
ਦੋ ਦਰਜਨ ਸਵਾਰੀਆਂ ਜ਼ਖ਼ਮੀ; ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ
ਬਠਿੰਡਾ,(ਪੰਜਾਬੀ ਰਾਈਟਰ)- ਇੱਥੇ ਅੱਜ ਸਵੇਰ ਸੰਘਣੀ ਧੁੰਦ ਕਾਰਨ ਡੱਬਵਾਲੀ ਰੋਡ ’ਤੇ ਪਿੰਡ ਗੁਰੂਸਰ ਸੈਣੇ ਵਾਲਾ ਅਤੇ ਗ਼ਹਿਰੀ ਬੁੱਟਰ ਵਿਚਾਲੇ ਨਿਊ ਦੀਪ ਕੰਪਨੀ ਦੀ ਬੱਸ ਤੇ ਤੇਲ ਟੈਂਕਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਸਵਾਰ 20 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਫੌਰੀ ਸਥਾਨਕ ਲੋਕਾਂ ਅਤੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਏਮਸ ਬਠਿੰਡਾ ਤੇ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ।
ਇਹ ਨਿੱਜੀ ਬੱਸ ਅੱਜ ਸਵੇਰੇ ਰਾਮਾ ਮੰਡੀ ਤੋਂ ਬਠਿੰਡਾ ਲਈ ਰਵਾਨਾ ਹੋਈ ਸੀ, ਜਿਸ ਵਿੱਚ 50 ਦੇ ਕਰੀਬ ਲੋਕ ਸਵਾਰ ਸਨ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਬੱਸ ਬਠਿੰਡਾ-ਡੱਬਵਾਲੀ ਰੋਡ ਦੀ ਸਾਈਡ ਰਿਫਾਈਨਰੀ ਰੋਡ ’ਤੇ ਜਾ ਰਹੀ ਸੀ। ਇਸੇ ਦੌਰਾਨ ਸੰਘਣੀ ਧੁੰਦ ਕਾਰਨ ਬੱਸ ਦੀ ਅੱਗੇ ਆਏ ਤੇਲ ਟੈਂਕਰ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਸਵਾਰ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ।
ਟਰੱਕ ਨਾਲ ਟਕਰਾਅ ਕੇ ਬੱਸ ਪਲਟੀ, ਸੱਤ ਜ਼ਖ਼ਮੀ
ਲੰਬੀ/ਮਲੋਟ- ਲੰਬੀ ਹਲਕੇ ਦੇ ਪਿੰਡ ਕਰਮਗੜ੍ਹ ਨੇੜੇ ਅਬੋਹਰ-ਮਲੋਟ ਰੋਡ ’ਤੇ ਸੰਘਣੀ ਧੁੰਦ ਕਾਰਨ ਓਰਬਿੱਟ ਕੰਪਨੀ ਦੀ ਬੱਸ ਮੂਹਰੇ ਜਾਂਦੇ ਗੰਨਿਆਂ ਦੇ ਭਰੇ ਟਰੱਕ ਨਾਲ ਟਕਰਾਅ ਕੇ ਖੇਤ ਵਿੱਚ ਪਲਟ ਗਈ। ਹਾਦਸੇ ਵਿੱਚ ਬੱਸ ਦੇ ਡਰਾਈਵਰ ਸਮੇਤ ਸੱਤ ਮੁਸਾਫਿਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਮਲੋਟ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਬੱਸ ਦੀ ਰਫ਼ਤਾਰ ਮੱਠੀ ਹੋਣ ਕਰਕੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਬੱਸ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਸੀ। ਜ਼ਖ਼ਮੀਆਂ ਦੀ ਪਛਾਣ ਡਰਾਈਵਰ ਛਿੰਦਾ ਸਿੰਘ, ਕੰਡਕਟਰ ਗੱਗੂ ਸਿੰਘ, ਸਵਾਰੀਆਂ ਰਾਜਿੰਦਰ ਧਮੀਜਾ ਵਾਸੀ ਗੰਗਾਨਗਰ, ਨਸੀਬ ਕੌਰ ਪਤਨੀ ਤੇਜ ਸਿੰਘ ਵਾਸੀ ਆਜ਼ਮਵਾਲਾ, ਸੁਖਜਿੰਦਰ ਸਿੰਘ ਵਾਸੀ ਚੱਕ ਸੈਦੋ ਕੇ, ਰੌਸ਼ਨੀ ਵਾਸੀ ਅਬੋਹਰ ਅਤੇ ਸੁਰਿੰਦਰ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।