਇੱਕ-ਦੋ ਦਿਨਾਂ 'ਚ ਰਸਮੀ ਐਲਾਨ ਸੰਭਵ

ਚੰਡੀਗੜ੍ਹ (ਪੰਜਾਬੀ ਰਾਈਟਰ)- ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਤਨਖ਼ਾਹ ਸ਼ੁਰੂ ਕਰਨ ਬਾਰੇ ਵਿਉਂਤਬੰਦੀ ਕਰ ਲਈ ਹੈ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸੂਬਾ ਸਰਕਾਰ ਨੇ ਇਹ ਪੈਂਤੜਾ ਲਿਆ ਹੈ। ਅਹਿਮ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਇੱਕ ਦੋ ਦਿਨਾਂ ’ਚ ਸਰਪੰਚਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਤਨਖ਼ਾਹ ਦੇਣ ਬਾਰੇ ਐਲਾਨ ਕਰ ਸਕਦੇ ਹਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਅਗਲੀ 15 ਅਗਸਤ ਤੋਂ ਸਰਪੰਚਾਂ ਨੂੰ ਪਹਿਲੀ ਤਨਖ਼ਾਹ ਦੇਣ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਹੈ। ਅਗਰ ਇਹ ਯੋਜਨਾ ਅਮਲ ’ਚ ਆਉਂਦੀ ਹੈ ਤਾਂ ਅਗਸਤ ਮਹੀਨੇ ਤੋਂ ਪੰਜਾਬ ਦੇ 13,236 ਸਰਪੰਚਾਂ ਨੂੰ ਤਨਖ਼ਾਹ ਮਿਲਣੀ ਸ਼ੁਰੂ ਹੋ ਸਕਦੀ ਹੈ। ਸੂਬਾ ਸਰਕਾਰ ਨੂੰ ਇਸ ਤਨਖ਼ਾਹ ਲਈ ਸਲਾਨਾ 158.83 ਕਰੋੜ ਦਾ ਪ੍ਰਬੰਧ ਕਰਨਾ ਪਵੇਗਾ।
2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਕੀਤਾ ਸੀ ਆਗਾਜ਼
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ 12 ਅਕਤੂਬਰ 2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਆਗਾਜ਼ ਕੀਤਾ ਸੀ ਅਤੇ 2 ਨਵੰਬਰ 2011 ਨੂੰ ਇਹ ਮਾਣ ਭੱਤਾ ਵਧਾ ਕੇ 1200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਸੀ। ਮੁੱਖ ਮੰਤਰੀ ਮਾਨ ਨੇ ਪੰਚਾਇਤ ਦਿਵਸ ਦੇ 24 ਅਪਰੈਲ 2025 ਦੇ ਸਮਾਗਮਾਂ ’ਚ ਸਰਪੰਚਾਂ ਦਾ ਮਾਣ ਭੱਤਾ 1200 ਤੋਂ ਵਧਾ ਕੇ ਦੋ ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਸੀ। ਮੌਜੂਦਾ ਸਰਕਾਰ ਦੇ ਸਮੇਂ ’ਚ 15 ਅਕਤੂਬਰ 2024 ਨੂੰ ਪੰਚਾਇਤਾਂ ਦੀ ਚੋਣ ਹੋਈ ਸੀ ਅਤੇ ਬਹੁਗਿਣਤੀ ਪਿੰਡਾਂ ’ਚ ਆਮ ਆਦਮੀ ਪਾਰਟੀ ਦੇ ਸਰਪੰਚ ਚੁਣੇ ਗਏ ਸਨ। ਇਸ ਤੋਂ ਪਹਿਲਾਂ ਪਿੰਡਾਂ ’ਚ ‘ਆਪ’ ਦੇ ਸਰਪੰਚ ਟਾਵੇਂ ਹੀ ਸਨ। ਇਸ ਤੋਂ ਪਹਿਲਾਂ ਆਮਦਨੀ ਵਾਲੀਆਂ ਪੰਚਾਇਤਾਂ ਵੱਲੋਂ ਆਪਣੇ ਖ਼ਜ਼ਾਨੇ ਚੋਂ ਸਰਪੰਚਾਂ ਨੂੰ ਮਾਣ ਭੱਤਾ ਦਿੱਤਾ ਜਾ ਰਿਹਾ ਹੈ।
ਦੋ ਦਿਨ ਪਹਿਲਾਂ ਸੂਬੇ ’ਚ ‘ਸਰਪੰਚ ਮਿਲਣੀ’ ਦੌਰਾਨ ਸ਼ੁਰੂ ਕੀਤੇ ਪ੍ਰੋਗਰਾਮ
ਸੂਬੇ ’ਚ 8008 ਪੰਚਾਇਤਾਂ ਅਜਿਹੀਆਂ ਹਨ ਜਿਨ੍ਹਾਂ ਕੋਲ ਆਮਦਨ ਦੇ ਵਸੀਲੇ ਨਹੀਂ ਹਨ। ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਨਵੇਂ ਐਲਾਨ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਸੂਬੇ ’ਚ ‘ਸਰਪੰਚ ਮਿਲਣੀ’ ਦੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਜਿਨ੍ਹਾਂ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਗਈ ਹੈ। ਇਨ੍ਹਾਂ ਪ੍ਰੋਗਰਾਮਾਂ ’ਚ ਸਰਪੰਚਾਂ ਨੂੰ ਗਰਾਂਟਾਂ ਦਾ ਪੈਸਾ ਬਿਨਾਂ ਕਿਸੇ ਪੱਖਪਾਤ ਤੋਂ ਇਮਾਨਦਾਰੀ ਨਾਲ ਲਾਉਣ ਦੀ ਨਸੀਹਤ ਦਿੱਤੀ ਜਾ ਰਹੀ ਹੈ।