ਪੰਜਾਬ ਦੀਆਂ ਨਜ਼ਰਾਂ ਦਿੱਲੀ ਚੋਣ ਨਤੀਜਿਆਂ ’ਤੇ ਟਿਕੀਆਂ

ਪੰਜਾਬ ਦੀਆਂ ਨਜ਼ਰਾਂ ਦਿੱਲੀ ਚੋਣ ਨਤੀਜਿਆਂ ’ਤੇ ਟਿਕੀਆਂ

ਚੋਣ ਨਤੀਜਿਆਂ ਦਾ ਪੰਜਾਬ ’ਤੇ ਪਵੇਗਾ ਸਿੱਧਾ ਅਸਰ; ਸਿਆਸੀ ਹਲਕਿਆਂ ’ਚ ਘੁਸਰ-ਮੁਸਰ

ਚੰਡੀਗੜ੍ਹ,(ਪੰਜਾਬੀ ਰਾਈਟਰ)- ਦਿੱਲੀ ਵਿਧਾਨ ਸਭਾ ਚੋਣਾਂ ਦੇ ਭਲਕੇ ਆਉਣ ਵਾਲੇ ਚੋਣ ਨਤੀਜਿਆਂ ’ਤੇ ਸਮੁੱਚੇ ਪੰਜਾਬ ਦੀ ਨਜ਼ਰ ਲੱਗੀ ਹੋਈ ਹੈ। ਐਤਕੀਂ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਫਸਵਾਂ ਮੁਕਾਬਲਾ ਹੈ। ਬੇਸ਼ਕ ਐਗਜ਼ਿਟ ਪੋਲ ਨੇ ਵੀ ਭਾਜਪਾ ਦੀ ਹਕੂਮਤ ਵੱਲ ਇਸ਼ਾਰਾ ਕੀਤਾ ਹੈ ਪ੍ਰੰਤੂ ਦਿੱਲੀ ਦੇ ਲੋਕਾਂ ਦੇ ਅਸਲ ਰੌਂਅ ਦਾ ਭਲਕੇ ਪਤਾ ਲੱਗੇਗਾ। ਪੰਜਾਬ ਵਿਚ ਅੱਜ ਤੋਂ ਹੀ ਸਿਆਸੀ ਕਿਆਫ਼ੇ ਲੱਗਣੇ ਸ਼ੁਰੂ ਹੋ ਗਏ ਹਨ। ਦਿੱਲੀ ਚੋਣਾਂ ਦੇ ਨਤੀਜਿਆਂ ਨਾਲ ਪੰਜਾਬ ਦਾ ਭਵਿੱਖ ਵੀ ਜੁੜਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਮੁੱਚੀ ਟੀਮ ਨੂੰ ਦਿੱਲੀ ਚੋਣਾਂ ਵਿਚ ਝੋਕਿਆ ਹੋਇਆ ਸੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਟੀਮ ਨੂੰ ਸਪਸ਼ਟ ਇਸ਼ਾਰਾ ਕੀਤਾ ਸੀ ਕਿ ਜੇ ਦਿੱਲੀ ਚੋਣਾਂ ਵਿਚ ਕਾਮਯਾਬੀ ਮਿਲਦੀ ਹੈ ਤਾਂ ਹੀ ਪੰਜਾਬ ਮਿਸ਼ਨ 2027 ਸਫਲ ਹੋਵੇਗਾ। ਬਹੁਤੇ ਵਜ਼ੀਰ ਤਾਂ ਆਪਣੀ ਕੁਰਸੀ ਦੀ ਸਲਾਮਤੀ ਲਈ ਦਿੱਲੀ ਚੋਣਾਂ ਵਿਚ ਡਟੇ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸਮੁੱਚੇ ਪਰਿਵਾਰ ਸਮੇਤ ਦਿੱਲੀ ਚੋਣਾਂ ਵਿਚ ਆਪਣੀ ਪੂਰੀ ਵਾਹ ਲਾ ਦਿੱਤੀ। ਪੰਜਾਬ ਦੀ ਅਫ਼ਸਰਸ਼ਾਹੀ ਵੀ ਦਿੱਲੀ ਚੋਣ ਨਤੀਜਿਆਂ ਵੱਲ ਵੇਖ ਰਹੀ ਹੈ। ਪੰਜਾਬ ਦੇ ਪ੍ਰਸ਼ਾਸਕੀ ਤੇ ਸਿਆਸੀ ਕੰਮ-ਕਾਰ ਵੀ ਹਾਲੇ ਰੁਕੇ ਹੋਏ ਹਨ। ਸਿਆਸੀ ਮਾਹਿਰ ਆਖਦੇ ਹਨ ਕਿ ਦਿੱਲੀ ਚੋਣਾਂ ਵਿਚ ਜਿੱਤ ਅਤੇ ਹਾਰ ਦਾ ਅਸਰ ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਵੱਖ-ਵੱਖ ਪੱਖਾਂ ਤੋਂ ਪੈਣਾ ਹੈ। ਜਿੰਨੀ ਉਤਸੁਕਤਾ ਦਿੱਲੀ ਵਾਲਿਆਂ ਨੂੰ ਚੋਣਾਂ ਦੇ ਨਤੀਜੇ ਨੂੰ ਲੈ ਕੇ ਹੈ, ਓਨੀ ਦਿਲਚਸਪੀ ਪੰਜਾਬ ਵਾਲਿਆਂ ਨੂੰ ਹੈ ਕਿਉਂਕਿ ਦਿੱਲੀ ਚੋਣ ਦੇ ਨਤੀਜੇ ਸਿੱਧੇ ਪੰਜਾਬ ਨੂੰ ਪ੍ਰਭਾਵਿਤ ਕਰਨਗੇ।

