ਭਗਵਾ ਪਾਰਟੀ ਦੀ ਤਾਨਾਸ਼ਾਹੀ ਘਟੇਗੀ: ਭਗਵੰਤ ਮਾਨ

ਭਗਵਾ ਪਾਰਟੀ ਦੀ ਤਾਨਾਸ਼ਾਹੀ ਘਟੇਗੀ: ਭਗਵੰਤ ਮਾਨ

ਚੋਣਾਂ ’ਚ ‘ਆਪ’ ਦੀ ਕਾਰਗੁਜ਼ਾਰੀ ਬਿਹਤਰ ਕਰਾਰ; ਜਲੰਧਰ (ਪੱਛਮੀ) ਜ਼ਿਮਨੀ ਚੋਣ ਲਈ ਪਾਰਟੀ ਨੂੰ ਪੂਰੀ ਤਰ੍ਹਾਂ ਤਿਆਰ ਦੱਸਿਆ
ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਦਾ ਸਨਮਾਨ ਕਰਦੀ ਹੋਈ ਸੰਗਤ।
* ਰਵਨੀਤ ਬਿੱਟੂ ਪੰਜਾਬ ਦੇ ਬਕਾਇਆ ਫੰਡ ਕੇਂਦਰ ਸਰਕਾਰ ਕੋਲੋਂ ਜਾਰੀ ਕਰਵਾਏ

ਐਸ.ਏ.ਐਸ. ਨਗਰ (ਮੁਹਾਲੀ), - ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ 400 ਪਾਰ ਦਾ ਦਾਅਵਾ ਕਰਨ ਦੇ ਬਾਵਜੂਦ 250 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਅਤੇ ਹੁਣ ਮੋਦੀ ਸਰਕਾਰ ਨੂੰ ਐੱਨਡੀਏ ਸਰਕਾਰ ਕਿਹਾ ਜਾ ਰਿਹਾ ਹੈ। ਭਾਜਪਾ ਬਹੁਮਤ ਤੋਂ ਬਹੁਤ ਦੂਰ ਹੈ ਅਤੇ ਲੋਕ ਸਭਾ ਦੇ ਮੌਜੂਦਾ ਸਮੇਂ ਵਿਰੋਧੀ ਧਿਰ ਵੀ ਬਰਾਬਰ ਦੀ ਮਜ਼ਬੂਤ ਹੈ। ਉਂਜ ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਪਿਛਲੀਆਂ ਮੋਦੀ ਸਰਕਾਰਾਂ ਨਾਲੋਂ ਵੱਧ ਜਮਹੂਰੀ ਸਾਬਤ ਹੋਵੇਗੀ। ਉਹ ਅੱਜ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ’ਚ ਨਤਮਸਤਕ ਹੋਣ ਆਏ ਸੀ। ਉਨ੍ਹਾਂ ਸੰਗਤ ਵਿੱਚ ਬੈਠ ਕੇ ਕੀਰਤਨ ਵੀ ਸੁਣਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ। ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਭਗਵਾ ਪਾਰਟੀ ਦੀ ਤਾਨਾਸ਼ਾਹੀ ਇਸ ਵਾਰ ਨਜ਼ਰ ਨਹੀਂ ਆਵੇਗੀ ਕਿਉਂਕਿ ਉਹ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਕਰ ਕੇ ਹੀ ਭਾਜਪਾ ਸਰਕਾਰ ਬਣਾ ਸਕੀ ਹੈ। ਉਨ੍ਹਾਂ ਕਿਹਾ ਕਿ ਨਵੀਂ ਕੈਬਨਿਟ ਵਿੱਚ ਚੋਣਾਂ ਹਾਰਨ ਵਾਲੇ ਕਈ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ। ਪੰਜਾਬ ਦੇ ਨਵੇਂ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੇ ਮਸਲਿਆਂ ਤੇ ਖ਼ਾਸ ਕਰਕੇ ਕੇਂਦਰ ਸਰਕਾਰ ਕੋਲ ਫੰਡ ਰੋਕਣ ਦੇ ਮੁੱਦੇ ਉਠਾਉਣ ਤਾਂ ਜੋ ਪੰਜਾਬ ਦੇ ਵਿਕਾਸ ਨੂੰ ਹੁਲਾਰਾ ਮਿਲ ਸਕੇ। ਅਮਿਤ ਸ਼ਾਹ ਵੱਲੋਂ 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਡਿੱਗਣ ਬਾਰੇ ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਸ਼ਾਹ ਨੂੰ ਪੰਜਾਬ ਦੀ ਚਿੰਤਾ ਕਰਨ ਦੀ ਥਾਂ ਨਵੀਂ ਸਰਕਾਰ ਵਿੱਚ ਆਪਣੇ ਵਿਭਾਗ ਵੱਲ ਧਿਆਨ ਦੇਣਾ ਚਾਹੀਦਾ ਹੈ।