
ਨਾਕੇਬੰਦੀ ਦੌਰਾਨ ਪੁਲੀਸ ’ਤੇ ਚਲਾਈਆਂ ਸਨ ਗੋਲੀਆਂ; ਡੀਆਈਜੀ ਨੇ ਗੈਂਗਸਟਰ ਬਾਰੇ ਕੀਤੇ ਕਈ ਖ਼ੁਲਾਸੇ * ਕਤਲ ਸਣੇ ਕਈ ਅਪਰਾਧਾਂ ’ਚ ਸ਼ਾਮਲ ਸੀ ਮੁਲਜ਼ਮ * ਗੈਂਗਸਟਰ ਨੂੰ ਪਨਾਹ ਦੇਣ ਵਾਲੇ ਵਿਰੁੱਧ ਵੀ ਪੁਲੀਸ ਨੇ ਕੇਸ ਦਰਜ ਕੀਤਾ
ਬਟਾਲਾ,(ਪੰਜਾਬੀ ਰਾਈਟਰ)- ਪੁਲੀਸ ਵੱਲੋਂ ਦੇਰ ਰਾਤ ਪਿੰਡ ਨੱਤ ਕੋਲ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਪੁਲੀਸ ਨੇ ਮਹਿਤਾ ਵਾਲੇ ਪਾਸਿਓਂ ਆਉਂਦੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਦੌੜਨ ਦੀ ਕੋਸ਼ਿਸ਼ ਵਿੱਚ ਡਿੱਗ ਗਿਆ। ਉਸ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪੁਲੀਸ ਮੁਲਜ਼ਮ ਜ਼ਖ਼ਮੀ ਹੋ ਗਿਆ। ਪੁਲੀਸ ਵੱਲੋਂ ਜਵਾਬੀ ਕਾਰਵਾਈ ਕੀਤੀ ਤਾਂ ਨੌਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਨੌਜਵਾਨ ਤੋਂ ਪਿਸਤੌਲ, 14 ਕਾਰਤੂਸ, 2 ਖੋਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ।
ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਬਟਾਲਾ ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਮਾਰੇ ਗਏ ਗੈਂਗਸਟਰ ਬਾਰੇ ਕਈ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰ ਰਣਜੀਤ ਸਿੰਘ ਉਰਫ਼ ਰਾਣਾ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਪ੍ਰਭ ਦਾਸੂਵਾਲ, ਡੋਨੀ ਸਠਿਆਲਾ, ਅਮਨ ਖੱਬੇ ਰਾਜਪੂਤਾਂ ਅਤੇ ਮਨ ਘਨਸ਼ਾਮਪੁਰ (ਗੋਪੀ ਘਨਘਾਸ਼ਪੁਰੀਆ) ਦੇ ਗੈਂਗ ਨਾਲ ਕੰਮ ਕਰਦਾ ਸੀ। ਉਹ ਪੈਸਿਆਂ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਅਪਰਾਧਕ ਕੰਮਾਂ ਲਈ ਆਪਣੇ ਗਰੁੱਪ ਵਿੱਚ ਸ਼ਾਮਲ ਕਰਵਾਉਂਦਾ ਸੀ। 12 ਜਨਵਰੀ ਨੂੰ ਤਰਨ ਤਾਰਨ ਦੇ ਪਿੰਡ ਹਰੀਕੇ ਵਿੱਚ ਆੜ੍ਹਤੀ ਰਾਮ ਗੋਪਾਲ ਦਾ ਕਤਲ ਕਰਨ ਲਈ ਸ਼ੂਟਰ ਉਸੇ ਨੇ ਹੀ ਮੁਹੱਈਆ ਕਰਵਾਏ ਸਨ, ਇਨ੍ਹਾਂ ’ਚ ਉਸ ਦੇ ਪਿੰਡ ਦਾ ਨੌਜਵਾਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਹ ਪਿੰਡ ਤਲਵੰਡੀ ਦੇ ਸਰਪੰਚ ਦੇ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਹੋਣ ਕਰ ਕੇ ਵੀ ਪੁਲੀਸ ਨੂੰ ਲੋੜੀਂਦਾ ਸੀ। ਇਸੇ ਤਰ੍ਹਾਂ ਉਸ ਖ਼ਿਲਾਫ਼ ਜਲੰਧਰ ਕਮਿਸ਼ਨਰੇਟ ਵਿੱਚ ਵੀ ਕੇਸ ਦਰਜ ਹੈ। ਡੀਆਈਜੀ ਨੇ ਦੱਸਿਆ ਕਿ ਉਸ ਦੀ ਪਛਾਣ ਰਣਜੀਤ ਸਿੰਘ ਉਰਫ਼ ਵਾਸੀ ਮਰੜ੍ਹੀ ਕਲਾਂ ਵਜੋਂ ਹੋਈ ਹੈ। ਡੀਆਈਜੀ ਨੇ ਦੱਸਿਆ ਕਿ ਉਹ ਨੌਜਵਾਨ ਬਟਾਲਾ ਵਿੱਚ ਜਿਸ ਵਿਅਕਤੀ ਦੇ ਘਰ ਠਹਿਰਦਾ ਸੀ ਉਸ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਵਿਸ਼ੇਸ਼ ਜਾਂਚ ਕਾਇਮ ਕਰ ਦਿੱਤੀ ਹੈ।
ਜੈਂਤੀਪੁਰੀਆ ਦੇ ਘਰ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਹਰਪ੍ਰੀਤ ਉਰਫ਼ ਹੈਪੀ ਪਾਸੀਆ ਨੇ ਲਈ
ਅੰਮ੍ਰਿਤਸਰ; ਇੱਥੇ ਬੀਤੀ ਦੇਰ ਸ਼ਾਮ ਪਿੰਡ ਜੈਂਤੀਪੁਰ ਵਿੱਚ ਸ਼ਰਾਬ ਕਾਰੋਬਾਰੀ ਅਮਨਦੀਪ ਜੈਂਤੀਪੁਰੀਆ ਦੇ ਘਰ ’ਤੇ ਹੋਏ ਹੈਂਡ ਗ੍ਰੇਨੇਡ ਹਮਲੇ ਦੇ ਦੋਸ਼ੀਆਂ ਬਾਰੇ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਗੈਂਗਸਟਰ ਬਣੇ ਅਤਿਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਹਮਲੇ ਵਿੱਚ ਵਰਤੀ ਗਈ ਵਿਸਫੋਟਕ ਸਮੱਗਰੀ ਦੀ ਕਿਸਮ ਬਾਰੇ ਸੈਂਪਲ ਫੋਰੈਂਸਿਕ ਲੈਬ ਵਿੱਚ ਭੇਜ ਦਿੱਤੇ ਗਏ ਹਨ ਅਤੇ ਇਸ ਦੀ ਰਿਪੋਰਟ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਈ ਸ਼ੱਕੀ ਵਿਅਕਤੀਆਂ ਨੂੰ ਜਾਂਚ ਦੇ ਘੇਰੇ ਵਿੱਚ ਲੈ ਕੇ ਪੁੱਛ ਪੜਤਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਤਿੰਨ ਵਿਅਕਤੀਆ ਨੇ ਜਲਣਸ਼ੀਲ ਸਮੱਗਰੀ ਸੁੱਟੀ ਸੀ ਜੋ ਆਰਡੀਐੱਕਸ ਨਹੀਂ ਸੀ। ਇਹ ਇੱਕ ਘੱਟ ਤੀਬਰਤਾ ਵਾਲਾ ਧਮਾਕਾ ਸੀ, ਜਿਸ ਦੇ ਨਾਲ ਘਰ ਦੇ ਬਗੀਚੇ ਵਿੱਚ ਸਿਰਫ ਪੌਦਿਆਂ ਨੂੰ ਹੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਸੁਰਾਗ ਮਿਲ ਸਕਣ। ਸਾਬਕਾ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਰਾਜਿੰਦਰ ਕੁਮਾਰ ਉਰਫ਼ ਪੱਪੂ ਜੈਂਤੀਪੁਰੀਆ ਦੇ ਪੁੱਤਰ ਅਮਨਦੀਪ ਜੈਂਤੀਪੁਰੀਆ ਦੇ ਘਰ ’ਤੇ ਕਥਿਤ ਹੈਂਡ ਗ੍ਰਨੇਡ ਹਮਲੇ ਦੇ ਕੁਝ ਘੰਟਿਆਂ ਬਾਅਦ ਗੈਂਗਸਟਰ ਬਣੇ ਅਤਿਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੇ ਸੋਸ਼ਲ ਮੀਡੀਆ ਹੈਂਡਲ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੱਪੂ ਜੈਂਤੀਪੁਰੀਆ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਪਰ ਬਾਅਦ ਵਿੱਚ ਕਾਂਗਰਸ ਪਾਰਟੀ ਵਿੱਚ ਚਲੇ ਗਏ। ਪਿਛਲੇ ਸਾਲ 7 ਨਵੰਬਰ ਨੂੰ ਉਸ ਦੀ ਮੌਤ ਹੋ ਗਈ ਸੀ।