ਅੱਜ ਸਿਆਸੀ ਹਲਕਿਆਂ ’ਚ ਘੁਸਰ-ਮੁਸਰ ਚੱਲਦੀ ਰਹੀ ਅਤੇ ਫ਼ੋਨ ਖੜਕਦੇ ਰਹੇ। ‘ਆਪ’ ਦੀ ਹਾਈਕਮਾਨ ਹਾਲ ਦੀ ਘੜੀ ਦਿੱਲੀ ਚੋਣ ਨਤੀਜਿਆਂ ’ਤੇ ਹੀ ਧਿਆਨ ਕੇਂਦਰਿਤ ਕਰ ਰਹੀ ਹੈ। ਚੋਣ ਨਤੀਜਿਆਂ ਦੇ ਆਉਣ ਮਗਰੋਂ ਹੀ ‘ਆਪ’ ਪੰਜਾਬ ’ਤੇ ਫੋਕਸ ਕਰ ਸਕਦੀ ਹੈ। ਦਿੱਲੀ ਚੋਣਾਂ ਵਿਚ ਪੰਜਾਬ ਦੇ ਵਿਧਾਇਕਾਂ ਅਤੇ ਵਜ਼ੀਰਾਂ ਤੋਂ ਇਲਾਵਾ ਹੋਰਨਾਂ ਅਹੁਦੇਦਾਰਾਂ ਨੇ ਵੀ ਪੂਰਾ ਤਾਣ ਲਾਇਆ ਹੈ ਜਿਨ੍ਹਾਂ ਹਲਕਿਆਂ ਵਿਚੋਂ ‘ਆਪ’ ਨੂੰ ਅਸਫਲਤਾ ਮਿਲੇਗੀ, ਉਨ੍ਹਾਂ ਹਲਕਿਆਂ ’ਚ ਤਾਇਨਾਤ ਪੰਜਾਬ ਦੇ ਵਿਧਾਇਕ ਤੇ ਵਜ਼ੀਰਾਂ ਦਾ ਵੀ ਸਿਆਸੀ ਮੁਲਾਂਕਣ ਹੋਵੇਗਾ।