
-ਅਰਜਨ ਰਿਆੜ (ਮੁੱਖ ਸੰਪਾਦਕ)
ਪੰਜਾਬ, ਪੰਜਾਬੀ, ਪੰਜਾਬੀਅਤ ਨਾਲ ਜੁੜਿਆ ਸ਼ਾਇਦ ਹੀ ਕਿਸੇ ਵੀ ਧਰਮ ਦਾ ਕੋਈ ਹੀ ਇਨਸਾਨ ਹੋਵੇ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਤਿਕਾਰ ਨਾ ਦਿੰਦਾ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਪਾਤਸ਼ਾਹ ਹੋਏ ਹਨ ਅੱਜ ਤੱਕ ਉਹਨਾਂ ਵਲੋਂ ਕੀਤੇ ਹੁਕਮ, ਦਿੱਤੀਆਂ ਸਿੱਖਿਆਵਾਂ ਸਾਰਥਕ ਹਨ ਅਤੇ ਹਰ ਕੋਈ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਵਿਅਕਤੀ ਉਨ੍ਹਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਵਿਚੋਂ ਇਕ ਸਿੱਖਿਆ ਗ੍ਰਹਿਸਥ ਜੀਵਨ ਦੀ ਵੀ ਹੈ। ਉਹਨਾਂ ਨੇ ਭਭੂਤੀ ਮਲ ਕੇ, ਜੰਗਲਾਂ ਵਿਚ ਭੱੁਖੇ ਪਿਆਸੇ ਰਹਿ ਕੇ ਅਤੇ ਖੂਹਾਂ ਵਿਚ ਪੁੱਠੇ ਲਟਕ ਕੇ ਭਗਤੀ ਕਰਨ ਵਰਗੇ ਪਾਖੰਡਾਂ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਰੱਬ ਨੂੰ ਪਾਉਣ ਲਈ ਤੁਹਾਨੂੰ ਕੋਈ ਵੀ ਕਰਮਕਾਂਡ ਕਰਨ ਦੀ ਲੋੜ ਨਹੀਂ ਹੈ ਤੁਸੀਂ ਗ੍ਰਹਿਸਥ ਜੀਵਨ ਵਿਚ ਰਹਿ ਕੇ ਹੀ ਰੱਬ ਨੂੰ ਪਾ ਸਕਦੇ ਹੋ। ਉਹਨਾਂ ਦਾ ਇਸ਼ਾਰਾ ਸੀ ਕਿ ਇਨਸਾਨ ਨੂੰ ਦੂਜਿਆਂ ਦਾ ਦੁਖ ਦਰਦ ਸਮਝਣਾ ਚਾਹੀਦਾ ਹੈ, ਇਨਸਾਨ ਵਿਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ ਜਿਹੜੇ ਇਨਸਾਨ ਵਿਚ ਇਹ ਕੁਝ ਨਹੀਂ ਹੈ ਉਹ ਆਪਣੇ ਆਪ ਨੂੰ ਜਾਨਵਰ ਹੀ ਸਮਝ ਲਵੇ ਕਿਉਂਕਿ ਉਸ ਵਿਚ ਇਨਸਾਨ ਵਾਲੇ ਨਹੀਂ ਜਾਨਵਰ ਵਾਲੇ ਗੁਣ ਹੁੰਦੇ ਹਨ। ਉਹਨਾਂ ਬੜੇ ਵਿਸਥਾਰ ਵਿਚ ਸਮਝਾਇਆ ਸੀ ਕਿ ਜੇਕਰ ਇਨਸਾਨ ਗ੍ਰਹਿਸਥ ਵਿਚ ਰਹਿੰਦਾ ਹੈ ਤਾਂ ਉਹ ਆਪਣੇ ਪਰਿਵਾਰਕ ਜੀਆਂ ਲਈ ਤਿਆਗ ਦੀ ਭਾਵਨਾ ਪੈਦਾ ਕਰਦਾ ਹੈ ਜੋ ਹੌਲੀ ਹੌਲੀ ਉਸ ਦੇ ਅੰਦਰ ਘਰ ਕਰ ਜਾਂਦੀ ਹੈ ਅਤੇ ਉਹ ਸਮਾਜ ਵਿਚ ਵਿਚਰਦਾ ਵੀ ਇਹੋ ਸਿਧਾਂਤ ਆਪਣੇ ਆਪ ਉੱਤੇ ਲਾਗੂ ਕਰਦਾ ਹੈ।
ਬੀਤੇ ਦਿਨ ਤੋਂ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਦੀ ਇਕ ਵੀਡੀਓ ਬਹੁਤ ਹੀ ਚਰਚਾ ਵਿਚ ਹੈ। ਉਸ ਨੇ ਆਪਣੀ ਵੀਡੀਓ ਵਿਚ ਬਹੁਤ ਹੀ ਨਪੇ ਤੁਲੇ ਸ਼ਬਦਾਂ ਵਿਚ ਆਪਣੇ ਪਿਤਾ ਭਗਵੰਤ ਮਾਨ ਉੱਤੇ ਬਹੁਤ ਹੀ ਗੰਭੀਰ ਦੋਸ਼ ਲਗਾਏ। ਉਸਦਾ ਇੱਥੋਂ ਤੱਕ ਕਹਿ ਦੇਣਾ ਕਿ ਹੁਣ ਮੈਂ ਉਸ ਨੂੰ ਆਪਣਾ ਪਿਤਾ ਨਹੀਂ ਮੁੱਖ ਮੰਤਰੀ ਕਹਿ ਕੇ ਹੀ ਸੰਬੋਧਨ ਕਰਾਂਗੀ ਬਹੁਤ ਹੀ ਸਖਤ ਸ਼ਬਦ ਮੰਨੇ ਜਾ ਸਕਦੇ ਹਨ। ਭਾਵੇਂ ਉਸਦੀ ਮਾਂ ਅਤੇ ਪਿਤਾ ਭਗਵੰਤ ਮਾਨ ਇਕੱਠੇ ਨਹੀਂ ਰਹਿ ਰਹੇ ਪਰ ਉਹਨਾਂ ਦੋਵਾਂ ਭੈਣ ਭਰਾਵਾਂ ਦੀਆਂ ਰਗਾਂ ਵਿਚ ਖੂਨ ਤਾਂ ਭਗਵੰਤ ਮਾਨ ਦਾ ਹੀ ਦੌੜ ਰਿਹਾ ਹੈ ਜੋ ਕਦੇ ਵੀ ਵੱਖ ਨਹੀਂ ਕੀਤਾ ਜਾ ਸਕੇਗਾ। ਵੀਡੀਓ ਵੀਡੀਓ ਵਿਚ ਉਸਦੀ ਬੇਟੀ ਸੀਰਤ ਕੌਰ ਮਾਨ ਦੱਸਦੀ ਹੈ ਹੈ ਕਿ ਉਸਦੀ ਉਮਰ 23 ਸਾਲ ਹੈ ਅਤੇ ਉਸਦੇ ਭਰਾ ਦੀ ਉਮਰ 19 ਸਾਲ ਹੈ ਅਤੇ ਉਸਦਾ ਬਾਪ ਭਗਵੰਤ ਮਾਨ ਦੁਬਾਰਾ ਤੀਜੇ ਬੱਚੇ ਦਾ ਬਾਪ ਬਣਨ ਜਾ ਰਿਹਾ ਹੈ ਤੇ ਇਹ ਗੱਲ ਉਸਨੂੰ ਲੋਕਾਂ ਤੋਂ ਪਤਾ ਲੱਗੀ ਹੈ। ਵਿਦੇਸ਼ੀ ਸੱਭਿਆਚਾਰ ਵਿਚ ਵਿਚਰ ਰਹੀ ਸੀਰਤ ਕੌਰ ਇਹ ਨਹੀਂ ਜਾਣਦੀ ਕਿ ਪੰਜਾਬੀ ਸੱਭਿਆਚਾਰ ਵਿਚ ਇਹੋ ਜਿਹੀਆਂ ਗੱਲਾਂ ਬੱਚਿਆਂ ਨੂੰ ਦੱਸੀਆਂ ਹੀ ਨਹੀਂ ਜਾਂਦੀਆਂ ਪਰ ਇਸ ਵਿਚ ਸੀਰਤ ਦਾ ਕੋਈ ਕਸੂਰ ਹੀ ਨਹੀਂ ਕਿਉਂਕਿ ਉਸਨੂੰ ਜਿਹੜਾ ਮਹੌਲ ਮਿਲਿਆ ਹੈ ਉਹ ਉਸ ਅਨੁਸਾਰ ਹੀ ਪ੍ਰਤੀਕਿਰਿਆ ਦੇਵੇਗੀ। ਖੈਰ! ਉਸ ਦੀ ਉਮਰ ਭਾਵੇਂ ਅਜੇ ਨਿਆਣੀ ਹੀ ਹੈ ਪਰ ਉਹਨੇ ਗੱਲਾਂ ਬਹੁਤ ਹੀ ਸਿਆਣੀਆਂ ਕਰ ਕੇ ਦਿਖਾਈਆਂ। ਉਸ ਵਲੋਂ ਦੋਸ਼ ਲਗਾਇਆ ਗਿਆ ਕਿ ਉਸ ਦਾ ਭਰਾ ਕੁਝ ਸਮਾਂ ਪਹਿਲਾਂ ਭਗਵੰਤ ਮਾਨ ਨੂੰ ਮਿਲਣ ਲਈ ਚੰਡੀਗੜ੍ਹ ਗਿਆ ਪਰ ਉਸਨੂੰ ਭਗਵੰਤ ਮਾਨ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਹਨਾਂ ਨੂੰ ਬਹੁਤ ਧੱਕਾ ਲੱਗਾ। ਉਹ ਤੋੜ ਵਿਛੋੜਾ ਕਰਦੀ ਕਹਿੰਦੀ ਹੈ ਕਿ ਅੱਜ ਤੋਂ ਬਾਅਦ ਸਾਡਾ ਭਗਵੰਤ ਮਾਨ ਨਾਲ ਕੋਈ ਵੀ ਸਬੰਧ ਨਹੀਂ ਰਿਹਾ ਪਰ ਉਹ ਇਹ ਆਸ ਜ਼ਰੂਰ ਕਰਦੀ ਹੈ ਕਿ ਜੇਕਰ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਪੰਜਾਬ ਲਈ ਆਪਣਾ ਪਰਿਵਾਰ ਛੱਡ ਰਿਹਾ ਹੈ ਇਸ ਲਈ ਉਸਨੂੰ ਦੁਬਾਰਾ ਪਰਿਵਾਰ ਨਹੀਂ ਵਸਾਉਣਾ ਚਾਹੀਦਾ ਸੀ, ਜੇ ਵਸਾ ਹੀ ਲਿਆ ਹੈ ਤਾਂ ਹੁਣ ਜਿਵੇਂ ਉਸਨੇ ਸਾਡੇ ਨਾਲ ਕੀਤੀ ਹੈ ਇਵੇਂ ਨਵੇਂ ਪਰਿਵਾਰ ਤੇ ਆਉਣ ਵਾਲੇ ਬੱਚੇ ਨਾਲ ਨਾ ਕਰੇ, ਉਹ ਉਸ ਲਈ ਸਾਡੇ ਤੋਂ ਵਧੀਆ ਬਾਪ ਬਣ ਕੇ ਦਿਖਾਵੇ ਅਤੇ ਪੰਜਾਬੀਆਂ ਦੀ ਬਾਂਹ ਫੜੇ।
ਸਿਆਸੀ ਮੱਸ ਰੱਖਣ ਵਾਲਿਆਂ ਲਈ ਇਹ ਵੀਡੀਓ ਇਕ ਮਜ਼ਾਕ ਦਾ ਪਾਤਰ ਹੋ ਸਕਦੀ ਹੈ ਪਰ ਨਰਮ ਦਿਲ ਵਾਲਿਆਂ ਲਈ ਇਹ ਇਕ ਬਹੁਤ ਗੰਭੀਰ ਅਤੇ ਕਿਸੇ ਜ਼ਖਮ ਨੂੰ ਕੁਰੇਦਣ ਵਰਗੀ ਵੀਡੀਓ ਸਾਬਤ ਹੋਈ ਹੈ। ਸਿਆਣਿਆਂ ਦੀ ਇਕ ਕਹਾਵਤ ਹੈ ‘ਜਿਹਦੀ ਘਰ ਸਰਦਾਰੀ, ਉਹਦੀ ਬਾਹਰ ਸਰਦਾਰੀ’। ਅਸੀਂ ਪਿੰਡਾਂ ਵਿਚ ਵੀ ਵੇਖਦੇ ਹਾਂ ਕਿ ਉਸ ਹੀ ਪੰਚ ਸਰਪੰਚ ਜਾਂ ਮੋਹਤਬਰ ਦੀ ਸੁਣੀ ਜਾਂਦੀ ਹੈ ਜੋ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੈ ਅਤੇ ਉਸਦਾ ਪਰਿਵਾਰ ਉਸਦੇ ਕਹਿਣੇ ਵਿਚ ਹੈ। ਜਿਹਦੇ ਆਪਣੇ ਘਰ ਵਿਚ ਕਲੇਸ਼ ਹੋਵੇ ਉਹ ਦੂਜੇ ਦਾ ਘਰ ਦਾ ਕਲੇਸ਼ ਮੁਕਾ ਨਹੀਂ ਸਕਦਾ ਅਤੇ ਨਾ ਹੀ ਕੋਈ ਉਸਨੂੰ ਪਰਿਆ ਪੰਚਾਇਤ ਵਿਚ ਬੈਠਣ ਦਿੰਦਾ ਹੈ।
ਤਲਾਕ ਹੁੰਦੇ ਆਏ ਹਨ ਅਤੇ ਹੁੰਦੇ ਰਹਿਣਗੇ। ਤੋੜ ਵਿਛੋੜੇ ਤੋਂ ਬਾਅਦ ਐਨੀ ਜ਼ਹਿਰ ਤੇ ਉਹ ਵੀ ਅਗਲੀ ਪੀੜ੍ਹੀ ਵਿਚ, ਬਹੁਤ ਹੀ ਖ਼ਤਰਨਾਕ ਪ੍ਰਗਟਾਵਾ ਹੈ। ਮੁੱਖ ਮੰਤਰੀ ਭਗਵੰਤ ਮਾਨ ਇਕ ਕਮੇਡੀ ਕਲਾਕਾਰ ਰਹੇ ਹਨ। ਉਹਨਾਂ ਸਮੱੁਚੀ ਦੁਨੀਆਂ ਨੂੰ ਹਸਾਇਆ ਹੈ ਪਰ ਅੱਜ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਦਾ ਆਪਣਾ ਪਰਿਵਾਰ ਰੋਣ ਲਈ ਮਜਬੂਰ ਹੈ। ਇਕ ਕਲਾਕਾਰ ਤੱਕ ਇਹ ਸਭ ਕੁਝ ਹੋ ਜਾਂਦਾ ਤਾਂ ਕੋਈ ਵੱਡੀ ਗੱਲ ਨਹੀਂ ਸੀ ਕਿਉਂਕਿ ਕਲਾਕਾਰ ਦੀ ਜ਼ਿੰਮੇਵਾਰੀ ਲੋਕਾਂ ਨੂੰ ਹਸਾਉਣ ਅਤੇ ਉਹਨਾਂ ਦਾ ਮਨੋਰੰਜਨ ਕਰਨ ਤੱਕ ਸੀਮਤ ਹੁੰਦੀ ਹੈ ਪਰ ਇਕ ਸਿਆਸਤਦਾਨ ਲਈ ਇਹ ਬਹੁਤ ਹੀ ਗੰਭੀਰਤਾ ਵਾਲਾ ਮੱੁਦਾ ਬਣ ਜਾਂਦੀ ਹੈ। ਸਿਆਸਤਦਾਨ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਅਤੇ ਲੋਕਾਂ ਦੇ ਦੁੱਖ ਦਰਦ ਦੂਰ ਕਰਨੇ ਹੁੰਦੇ ਹਨ। ਜੇਕਰ ਇਕ 23 ਸਾਲ ਦੀ ਬੇਟੀ ਇਕ ਮੁੱਖ ਮੰਤਰੀ ਬਾਪ ਦੇ ਖਿਲਾਫ ਐਨਾ ਜ਼ੋਰ ਸ਼ੋਰ ਨਾਲ ਬੋਲ ਸਕਦੀ ਹੈ ਤਾਂ ਕਿਤੇ ਨਾ ਕਿਤੇ ਤਾਂ ਇਹ ਗੱਲ ਸਮਝ ਪੈਂਦੀ ਹੀ ਹੈ ਕਿ ਬੱਚਿਆਂ ਦੇ ਬਚਪਨ ਵਿਚ ਭਗਵੰਤ ਮਾਨ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾਂ ਉਹਨਾਂ ਨੂੰ ਉਹ ਤੇਹ ਮੋਹ ਨਹੀਂ ਦਿੱਤਾ, ਉਹਨਾਂ ਨੂੰ ਆਪਣੇ ਰੰਗ ਵਿਚ ਨਹੀਂ ਰੰਗਿਆ ਜਿਸ ਦੇ ਉਹ ਹੱਕਦਾਰ ਸਨ। ਸਾਡਾ ਕੋਈ ਹੱਕ ਨਹੀਂ ਕਿ ਅਸੀਂ ਕਿਸੇ ਦੇ ਪਰਿਵਾਰਕ ਗੱਲ ਵਿਚ ਦਖਲ ਦਈਏ ਪਰ ਜਦੋਂ ਪਰਿਵਾਰਕ ਗੱਲ ਘਰੋਂ ਬਾਹਰ ਆ ਜਾਵੇ ਤਾਂ ਉਹ ਸੱਥਾਂ ਦੀ ਚਰਚਾ ਬਣ ਜਾਂਦੀ ਹੈ। ਵੀਡੀਓ ਜਾਰੀ ਹੁੰਦੇ ਹੀ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਵਲੋਂ ਭਗਵੰਤ ਮਾਨ ਨੂੰ ਨਿਸ਼ਾਨੇ ਉੱਤੇ ਲੈ ਲਿਆ ਗਿਆ ਜਿਸ ਤੋਂ ਲੱਗਣ ਲੱਗਾ ਹੈ ਕਿ ਇਹ ਮੁੱਦਾ ਹੁਣ ਸਿਆਸਤ ਵਿਚ ਦਾਖਲ ਹੋ ਜਾਵੇਗਾ। ‘ਡਿੱਗੀ ਖੋਤੀ ਤੋਂ ਗੱੁਸਾ ਘੁਮਿਆਰ ’ਤੇ’ ਦੀ ਕਹਾਵਤ ਵਾਂਗ ਭਗਵੰਤ ਮਾਨ ਵਲੋਂ ਵੀ ਅਗਲੇ ਹੀ ਦਿਨ ਪੁਲਿਸ ਦਾ ਬੁਲਾਵਾ ਉਸਨੂੰ ਭਿਜਵਾ ਦਿੱਤਾ।
ਇਹ ਇਕ ਵੱਖਰਾ ਵਿਸ਼ਾ ਹੈ ਕਿ ਹੁਣ ਕੀ ਹੋਵੇਗਾ ਪਰ ਇਹ ਜ਼ਰੂਰ ਗੱਲ ਕਰਨੀ ਬਣਦੀ ਹੈ ਕਿ ਜਦੋਂ ਹੁਣ ਭਗਵੰਤ ਮਾਨ ਦੀ ਬੇਟੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਉਸਦੇ ਸਮੱਰਥਕਾਂ ਨੂੰ ਲੋਕਾਂ ਨੂੰ ਜਵਾਬ ਦੇਣੇ ਮੁਸ਼ਕਿਲ ਹੋ ਰਹੇ ਹਨ। ਪੰਜਾਬੀ ਲੋਕ ਆਪਣੇ ਹਿਸਾਬ ਨਾਲ ਸੋਚਦੇ ਹਨ ਜਿਵੇਂ ਅਸੀਂ ਉੱਪਰ ਗੱਲ ਕਰ ਚੱੁਕੇ ਹਾਂ ਕਿ ਜਿਸ ਦੇ ਆਪਣੇ ਘਰ ਪਰਿਵਾਰਕ ਸੁੱਖ ਸ਼ਾਂਤੀ ਉਹ ਦੂਜਿਆਂ ਨੂੰ ਕੋਈ ਸਲਾਹ ਨਹੀਂ ਦੇ ਸਕਦਾ। ਇਸ ਲਈ ਭਗਵੰਤ ਮਾਨ ਦੇ ਸਿਆਸੀ ਕਰੈਕਟਰ ਉੱਤੇ ਆਉਣ ਵਾਲੇ ਸਮੇਂ ’ਚ ਬਹੁਤ ਸਾਰੇ ਦੋਸ਼ ਲੱਗਣ ਜਾ ਰਹੇ ਹਨ ਅਤੇ ਸਮਾਜਿਕ ਤੌਰ ’ਤੇ ਵੀ ਉਸਨੂੰ ਨੁਕਸਾਨ ਜ਼ਰੂਰ ਹੋਵੇਗਾ। ਆਮੀਨ!