
ਬਠਿੰਡਾ-ਇਥੋਂ ਦੀ ਮਾਲ ਰੋਡ ’ਤੇ ਬੀਤੀ ਰਾਤ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਐੱਮਬੀਬੀਐੱਸ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਰਾਤ ਤਕਰੀਬਨ ਪੌਣੇ ਬਾਰਾਂ ਵਜੇ ਹਾਦਸਾ ਹੋਇਆ। ਨੌਜਵਾਨ ਵੈਲਫ਼ੇਅਰ ਅਤੇ ਸਹਾਰਾ ਵਰਕਰਾਂ ਨੇ ਦੱਸਿਆ ਕਿ ਕਾਲੇ ਰੰਗ ਦੀ ਕਾਰ ਵਿੱਚ 4 ਨੌਜਵਾਨ ਸਵਾਰ ਸਨ। ਤੇਜ਼ ਰਫਤਾਰ ਗੱਡੀ ਮਾਲ ਰੋਡ ਤੋਂ ਬੇਕਾਬੂ ਹੁੰਦੀ ਹੋਈ ਪਹਿਲਾਂ ਫੁੱਟਪਾਥ ’ਤੇ ਜਾ ਚੜੀ ਅਤੇ ਫੇਰ ਮਲਟੀ ਸਟੋਰੀ ਪਾਰਕਿੰਗ ਕੋਲ ਲੱਗੇ ਯੂਨੀਪੋਲ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਕਾਰ ਦੀ ਬਾਰੀ ਖੁੱਲਣ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ’ ਮੌਤ ਹੋ ਗਈ। ਜ਼ਖ਼ਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖ਼ੇ ਦਾਖਲ ਕਰਵਾਇਆ। ਸੜਕ ’ਤੇ ਡਿੱਗ ਕੇ ਮਰਨ ਵਾਲੇ ਵਿਦਿਆਰਥੀ ਦੀ ਸ਼ਨਾਖ਼ਤ ਰਾਜਨ ਜੱਸਲ (21) ਪੁੱਤਰ ਸੁਰਜੀਤ ਰਾਏ ਵਾਸੀ ਹਸ਼ਿਆਰਪੁਰ ਵਜੋਂ ਹੋਈ ਹੈ, ਜਦੋਂ ਇੱਕ ਹੋਰ ਵਿਦਿਆਰਥੀ ਦੀ ਮੌਤ ਹਸਪਤਾਲ ਵਿਖ਼ੇ ਹੋ ਗਈ।