
ਪਤੀ ਸਣੇ ਸਹੁਰਾ ਤੇ ਸੱਸ ਖ਼ਿਲਾਫ਼ ਕੇਸ ਦਰਜ
ਬਠਿੰਡਾ,(ਪੰਜਾਬੀ ਰਾਈਟਰ)- ਇੱਥੇ ਬਾਬਾ ਫ਼ਰੀਦ ਨਗਰ ਵਿੱਚ ਰਹਿਣ ਵਾਲੀ ਵਿਆਹੁਤਾ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰਿਆਂ ’ਤੇ ਦਾਜ ਲਈ ਲੜਕੀ ਨੂੰ ਮਾਰਨ ਦਾ ਦੋਸ਼ ਲਗਾਇਆ ਹੈ। ਥਾਣਾ ਕੈਂਟ ਦੀ ਪੁਲੀਸ ਨੇ ਮ੍ਰਿਤਕਾ ਦੇ ਸਹੁਰਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅਰਸ਼ਦੀਪ ਕੌਰ (26) ਵਾਸੀ ਭਦੌੜ ਦਾ ਵਿਆਹ ਢਾਈ ਮਹੀਨੇ ਪਹਿਲਾਂ ਬਠਿੰਡਾ ’ਚ ਬਾਬਾ ਫ਼ਰੀਦ ਨਗਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਲ ਹੋਇਆ ਸੀ। ਅਰਸ਼ਦੀਪ ਦੇ ਪਰਿਵਾਰ ਨੂੰ ਉਸ ਦੇ ਸਹੁਰਿਆਂ ਤੋਂ ਸੂਚਨਾ ਮਿਲੀ ਕਿ ਉਸ ਨੇ ਐਤਵਾਰ ਨੂੰ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਦੀ ਸੂਚਨਾ ਥਾਣਾ ਕੈਂਟ ਦੀ ਪੁਲੀਸ ਨੂੰ ਦਿੱਤੀ ਗਈ। ਇਸ ਮਗਰੋਂ ਯੂਥ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਵਾਲੰਟੀਅਰ ਯਾਦਵਿੰਦਰ ਕੰਗ, ਗੌਤਮ ਸ਼ਰਮਾ ਅਤੇ ਅਤੁਲ ਜੈਨ ਘਟਨਾ ਸਥਾਨ ’ਤੇ ਪੁੱਜੇ। ਇਸ ਦੌਰਾਨ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਅਰਸ਼ਦੀਪ ਦੇ ਸਹੁਰਾ ਪਰਿਵਾਰ ਵਾਲੇ ਦਾਜ ਲਈ ਤੰਗ ਕਰਦੇ ਸਨ ਅਤੇ ਦਾਜ ਨਾ ਦੇਣ ਕਾਰਨ ਉਨ੍ਹਾਂ ਨੇ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਪੁਲੀਸ ਨੇ ਅਜਮੇਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਰਸ਼ਦੀਪ ਕੌਰ ਦੇ ਪਤੀ ਬਲਵਿੰਦਰ ਸਿੰਘ, ਸਹੁਰਾ ਦਰਸ਼ਨ ਸਿੰਘ, ਸੱਸ ਬੰਤ ਕੌਰ ਵਾਸੀ ਬਾਬਾ ਫ਼ਰੀਦ ਨਗਰ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਸਥਾ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।